ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਸਿਵਲ ਸਰਵਿਸ ਦੀ ਪ੍ਰੀਖਿਆ ਵਿਚੋਂ 80ਵਾਂ ਰੈਂਕ ਹਾਸਲ ਕਰਨ ਵਾਲੇ ਕਸਬਾ ਭਦੌਡ਼ ਵਾਸੀ ਅਤੇ ਸਮਾਜ ਸੇਵੀ ਵਿਪਨ ਗੁਪਤਾ ਦੀ ਧੀ ਖੁਸ਼ਬੂ ਗੁਪਤਾ ਅਤੇ ਉਨ੍ਹਾਂ ਦੇ ਭਾਣਜੇ ਗੌਤਮ ਗੋਇਲ ਦਾ ਭਦੌਡ਼ ਪੁੱਜਣ ’ਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਹਰ ਕੋਈ ਦੋਵਾਂ ਦੀ ਝਲਕ ਦੇਖਣ ਨੂੰ ਬੇਤਾਬ ਸੀ ਕਿ ਭਦੌਡ਼ ਕਸਬੇ ਦੀ ਲਡ਼ਕੀ ਅਤੇ ਭਦੌਡ਼ ਕਸਬੇ ਦੇ ਭਾਣਜੇ ਗੌਤਮ ਗੋਇਲ ਨੇ ਇਕੱਠਿਆਂ ਹੀ ਆਈ. ਏ .ਐੱਸ. ਅਤੇ ਆਈ. ਪੀ. ਐੱਸ ਅਫਸਰ ਬਣ ਕੇ ਜਿਥੇ ਨਵੀਆਂ ਬੁਲੰਦੀਆਂ ਨੂੰ ਛੂਹਿਆ ਹੈ, ਉਥੇ ਛੋਟੇ ਜਿਹੇ ਕਸਬੇ ਭਦੌਡ਼ ਦਾ ਨਾਂ ਵੀ ਭਾਰਤ ਦੇ ਨਕਸ਼ੇ ’ਤੇ ਪ੍ਰਸਿੱਧ ਕੀਤਾ ਹੈ। ‘ਜਗ ਬਾਣੀ’ ਟੀਮ ਵੱਲੋਂ ਇਸ ਮੌਕੇ ਦੋਵਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ ਜੀਵਨ ਦੀਆਂ ਗੱਲਾਂ ਖੁੱਲ੍ਹ ਕੇ ਸਾਹਮਣੇ ਰੱਖੀਆਂ। ਪਹਿਲਾਂ ਭਦੌਡ਼ ਦੀ ਧੀ ਖੁਸ਼ਬੂ ਗੁਪਤਾ ਨੇ ‘ਜਗ ਬਾਣੀ’ ਨਾਲ ਗੱਲਬਾਤ ਕੀਤੀ। ਪ੍ਰਸ਼ਨ– ਤੁਸੀਂ ਆਪਣੀ ਸਿੱîਖਿਆ ਕਿੱਥੋਂ ਪ੍ਰਾਪਤ ਕੀਤੀ? ਉੱਤਰ– ਮੈਂ ਆਪਣੀ ਮੁੱਢਲੀ ਸਿੱਖਿਆ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌਡ਼ ਤੋਂ ਪ੍ਰਾਪਤ ਕੀਤੀ। ਇਸ ਦੌਰਾਨ ਮੈਂ ਕੋਚਿੰਗ ਲੈਣ ਲਈ ਹਿਸਾਰ ਚਲੀ ਗਈ ਅਤੇ ਮੇਰੀ ਆਈ. ਆਈ. ਟੀ. ਦੀ ਪ੍ਰੀਖਿਆ ਕਲੀਅਰ ਹੋ ਗਈ ਅਤੇ ਫਿਰ ਮੈਂ ਆਪਣੀ ਭੂਆ ਅਤੇ ਫੁੱਫਡ਼ ਕੋਲ ਰਹਿ ਕੇ ਕੰਪਿਊਟਰ ਸਾਇੰਸ ਅਤੇ ਐੱਮ. ਟੈੱਕ ਦੀ ਸਿੱਖਿਆ ਦਿੱਲੀ ਤੋਂ ਪ੍ਰਾਪਤ ਕੀਤੀ। ਪ੍ਰਸ਼ਨ- ਤੁਸੀਂ ਆਈ. ਏ. ਐੱਸ. ਅਫਸਰ ਬਣਨ ਦਾ ਸੁਪਨਾ ਕਿਵੇਂ ਲਿਆ? ਉੱਤਰ– ਪਡ਼੍ਹਾਈ ਕਰਨ ਮਗਰੋਂ ਮੈਂ ਨੌਕਰੀ ਕਰਨ ਲੱਗੀ ਸੀ। ਮੈਂ ਸੋਚਿਆ ਮੈਂ ਨੌਕਰੀ ਤਾਂ ਕਰ ਹੀ ਰਹੀ ਹਾਂ। ਮੈਨੂੰ ਆਪਣੀ ਪਡ਼੍ਹਾਈ ਵਿਚੋਂ ਕਿਹਡ਼ੀ ਆਪਸ਼ਨ ਚੁਣਨੀ ਚਾਹੀਦੀ ਹੈ ਤਾਂ ਮੇਰੇ ਪਰਿਵਾਰ ਨੇ ਖਾਸ ਕਰਕੇ ਮੇਰੇ ਪਾਪਾ ਨੇ ਮੈਨੂੰ ਕਿਹਾ ਕਿ ਤੈਨੂੰ ਜੋ ਆਪਸ਼ਨ ਚੰਗੀ ਲਗਦੀ ਹੈ, ਨੂੰ ਚੁਣ ਲਵੋ। ਮੇਰੇ ਕੋਲ ਪੀ. ਐੱਚ. ਡੀ., ਐੱਮ. ਐੱਸ. ਸੀ. ਕਰਨ ਦੀ ਆਪਸ਼ਨ ਸੀ, ਤੀਸਰੀ ਆਪਸ਼ਨ ਆਈ. ਏ. ਐੱਸ ਅਫਸਰ ਬਣਨ ਦੀ ਸੀ। ਮੈਂ ਆਈ ਏ. ਐੱਸ. ਅਫਸਰ ਬਣਨ ਦੀ ਆਪਸ਼ਨ ਨੂੰ ਚੁਣਿਆ। ਪ੍ਰਸ਼ਨ- ਤੁਹਾਨੂੰ ਲਡ਼ਕੀ ਹੋਣ ਦੇ ਬਾਵਜੂਦ ਪਰਿਵਾਰ ਵਲੋਂ ਕਿਸ ਤਰ੍ਹਾਂ ਦੀ ਸਪੋਰਟ ਮਿਲੀ? ਉਤਰ– ਮੈਨੂੰ ਪਰਿਵਾਰ ਵਲੋਂ ਤਾਂ ਬਹੁਤ ਹੀ ਜ਼ਿਆਦਾ ਸਪੋਰਟ ਮਿਲੀ। ਮੈਨੂੰ ਆਪਣੇ ਭਰਾ ਤੋਂ ਵਧ ਕੇ ਪਿਆਰ ਮਿਲਦਾ ਸੀ ਪਰ ਸੋਸਾਇਟੀ ਦੀ ਨਜ਼ਰ ਵਿਚ ਓਨਾ ਪਿਆਰ ਨਹੀਂ ਮਿਲਿਆ। ਸੋਸਾਇਟੀ ਵਿਚ ਅਜੇ ਵੀ ਲਡ਼ਕੀਆਂ ਨੂੰ ਬਰਾਬਰ ਦਾ ਦਰਜਾ ਨਹੀਂ ਮਿਲਿਆ ਪਰ ਹੌਲੀ-ਹੌਲੀ ਸਮਾਜ ਵਿਚ ਵੀ ਲਡ਼ਕੀਆਂ ਪ੍ਰਤੀ ਸੋਚ ਬਦਲ ਰਹੀ ਹੈ। ਪ੍ਰਸ਼ਨ– ਤੁਸੀਂ ਆਈ. ਏ. ਐੱਸ. ਦੀ ਤਿਆਰੀ ਕੋਚਿੰਗ ਲੈ ਕੇ ਕੀਤੀ ਜਾਂ ਸੈਲਫ ਸਟੱੱਡੀ ਨਾਲ? ਉਤਰ– ਸ਼ੁਰੂ ਵਿਚ ਤਾਂ ਮੈਂ 2-3 ਮਹੀਨੇ ਕੋਚਿੰਗ ਲਈ ਸੀ ਪਰ ਕਾਲਜ ਵੀ ਜਾਣਾ ਹੁੰਦਾ ਸੀ, ਇਸ ਲਈ ਟਿਊਸ਼ਨ ਜਾਣਾ ਮੁਸ਼ਕਲ ਹੁੰਦਾ ਸੀ। ਪਡ਼੍ਹਾਈ ਕਰਨ ਲਈ ਤੁਹਾਨੂੰ ਹਰ ਰੋਜ਼ ਇਕੋ ਜਿੰਨਾ ਸਮਾਂ ਪਡ਼੍ਹਣਾ ਹੁੰਦਾ ਹੈ। ਤੁਸੀਂ ਇਸ ਤਰ੍ਹਾਂ ਨਹੀ ਕਰ ਸਕਦੇ ਕਿ ਇਕ ਦਿਨ ਤੁਸੀਂ 17 ਘੰਟੇ ਪਡ਼੍ਹੋ ਅਤੇ ਦੂਸਰੇ ਦਿਨ ਤਿੰਨ ਘੰਟੇ। ਇਸ ਲਈ ਮੈਂ ਰੋਜ਼ਾਨਾ 10-12 ਘੰਟੇ ਪਡ਼੍ਹਦੀ ਸੀ ਅਤੇ ਬਾਕੀ ਦਾ ਸਮਾਂ ਸੈਲਫ ਸਟੱਡੀ ਕਰ ਕੇ ਆਪਣੀ ਪਡ਼੍ਹਾਈ ਪੂਰੀ ਕੀਤੀ। ਪ੍ਰਸ਼ਨ– ਭਦੌਡ਼ ਵਰਗੇ ਕਸਬੇ ਤੋਂ ਉਠ ਕੇ ਕੀ ਤੁਹਾਨੂੰ ਲਗਦਾ ਸੀ ਕਿ ਤੁਸੀਂ ਆਈ ਏ. ਐੱਸ. ਅਫਸਰ ਬਣ ਜਾਵੋਗੇ? ਉੱਤਰ-ਬਿਲਕੁਲ ਵੀ ਨਹੀਂ, ਇਹ ਤਾਂ ਮੈਨੂੰ ਸੁਪਨੇ ਜਿਹਾ ਹੀ ਲਗਦਾ ਸੀ। ਜਦੋਂ ਮੇਰਾ 80ਵਾਂ ਰੈਂਕ ਆਇਆ ਤਾਂ ਮੈਨੂੰ ਫਿਰ ਵੀ ਯਕੀਨ ਨਹੀਂ ਹੋਇਆ ਕਿ ਲੱਗ ਰਿਹਾ ਸੀ ਕਿ ਇਹ ਮੇਰਾ ਸੁਪਨਾ ਹੈ ਜੋ ਟੁੱਟ ਜਾਵੇਗਾ। ਸਾਰੀ ਰਾਤ ਨੀਂਦ ਨਹੀਂ ਆਈ ਪਰ ਦੂਸਰੇ ਦਿਨ ਲੱਗਿਆ ਕਿ ਇਹੀ ਸੱਚਾਈ ਹੈ। ਹੁਣ ਮੈਨੂੰ ਲੱਗਦਾ ਹੈ ਕਿ ਕੋਈ ਵੀ ਵਿਅਕਤੀ ਕਿਤੋਂ ਵੀ ਉਠ ਕੇ ਮੰਜ਼ਿਲ ਹਾਸਲ ਕਰ ਸਕਦਾ ਹੈ। ਪ੍ਰਸ਼ਨ– ਆਈ. ਏ. ਐੱਸ. ਅਫਸਰ ਬਣ ਕੇ ਤੁਸੀਂ ਲਡ਼ਕੀਆਂ ਲਈ ਕੀ ਕਰਨਾ ਚਾਹੋਗੇ? ਉੱਤਰ–ਲਡ਼ਕੀਆਂ ਲਈ ਮੈਂ ਉਨ੍ਹਾਂ ਦੀ ਸਿਹਤ ਅਤੇ ਸਿੱਖਿਆ ਪ੍ਰਤੀ ਵਿਸ਼ੇਸ਼ ਧਿਆਨ ਦੇਵਾਂਗੀ। ਸਿਰਫ ਕਹਿਣ ਵਾਲੀਆਂ ਗੱਲਾਂ ਨਾ ਹੋਣ। ਲਡ਼ਕੀਆਂ ਨੂੰ ਸਮਾਜ ਵਿਚ ਇਕੋ ਜਿਹਾ ਮਾਣ ਮਿਲੇ। ਲਡ਼ਕੇ ਲਡ਼ਕੀ ਵਿਚ ਕੋਈ ਫਰਕ ਨਾ ਹੋਵੇ। ਪ੍ਰਸ਼ਨ– ਜੋ ਲਡ਼ਕੀਆਂ ਪਿੰਡਾਂ ’ਚ ਪਡ਼੍ਹ ਰਹੀਆਂ ਹਨ, ਉਨ੍ਹਾਂ ਲਈ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ? ਉੱਤਰ–ਵਿਦਿਆਰਥੀਆਂ ਨੂੰ ਆਪਣੀ ਮਿਹਨਤ ਵੱਲ ਧਿਆਨ ਦੇਣਾ ਚਾਹੀਦਾ ਹੈ। ਬਾਕੀ ਸਾਰੀਆਂ ਗੱਲਾਂ ਵੱਲ ਧਿਆਨ ਨਾ ਦੇਵੋ । ਆਈ. ਪੀ. ਐੱਸ. ਬਣੇ ਗੌਤਮ ਗੋਇਲ ਨਾਲ ਗੱਲਬਾਤ ਦੇ ਅੰਸ਼ ਪ੍ਰਸ਼ਨ– ਤੁਸੀਂ ਆਪਣੀ ਸਿੱਖਿਆ ਕਿਥੋਂ ਗ੍ਰਹਿਣ ਕੀਤੀ? ਉੱਤਰ– ਮੈਂ ਆਪਣੀ ਮੁੱਢਲੀ ਸਿੱਖਿਆ ਬੀਟਸ ਪਿਲਾਨੀ ਰਾਜਸਥਾਨ ਤੋਂ ਪ੍ਰਾਪਤ ਕੀਤੀ। ਗ੍ਰੈਜੂਏਸ਼ਨ ਕੰਪਿਊਟਰ ਸਾਇੰਸ ਵਿਚ ਕੀਤੀ ਅਤੇ ਪੋਸਟ ਗ੍ਰੈਜੂਏਸ਼ਨ ਫਿਜ਼ਿਕਸ ਵਿਚ ਕੀਤੀ। ਇਸ ਤੋਂ ਬਾਅਦ ਮੈਂ ਨੋਇਡਾ ਵਿਚ ਪ੍ਰਾਈਵੇਟ ਨੌਕਰੀ ਵੀ ਕੀਤੀ। ਫਿਰ ਮੈਂ ਸਿਵਲ ਸਰਵਿਸ ਦੀ ਪ੍ਰੀਖਿਆ ਕੀਤੀ ਪਰ ਮੈਂ ਸਿਵਲ ਸਰਵਿਸ ਵਿਚ ਨਹੀਂ ਜਾ ਸਕਿਆ ਪਰ ਇੰਡੀਅਨ ਫੋਰਸਿਸ ਸਰਵਿਸ ਵਿਚ ਮੇਰੀ ਸਿਲੈਸ਼ਨ ਹੋ ਗਈ। ਹੁਣ ਵੀ ਮੈਂ ਉਸੇ ਵਿਚ ਨੌਕਰੀ ਕਰ ਰਿਹਾ ਹਾਂ। ਦੂਸਰੀ ਵਾਰ ਮੈਂ ਸਿਵਲ ਸਰਵਿਸ ਦੀ ਪ੍ਰੀਖਿਆ ਦਿੱਤੀ ਅਤੇ 243ਵਾਂ ਰੈਂਕ ਹਾਸਲ ਕੀਤਾ। ਪ੍ਰਸ਼ਨ– ਆਮ ਤੌਰ ’ਤੇ ਦੇਖਣ ਵਿਚ ਆਉਂਦਾ ਹੈ ਕਿ ਲੋਕ ਸਿਵਲ ਸਰਵਿਸ ਨੂੰ ਛੱਡ ਕੇ ਐੱਮ. ਐੱਨ. ਐੱਸ. ਸੀ. ਵੱਲ ਜਾਂਦੇ ਹਨ ਪਰ ਤੁਸੀਂ ਸਿਵਲ ਸਰਵਿਸ ਵੱਲ ਆਏ ਹੋ? ਉੱਤਰ – ਆਮ ਤੌਰ ’ਤੇ ਸਿਵਲ ਸਰਵਿਸ ਵਿਚ ਲੋਕਾਂ ਦੀ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ। ਇਸ ਲਈ ਹੀ ਲੋਕ ਸਿਵਲ ਸਰਵਿਸ ਨੂੰ ਛੱਡ ਕੇ ਐੱਮ. ਐੱਨ. ਐੱਸ. ਸੀ. ਵੱਲ ਜਾਂਦੇ ਹਨ ਪਰ ਮੇਰੇ ਪਾਪਾ ਖੁਦ ਸਿਵਲ ਸਰਵਿਸ ਵਿਚ ਹਨ, ਇਸ ਲਈ ਸਾਡੀਆਂ ਜ਼ਰੂਰਤਾਂ ਲਿਮਟਡ ਹਨ। ਮੈਨੂੰ ਐੱਮ. ਐੱਨ. ਐੱਸ. ਸੀ. ’ਚ ਰਹਿ ਕੇ ਇਹ ਲੱਗਦਾ ਸੀ ਕਿ ਮੈਂ ਲੋਕਾਂ ਲਈ ਕੁਝ ਨਹੀਂ ਕਰ ਰਿਹਾ ਸਿਰਫ ਆਪਣੇ ਲਈ ਕਰ ਰਿਹਾ ਹਾਂ। ਇਸ ਲਈ ਮੈਂ ਸਿਵਲ ਵੱਲ ਆਇਆ ਹਾਂ। ਪ੍ਰਸ਼ਨ– ਤੁਹਾਨੂੰ ਆਈ. ਏ. ਐੱਸ. ਜਾਂ ਆਈ. ਪੀ. ਐੱਸ. ਅਫਸਰ ਬਣਨ ਲਈ ਮੋਟੀਵੇਸ਼ਨ ਕਿਥੋਂ ਮਿਲੀ? ਉੱਤਰ– ਸਭ ਤੋਂ ਪਹਿਲਾਂ ਆਪਣੇ ਪਾਪਾ ਤੋਂ, ਫਿਰ ਮੰਮੀ, ਕਜ਼ਨ ਬਰਦਰ, ਮਾਮਾ-ਮਾਮੀ। ਇਨ੍ਹਾਂ ਸਾਰਿਆਂ ਨੇ ਮੈਨੂੰ ਆਈ. ਪੀ. ਐੱਸ ਅਫਸਰ ਬਣਨ ਲਈ ਯੋਗਦਾਨ ਦਿੱਤਾ। ਇਨ੍ਹਾਂ ਦੇ ਮੋਟੀਵੇਸ਼ਨ ਕਾਰਨ ਹੀ ਮੈਂ ਆਈ. ਪੀ. ਐੱਸ ਅਫਸਰ ਬਣ ਸਕਿਆ। ਪ੍ਰਸ਼ਨ–ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰਨ ਲਈ ਤੁਸੀਂ ਕਿੰਨੇ ਘੰਟੇ ਪਡ਼੍ਹਦੇ ਸੀ? ਉੱਤਰ–ਮੈਂ ਰੋਜ਼ਾਨਾ 12 ਤੋਂ 14 ਘੰਟੇ ਪਡ਼੍ਹਾਈ ਕਰਦਾ ਸੀ। ਪ੍ਰਸ਼ਨ – ਤੁਸੀਂ ਕੋਚਿੰਗ ਲਈ ਜਾਂ ਸੈਲਫ ਸਟੱਡੀ ਕੀਤੀ? ਉੱਤਰ–ਪਹਿਲਾਂ ਮੈਂ 2-3 ਮਹੀਨੇ ਕੋਚਿੰਗ ਲਈ ਪਰ ਮੈਨੂੰ ਇੰਜ ਲੱਗਾ ਕਿ ਕੋਚਿੰਗ ਲੈ ਕੇ ਤਾਂ ਸਿਰਫ ਗਾਈਡੈਂਸ ਮਿਲਦੀ ਹੈ ਪਰ ਸੈਲਫ ਸਟੱਡੀ ਜ਼ਿਆਦਾ ਸਹਾਇਤਾ ਕਰਦੀ ਹੈ। ਇਸ ਲਈ ਮੈਂ ਸੈਲਫ ਸਟੱਡੀ ਹੀ ਕੀਤੀ। ਪ੍ਰਸ਼ਨ– ਆਈ. ਪੀ. ਐੱਸ. ਅਫਸਰ ਬਣ ਕੇ ਤੁਹਾਡਾ ਮੇਨ ਮੋਟਿਵ ਕੀ ਰਹੇਗਾ? ਉਤਰ–ਮੇਰਾ ਮੇਨ ਮੋਟਿਵ ਲੋਕਾਂ ਦੀ ਸੁਰੱਖਿਆ, ਔਰਤਾਂ ਦੀ ਸੁਰੱਖਿਆ, ਬਾਰਡਰ ਦੀ ਸਕਿਓਰਿਟੀ, ਲੋਕਾਂ ਨਾਲ ਪੁਲਸ ਦਾ ਮਿੱਤਰਾਂ ਵਾਲਾ ਵਿਵਹਾਰ ਹੋਵੇ। ਇਹੀ ਮੇਰਾ ਮੋਟਿਵ ਰਹੇਗਾ। ਪ੍ਰਸ਼ਨ–ਆਈ. ਪੀ. ਐੱਸ ਅਤੇ ਆਈ. ਏ. ਐੱਸ. ਅਫਸਰ ਦੀ ਪੋਸਟਿੰਗ ’ਚ ਰਾਜਨੀਤਕ ਲੋਕਾਂ ਦਾ ਦਖਲ ਵਧ ਗਿਆ ਹੈ ਅਤੇ ਦੇਖਣ ਵਿਚ ਆਉਂਦਾ ਹੈ ਕਿ ਜਿਸ ਦਾ ਕੋਈ ਗਾਡ ਫਾਦਰ ਹੈ, ਉਸ ਨੂੰ ਚੰਗੀ ਪੋਸਟਿੰਗ ਮਿਲਦੀ ਹੈ। ਉੱਤਰ–ਰਾਜਨੀਤਕ ਦਬਾਅ ਕੁਝ ਸਮੇਂ ਲਈ ਹੀ ਰਹਿੰਦਾ ਹੈ। ਰਾਜਨੀਤਕ ਲੋਕ ਲੋਕਾਂ ਪ੍ਰਤੀ ਜਵਾਬਦੇਹ ਹੁੰਦੇ ਹਨ। ਸਿਵਲ ਸਰਵਿਸ ਵਾਲੇ ਨਹੀਂ। ਤੁਹਾਨੂੰ ਪਨਿਸ਼ਮੈਂਟ ਦੇ ਤੌਰ ’ਤੇ ਤੁਹਾਡੀ ਬਦਲੀ ਵੀ ਹੋ ਜਾਂਦੀ ਹੈ ਪਰ ਮੈਂ ਇਸ ਨੂੰ ਪਾਜ਼ੇਟਿਵ ਨਜ਼ਰੀਏ ਨਾਲ ਲੈਂਦਾ ਹਾਂ। ਜੇਕਰ ਕੁਝ ਦਬਾਅ ਬਣੇਗਾ ਤਾਂ ਸਿਵਲ ਸਰਵਿਸ ਵਾਲੇ ਆਪਣਾ ਕੰਮ ਚੰਗੀ ਤਰ੍ਹਾਂ ਕਰਨਗੇ। ਪ੍ਰਸ਼ਨ-ਆਈ. ਏ .ਐੱਸ. ਅਫਸਰਾਂ ’ਚੋਂ ਤੁਹਾਡੇ ਆਈਡਲ ਕੌਣ ਹਨ? ਉੱਤਰ- ਕਿਰਨ ਬੇਦੀ ਅਤੇ ਮੇਰੇ ਸੀਨੀਅਰ ਵਿਨੈ ਪ੍ਰਤਾਪ ਜੋ ਕਿ ਇਸ ਸਮੇਂ ਡੀ. ਸੀ. ਕਰਨਾਲ ਹਨ। ਹੋਰ ਵੀ ਕਈ ਅਫਸਰ ਹਨ। ਪ੍ਰਸ਼ਨ– ਆਉਣ ਵਾਲੇ ਵਿਦਿਆਰਥੀਆਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ? ਉੱਤਰ- ਦੇਸ਼ ਦੀ ਸੇਵਾ ਬਹੁਤ ਢੰਗਾਂ ਨਾਲ ਕੀਤੀ ਜਾ ਸਕਦੀ ਹੈ। ਤੁਸੀਂ ਆਪਣਾ ਧਿਆਨ ਮੋਬਾਇਲ ਤੋਂ, ਮੋਟਰਸਾਈਕਲ ਅਤੇ ਕਾਰਾਂ ਤੋਂ ਹਟਾ ਕੇ ਕਿਤਾਬਾਂ ਵੱਲ ਲਾਓ ਕਿਉਂਕਿ ਇਨ੍ਹਾਂ ਨੇ ਤੁਹਾਨੂੰ ਗਿਆਨ ਦੇਣਾ ਹੈ ਜੋ ਕਿ ਸਾਰੀ ਉਮਰ ਰਹੇਗਾ। ਕਾਰਾਂ ਅਤੇ ਮੋਟਰਸਾਈਕਲ ਤਾਂ ਕੁਝ ਹੀ ਸਮਾਂ ਰਹਿਣਗੀਆਂ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਡੇਰਾ ਪ੍ਰੇਮੀਆਂ ਨੇ ਕੀਤਾ ਸ਼ਕਤੀ ਪ੍ਰਦਰਸ਼ਨ
NEXT STORY