ਸੰਗਰੂਰ (ਬੇਦੀ, ਯਾਦਵਿੰਦਰ, ਹਰਜਿੰਦਰ, ਵਿਵੇਕ ਸਿੰਧਵਾਨੀ)-ਵਿਧਾਨ ਸਭਾ ਹਲਕਾ ਸੰਗਰੂਰ ਦੇ ਪਿੰਡਾਂ ਨੂੰ ਵਿਕਾਸ ਪੱਖੋਂ ਨੰਬਰ ਇਕ ’ਤੇ ਲਿਆਉਣ ਲਈ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਖੁਦ ਪਿੰਡਾਂ ’ਚ ਲੋਕਾਂ ਦੇ ਦਰਾਂ ’ਤੇ ਜਾ ਕੇ ਸਮੱਸਿਆਵਾਂ ਨੂੰ ਦੂਰ ਕਰਨ ਦੀ ਨਿਵੇਕਲੀ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਤਹਿਤ ਉਹ ਪੈਦਲ ਪਿੰਡਾਂ ’ਚ ਜਾਣਗੇ ਅਤੇ ਸਰਕਾਰੀ ਯੋਜਨਾਵਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਲਈ ਹੁਣ ਤੱਕ ਕੀਤੇ ਗਏ ਉਪਰਾਲਿਆਂ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾ ਸਕਣ ਵਾਲੇ ਕਾਰਜਾਂ ’ਚ ਤੇਜ਼ੀ ਲਿਆਉਣ ਲਈ ਯੋਜਨਾਬੱਧ ਢੰਗ ਨਾਲ ਕਾਰਜ ਅਮਲ ’ਚ ਲਿਆਉਣਗੇ। ਆਉਂਦੀ 27 ਫਰਵਰੀ ਤੋਂ ਬਲਾਕ ਭਵਾਨੀਗਡ਼੍ਹ ਦੇ ਪਿੰਡਾਂ ਲਈ ਆਰੰਭੀ ਜਾਣ ਵਾਲੀ ਇਸ ਮੁਹਿੰਮ ਬਾਰੇ ਸਾਂਝ ਪਾਉਂਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿੰਡਾਂ ਦੀ ਕਾਇਆਕਲਪ ਲਈ ਲੋਕਾਂ ਨਾਲ ਸਿੱਧੇ ਤੌਰ ’ਤੇ ਰੂ-ਬਰੂ ਹੋਣਾ ਅਤੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਜਾਇਜ਼ਾ ਲੈਣਾ ਬੇਹੱਦ ਜ਼ਰੂਰੀ ਹੈ ਤਾਂ ਜੋ ਸਾਂਝੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾ ਸਕੇ । ਉਨ੍ਹਾਂ ਦੱਸਿਆ ਕਿ ਪਿੰਡਾਂ ਦੀਆਂ ਅੰਦਰੂਨੀ ਤੇ ਬਾਹਰੀ ਸਡ਼ਕਾਂ, ਐੱਸ.ਸੀ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ, ਪਿੰਡਾਂ ’ਚੋਂ ਗੰਦੇ ਪਾਣੀ ਦੇ ਨਿਕਾਸ ਲਈ ਛੱਪਡ਼ਾਂ ਦੀ ਸਫ਼ਾਈ, ਸ਼ਮਸ਼ਾਨਘਾਟਾਂ ਦੀ ਉਸਾਰੀ, ਸਾਫ਼-ਸਫ਼ਾਈ, ਚਾਰਦੀਵਾਰੀ ਅਤੇ ਲੋਡ਼ੀਂਦੀਆਂ ਸੁਵਿਧਾਵਾਂ ਦੀ ਉਪਲੱਬਧਤਾ, ਪੀਣ ਲਈ ਸਾਫ਼ ਪਾਣੀ, ਸਿੱਖਿਆ, ਸਿਹਤ, ਖੇਡਾਂ ਸਮੇਤ ਹਰ ਉਸ ਲੋਡ਼ ਨੂੰ ਸਮੀਖਿਆ ਦੇ ਦਾਇਰੇ ਅਧੀਨ ਲਿਆਂਦਾ ਜਾਵੇਗਾ ਜੋ ਕਿ ਪੇਂਡੂ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਇਸ ਪੈਦਲ ਯਾਤਰਾ ਦੌਰਾਨ ਹਰੇਕ ਪਿੰਡ ’ਚ ਪੰਜਾਬ ਸਰਕਾਰ ਦੀਆਂ ਮਹੱਤਵਪੂਰਨ ਯੋਜਨਾਵਾਂ ਕਿਸਾਨ ਕਰਜ਼ਾ ਮੁਆਫ਼ੀ, ਘਰ-ਘਰ ਰੋਜ਼ਗਾਰ, ਸਮਾਰਟ ਪਿੰਡ ਮੁਹਿੰਮ, ਡੇਪੋ, ਸਮਾਰਟ ਕਾਰਡ ਯੋਜਨਾ, ਤੰਦਰੁਸਤ ਪੰਜਾਬ ਮਿਸ਼ਨ ਆਦਿ ਨੂੰ ਲਾਗੂ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਵੀ ਘੋਖ ਕੀਤੀ ਜਾਵੇਗੀ ਤਾਂ ਜੋ ਕੋਈ ਵੀ ਪਿੰਡ ਵਾਸੀ ਨੇਡ਼ ਭਵਿੱਖ ’ਚ ਇਨ੍ਹਾਂ ਯੋਜਨਾਵਾਂ ਦਾ ਲਾਭ ਹਾਸਲ ਕਰਨ ਤੋਂ ਵਾਂਝਾ ਨਾ ਰਹੇ। ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿੰਡਾਂ ਦੇ ਵਿਕਾਸ ਹਿੱਤ ਗ੍ਰਾਮ ਪੰਚਾਇਤਾਂ ਨੂੰ ਗ੍ਰਾਂਟਾਂ ਦੇ ਚੈੱਕ ਦਿੱਤੇ ਜਾਣਗੇ ਅਤੇ ਸ਼ੁਰੂਆਤੀ ਤੌਰ ’ਤੇ ਤਿੰਨ ਦਿਨ ਬਲਾਕ ਭਵਾਨੀਗਡ਼੍ਹ ਦੇ ਤਿੰਨ ਦਰਜਨ ਤੋਂ ਵਧੇਰੇ ਪਿੰਡਾਂ ’ਚ ਨਾ ਸਿਰਫ ਦੌਰਾ ਕਰ ਕੇ ਜਾਇਜ਼ਾ ਲੈਣਗੇ ਬਲਕਿ ਰਾਤ ਨੂੰ ਵੀ ਪਿੰਡਾਂ ’ਚ ਹੀ ਰੁਕਣਗੇ। ਇਸ ਮੌਕੇ 27 ਫਰਵਰੀ ਦੇ ਪੈਦਲ ਯਾਤਰਾ ਰੂਟ ਪਲਾਨ ਬਾਰੇ ਜਾਣਕਾਰੀ ਦਿੰਦਿਆਂ ਸਿੰਗਲਾ ਨੇ ਦੱਸਿਆ ਕਿ ਮੁਹਿੰਮ ਦੇ ਆਗਾਜ਼ ਤਹਿਤ ਚੰਨੋ, ਪਿੰਡ ਲੱਖੇਵਾਲ, ਪਿੰਡ ਸ਼ਾਹਪੁਰ, ਪਿੰਡ ਭਡ਼ੋ, ਪਿੰਡ ਡੇਹਲੇਵਾਲ, ਪਿੰਡ ਬਿੰਬਡ਼ੀ ਅਤੇ ਪਿੰਡ ਫੰਮਣਵਾਲ ਦਾ ਦੌਰਾ ਕਰਨਗੇ। ਉਨ੍ਹਾਂ ਦੱਸਿਆ ਕਿ ਬਾਅਦ ਦੁਪਹਿਰ ਪਿੰਡ ਨਦਾਮਪੁਰ ਅਤੇ ਉਸ ਉਪਰੰਤ ਪਿੰਡ ਮੱਟਰਾਂ ਅਤੇ ਪਿੰਡ ਥੰਮਣ ਸਿੰਘ ਵਾਲਾ ਵਿਖੇ ਦੌਰਾ ਕਰਨ ਤੋਂ ਬਾਅਦ ਰਾਤ ਵੀ ਪਿੰਡ ਥੰਮਣ ਸਿੰਘ ਵਾਲਾ ਵਿਖੇ ਰੁਕਣਗੇ ਅਤੇ ਅਗਲੀ ਸਵੇਰ ਹੋਰਨਾਂ ਪਿੰਡਾਂ ਲਈ ਰਵਾਨਾ ਹੋਣਗੇ।
ਵਿਦਿਆਰਥੀ ਨੂੰ ਮਿਲਿਆ ਵਜ਼ੀਫਾ
NEXT STORY