ਸੰਗਰੂਰ (ਰਾਜੇਸ਼ ਕੋਹਲੀ) : ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਅਤੇ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਵਿਚਾਲੇ ਆਪਸੀ ਤਕਰਾਰ ਵਧਦੀ ਜਾ ਰਹੀ ਹੈ। ਕੇਵਲ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਰੈਲੀਆਂ ਵਿਚ ਸਵਾਲ ਪੁੱਛਣ ਵਾਲੇ ਨੌਜਵਾਨ ਭਗਵੰਤ ਮਾਨ ਵੱਲੋਂ ਭੇਜੇ ਗਏ ਹੁੰਦੇ ਹਨ। ਢਿੱਲੋਂ ਦਾ ਕਹਿਣਾ ਹੈ ਕਿ ਮਾਨ ਬੌਖਲਾ ਗਏ ਹਨ ਤੇ ਅਜਿਹੀਆਂ ਹਰਕਤਾਂ ਕਰ ਰਹੇ ਹਨ ਪਰ ਸਾਨੂੰ ਪਰਵਾਹ ਨਹੀਂ ਲੋਕ ਸਾਡੇ ਨਾਲ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਵਾਲ ਕਰਨ ਵਾਲੇ ਨੌਜਵਾਨ ਨਸ਼ੇ ਵਿਚ ਹੁੰਦੇ ਹਨ।
ਉਥੇ ਹੀ ਭਗਵੰਤ ਮਾਨ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਨੌਜਵਾਨ ਸਪੌਂਸਰ ਕੀਤੇ ਨਹੀਂ ਹੁੰਦੇ ਪਰ ਉਹ ਪਿਛਲੇ 5 ਸਾਲਾਂ ਤੋਂ ਲੋਕਾਂ ਨੂੰ ਇਹੋ ਕਹਿੰਦੇ ਆਏ ਹਨ ਕਿ ਜੋ ਵੀ ਨੇਤਾ ਪਿੰਡ ਵਿਚ ਆਉਂਦਾ ਹੈ, ਉਸ ਤੋਂ ਸਵਾਲ ਪੁੱਛੋ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਲੋਕ ਸਵਾਲ ਕਰਨ ਲੱਗੇ ਹਨ। ਮਾਨ ਨੇ ਕਿਹਾ ਕਿ ਜੇਕਰ ਲੋਕ ਉਨ੍ਹਾਂ ਤੋਂ ਵੀ ਸਵਾਲ ਪੁੱਛਣਗੇ ਤਾਂ ਉਹ ਆਪਣਾ ਰਿਪੋਰਟ ਕਾਰਡ ਉਨ੍ਹਾਂ ਸਾਹਮਣੇ ਪੇਸ਼ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਸਾਲ 2017 ਵਿਚ ਕਾਂਗਰਸ ਨੇ ਪੰਜਾਬ ਵਿਚ ਸਰਕਾਰ ਬਣਾਉਣ ਲਈ ਜੋ ਵਾਅਦੇ ਕੀਤੇ ਸਨ ਉਹ ਅਜੇ ਤੱਕ ਪੂਰੇ ਨਹੀਂ ਕੀਤੇ ਗਏ ਹਨ। ਉਥੇ ਹੀ ਕੇਵਲ ਢਿੱਲੋਂ ਨੇ ਦਾਅਵਾ ਕੀਤਾ ਹੈ ਕਿ ਕੈਪਟਨ ਸਰਕਾਰ ਕਿਸਾਨਾਂ ਦਾ 5,000 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਮੁਆਫ਼ ਕਰ ਚੁੱਕੀ ਹੈ ਤੇ ਸਾਢੇ ਛੇ ਲੱਖ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ।
ਜਲੰਧਰ: ਗੱਡੀ ਖੜ੍ਹੀ ਕਰਨ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਇਆ ਝਗੜਾ
NEXT STORY