ਸੰਗਰੂਰ(ਪ੍ਰਿੰਸ)— 'ਆਪ' ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ ਨੂੰ ਐੱਸ.ਆਈ.ਟੀ. ਵੱਲੋਂ ਗ੍ਰਿਫਤਾਰ ਕੀਤੇ ਜਾਣ ਦੇ ਮਾਮਲੇ 'ਤੇ ਬੋਲਦੇ ਹੋਏ ਜਿੱਥੇ ਇਸ ਨੂੰ ਬਹੁਤ ਹੀ ਸ਼ਲਾਘਾਯੋਗ ਕਦਮ ਦੱਸਿਆ ਉਥੇ ਹੀ ਐੱਸ.ਆਈ.ਟੀ. ਦੀ ਢਿੱਲੀ ਕਾਰਗੁਜ਼ਾਰੀ 'ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਇਹ ਸਭ ਕੁੱਝ ਪਹਿਲਾਂ ਹੀ ਹੋ ਜਾਣਾ ਸੀ ਪਰ ਲੋਕ ਸਭਾ ਚੋਣਾਂ ਨੇੜੇ ਆਉਂਦੇ ਹੀ ਇਹ ਗ੍ਰਿਫਤਾਰੀ ਹੋਣ ਤੋਂ ਉਹ ਸੰਤੁਸ਼ਟ ਨਹੀਂ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਾਬ੍ਹ ਨੇ ਇਹ ਗ੍ਰਿਫਤਾਰੀ ਜਾਨਬੁੱਝ ਕੇ ਕਰਵਾਈ ਹੈ ਤਾਂ ਜੋ ਲੋਕਾਂ ਨੂੰ ਇਹ ਨਾ ਲੱਗੇ ਕੈਪਟਨ ਅਤੇ ਬਾਦਲ ਆਪਸ ਵਿਚ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਸੱਚ ਵਿਚ ਇਮਾਨਦਾਰ ਹਨ ਤਾਂ ਉਨ੍ਹਾਂ ਨੂੰ ਬਿਨਾਂ ਸਮਾਂ ਬਰਬਾਦ ਕੀਤੇ ਬਾਦਲ ਪਰਿਵਾਰ ਨੂੰ ਫੜ ਕੇ ਸਲਾਖਾਂ ਪਿੱਛੇ ਕਰਵਾਉਣਾ ਚਾਹੀਦਾ ਹੈ।
ਇਸ ਦੌਰਾਨ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕ, ਜਾਂਚ ਏਜੰਸੀਆ ਅਤੇ ਕਾਂਗਰਸ ਦੇ ਖੁਦ ਦੇ ਮੰਤਰੀ ਇਹੀ ਕਹਿ ਰਹੇ ਹਨ ਕਿ ਬਹਿਬਲ ਕਲਾਂ ਗੋਲੀਕਾਂਡ ਅਤੇ ਬੇਅਦਬੀਆਂ ਪਿੱਛੇ ਬਾਦਲ ਪਰਿਵਾਰ ਦਾ ਹੱਥ ਹੈ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ। ਇੱਥੋਂ ਤੱਕ ਵਿਧਾਨ ਸਭਾ ਵਿਚ ਵੀ ਇਹੀ ਮੰਗ ਉਠੀ ਸੀ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਬਹਿਬਲ ਕਲਾਂ 'ਚ ਲਗਭਗ ਸਾਢੇ ਤਿੰਨ ਵਰ੍ਹੇ ਪਹਿਲਾਂ ਵਾਪਰੇ ਪੁਲਸ ਗੋਲੀਕਾਂਡ ਦੇ ਮਾਮਲੇ 'ਚ ਸਰਕਾਰ ਨੇ 4 ਪੁਲਸ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਸੀ। ਸਰਕਾਰ ਵੱਲੋਂ ਇਹ ਕਾਰਵਾਈ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਕੀਤੀ ਗਈ ਸੀ। 21 ਅਕਤੂਬਰ 2015 ਨੂੰ ਦਰਜ ਐੱਫ. ਆਈ. ਆਰ. 'ਚ ਮੋਗਾ ਦੇ ਤਤਕਾਲੀ ਐੱਸ. ਐੱਸ. ਪੀ. ਚਰਨਜੀਤ ਸਿੰਘ ਸ਼ਰਮਾ (ਹੁਣ ਸੇਵਾ ਮੁਕਤ), ਫਾਜ਼ਿਲਕਾ ਦੇ ਤਤਕਾਲੀ ਐੱਸ. ਪੀ. (ਡੀ) ਬਿਕਰਮਜੀਤ ਸਿੰਘ, ਇੰਸਪੈਕਟਰ ਪਰਦੀਪ ਸਿੰਘ ਅਤੇ ਸਬ ਇੰਸਪੈਕਟਰ ਅਮਰਜੀਤ ਸਿੰਘ ਨੂੰ ਨਾਮਜ਼ਦ ਕੀਤਾ ਸੀ। ਇਸ ਗੋਲੀਕਾਂਡ 'ਚ ਫਰੀਦਕੋਟ ਜ਼ਿਲ੍ਹੇ ਦੇ ਦੋ ਨੌਜਵਾਨ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਦੀ ਮੌਤ ਹੋ ਗਈ ਸੀ ਤੇ ਕਈ ਜਣੇ ਫੱਟੜ ਹੋਏ ਸਨ।
ਸਾਬਕਾ SSP ਤੋਂ ਬਾਅਦ ਤਤਕਾਲੀਨ SHO ਕੁਲਾਰ ਦੇ ਘਰ ਰੇਡ (ਵੀਡੀਓ)
NEXT STORY