ਸੁਲਤਾਨਪੁਰ ਲੋਧੀ : ਪਿੰਡ ਜਾਣੀਆਂ ਨੇੜੇ ਪਏ ਪਾੜ ਵਿੱਚ ਅੱਜ ਸਵੇਰੇ ਪਾਣੀ ਜਾਣੋਂ ਉਦੋਂ ਬੰਦ ਹੋ ਗਿਆ ਜਦੋਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਅਗਵਾਈ ਹੇਠ 300 ਮੀਟਰ ਤੋਂ ਵੱਡੀ ਨੋਚ (ਸਪਰ) ਬਣਾ ਕੇ ਸਤਲੁਜ ਦਰਿਆ ਦਾ ਵਹਿਣ ਬਦਲਕੇ ਰੱਖ ਦਿੱਤਾ ਹੈ। ਇਸ ਨੋਚ ਦੇ ਬਣਨ ਨਾਲ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਪਾਣੀ ਘੱਟ ਗਿਆ ਹੈ ਤੇ ਇੱਥੇ ਸੜਕੀ ਆਵਾਜਾਈ ਸ਼ੁਰੂ ਹੋ ਗਈ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਪੰਜਾਬ ਦੇ ਲੋਕਾਂ ਵਿਚ ਇੰਨਾ ਭਾਰੀ ਉਤਸ਼ਾਹ ਹੈ ਕਿ ਉਹ ਆਪੋ ਆਪਣੇ ਇਲਾਕਿਆਂ ਵਿਚੋਂ ਮਿੱਟੀਆਂ ਦੀਆਂ ਟਰਾਲੀਆਂ ਲੈ ਕੇ ਇੱਥੇ ਪਹੁੰਚ ਰਹੇ ਹਨ। ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਲੋਕਾਂ ਦੀ ਮੇਹਨਤ ਰੰਗ ਲਿਆਈ। ਸੰਗਤਾਂ ਅਤੇ ਫੋਜ ਦੇ ਸਹਿਯੋਗ ਨਾਲ ਬਣਾਈ ਗਈ ਨੋਚ ( ਸਪਰ ) ਨਾਲ ਸਤਲੁਜ ਦਰਿਆ ਦਾ ਵਹਿਣ ਮੁੜ ਪੁਰਾਣੀ ਥਾਂ ‘ਤੇ ਵੱਗਣ ਲੱਗ ਪਿਆ। ਧੁੱਸੀ ਬੰਨ ਵਿੱਚ ਪਏ ਪਾੜ ਤੋਂ ਕਰੀਬ 200 ਮੀਟਰ ਪਿੱਛੇ ਭਾਰਤੀ ਫੋਜ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਪਿੱਛਲੇ ਤਿੰਨ ਦਿਨਾਂ ਤੋਂ ਨੋਚ ਬਣਾਈ ਜਾ ਰਹੀ ਤੇ 20-20 ਘੰਟੇ ਕੰਮ ਕੀਤਾ ਜਾ ਰਿਹਾ ਸੀ।ਸੰਤ ਸੀਚੇਵਾਲ ਨੇ ਦੱਸਿਆ ਕਿ ਇਹ ਨੋਚ ਸਤਲੁਜ ਦਰਿਆ ਦੇ ਵਹਿਣ ਨੂੰ ਮੋੜਨ ਵਿੱਚ ਵੱਡੀ ਮੱਦਦਗਾਰ ਸਾਬਿਤ ਹੋਈ ਹੈ।ਸੰਤ ਸੀਚੇਵਾਲ ਅੱਜ ਵੀ ਸਾਰਾ ਦਿਨ ਕੰਮ ਦੀ ਦੇਖ ਰੇਖ ਕਰਦੇ ਰਹੇ ।

ਪਿੰਡ ਜਾਣੀਆ ਚਾਹਲ ਵਿੱਚ ਪਏ ਇਸ ਪਾੜ ਨਾਲ ਸਤਲੁਜ ਦਰਿਆ ਨੇ ਆਪਣਾ ਵਹਿਣ ਹੀ ਬਦਲ ਲਿਆ ਸੀ ਜਿਸ ਨਾਲ ਪਿੱਛਲੇ ਦਿਨਾਂ ਤੋਂ ਹੜ੍ਹ ਦਾ ਪਾਣੀ ਪਿੰਡਾਂ ਅਤੇ ਖੇਤਾਂ ਵਿੱਚ ਵੱਗ ਰਿਹਾ ਸੀ।ਨੋਚ ਬਣਨ ਨਾਲ ਧੁੱਸੀ ਬੰਨ ਨੂੰ ਢਾਹ ਲੱਗਣ ਤੋਂ ਵੀ ਬਚਾਅ ਰਹੇਗਾ ।ਇਸ ਨੂੰ ਬਣਾਉਣ ਲਈ ਪੰਜਾਬ ਦੇ ਵੱਖ-ਵੱਖ ਜਿਲਿ੍ਹਆਂ ਵਿੱਚ ਲੋਕ ਰੇਤਾਂ ਦੀਆਂ ਬੋਰੀਆਂ ਨਾਲ ਲੈ ਕੇ ਆਏ ਹੋਏ ਹਨ। ਇਸ ਨੋਚ ਨੂੰ ਬਣਾਉਣ ਦਾ ਫੈਸਲੇ ਨਾਲ ਹੀ ਲੋਕਾਂ ਨੇ ਦਿਨ ਰਾਤ ਇੱਕ ਕਰ ਦਿੱਤਾ ਸੀ।ਰਾਤ ਨੂੰ ਲਾਈਟਾਂ ਲਾ ਕੇ ਜਿੱਥੇ ਬੰਨ ਨੂੰ ਬੰਨਣ ਦਾ ਕੰਮ ਕੀਤਾ ਜਾ ਰਿਹਾ ਸੀ,ਉਥੇ ਨਾਲ ਹੀ ਨੋਚ ਬਣਾਉਣ ਲਈ ਵੀਹ-ਵੀਹ ਘੰਟੇ ਕੰਮ ਕੀਤਾ ਜਾ ਰਿਹਾ ਸੀ। ਇਸ ਥਾਂ ਦੇ ਨੇੜੇ ਸਿੰਚਾਈ ਵਿਭਾਗ ਨੇ ਪਹਿਲਾਂ ਵੀ ਸਪਰ ਬਣਾਇਆ ਹੋਇਆ ਸੀ ਪਰ ਉਹ ਪਾਣੀ ਰੋਕਣ ਵਿੱਚ ਬੇਅਸਰ ਰਿਹਾ । ਸਿੰਚਾਈ ਵਿਭਾਗ ਦੇ ਐਕਸੀਅਨ ਅਜੀਤ ਸਿੰਘ ਨੇ ਦੱਸਿਆ ਕਿ ਇਹ ਨਵਾਂ ਸਪਰ ਬਣਾਏ ਜਾਣ ਨਾਲ ਪਾੜ ਵਿੱਚੋਂ ਜਾਣ ਵਾਲਾ ਪਾਣੀ ਲੱਗਭਗ ਰੁਕ ਗਿਆ ਹੈ।ਮਨਰੇਗਾ ਵਰਕਰ ਵੀ ਲਗਾਤਾਰ ਕੰਮ ਕਰਦੇ ਦਿਨ ਵੇਲੇ ਪੂਰੀ ਤਨਦੇਹੀ ਨਾਲ ਕੰਮ ਕਰਕੇ ਬੰਨ ਨੂੰ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਸੰਤ ਸੀਚੇਵਾਲ ਨੇ ਨੋਚ ਬਣਾਏ ਜਾਣ ਤੋਂ ਬਾਅਦ ਗੱਲਬਾਤ ਕਰਦਿਆ ਕਿਹਾ ਕਿ ਜੇ ਇਸ ਪਾੜ ਵਿੱਚੋਂ ਪਾਣੀ ਲਗਾਤਾਰ ਵੱਗਦਾ ਰਹਿੰਦਾ ਤਾਂ ਇਸ ਨੂੰ ਬੰਨਣ ਲਈ ਲੰਮਾਂ ਸਮਾਂ ਲੱਗ ਜਾਣਾ ਸੀ। ਹੁਣ ਬੰਨ ਬੰਨਣ ਦੇ ਕੰਮ ਵਿੱਚ ਹੋਰ ਤੇਜ਼ੀ ਆਵੇਗੀ।

ਸਿਹਤ ਵਿਭਾਗ ਨੇ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਲਾਏ ਮੈਡੀਕਲ ਕੈਂਪ
NEXT STORY