ਜਲੰਧਰ- ਹਵਾ, ਮਿੱਟੀ ਤੇ ਪਾਣੀ ਦੇ ਸੁਧਾਰ ਲਈ ਯਤਨ ਜਾਰੀ ਹਨ ਅਤੇ ਇਸ ਦੇ ਛੇਤੀ ਹੀ ਸਾਰਥਕ ਨਤੀਜੇ ਸਾਹਮਣੇ ਆਉਣਗੇ। ਇਹ ਕਹਿਣਾ ਹੈ ਸੰਤ ਬਲਬੀਰ ਸਿੰਘ ਸੀਚੇਵਾਲ ਦਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇ ਸਮਾਜ ਸੇਵਾ ਕਰਨੀ ਹੈ ਤਾਂ ਰਾਜ ਸਭਾ ਵੀ ਇਕ ਮੰਚ ਹੈ। ਰਾਜ ਸਭਾ ’ਚ ਉਨ੍ਹਾਂ ਬੰਦਿਆਂ ਨੂੰ ਭੇਜਿਆ ਜਾਂਦਾ ਹੈ, ਜੋ ਸਿੱਧੇ ਤੌਰ ’ਤੇ ਸਿਆਸਤ ਨਾਲ ਸਬੰਧ ਨਹੀਂ ਰੱਖਦੇ ਅਤੇ ਸਮਾਜ ’ਚ ਕੋਈ ਪ੍ਰਾਪਤੀ ਹੁੰਦੀ ਹੈ। ਇਸੇ ਆਧਾਰ ’ਤੇ ਕਈ ਕੈਟਾਗਿਰੀਆਂ ਲਈ ਵਿਸ਼ੇਸ਼ ਤੌਰ ’ਤੇ ਰਾਜ ਸਭਾ ਮੈਂਬਰਾਂ ਦਾ ਕੋਟਾ ਵੀ ਰੱਖਿਆ ਗਿਆ ਹੈ। ਸਮਾਜ ਸੇਵਾ ਨੂੰ ਲੈ ਕੇ ਸਾਡਾ ਮਕਸਦ ਅੱਜ ਵੀ ਪਹਿਲਾਂ ਵਾਲਾ ਹੀ ਹੈ। ਸੰਤ ਸੀਚੇਵਾਲ ਕਹਿੰਦੇ ਹਨ ਕਿ ਨਾ ਤਾਂ ਅਸੀਂ ਪਹਿਲਾਂ ਕਦੇ ਹੱਦਾਂ ਤੋਂ ਪਾਰ ਸੀ ਅਤੇ ਨਾ ਹੁਣ ਕਦੇ ਮਹਿਸੂਸ ਕੀਤਾ ਕਿ ਸੀਮਾਵਾਂ ’ਚ ਬੰਨ੍ਹੇ ਹੋਏ ਹਾਂ। ਪੇਸ਼ ਹਨ ‘ਜਗ ਬਾਣੀ’ ਦੇ ਪੱਤਰਕਾਰ ਰਮਨਦੀਪ ਸੋਢੀ ਨਾਲ ਕੀਤੀ ਗੱਲਬਾਤ ਦੇ ਕੁਝ ਵਿਸ਼ੇਸ਼ ਅੰਸ਼ :
ਮੱਤੇਵਾੜਾ ਅਤੇ ਜ਼ੀਰਾ ’ਚ ਸ਼ਰਾਬ ਫੈਕਟਰੀ ਖ਼ਿਲਾਫ਼ ਲੱਗੇ ਧਰਨੇ ’ਚ ਗ਼ੈਰ-ਹਾਜ਼ਰੀ ਬਾਰੇ ਤੁਹਾਡੀ ਕੀ ਪ੍ਰਤੀਕਿਰਿਆ ਹੈ?
ਮੱਤੇਵਾੜਾ ਨੂੰ ਲੈ ਕੇ ਅਸੀਂ ਆਪਣੀ ਗੱਲ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਰੱਖੀ ਸੀ ਕਿ ਜੋ ਪਹਿਲਾਂ ਇੰਡਸਟਰੀ ਲੱਗੀ ਹੈ, ਉਸ ਕਾਰਨ ਪ੍ਰਦੂਸ਼ਣ ਹੋ ਰਿਹਾ ਹੈ ਅਤੇ ਨਵੀਂ ਲੱਗਣ ਵਾਲੀ ਇੰਡਸਟਰੀ ’ਚ ਪਾਣੀ ਦੀ ਵਰਤੋਂ ਬਹੁਤ ਹੋਵੇਗੀ। ਇਸ ਕਰਕੇ ਮੱਤੇਵਾੜਾ ਪ੍ਰਾਜੈਕਟ ਬੰਦ ਹੋਣਾ ਚਾਹੀਦਾ ਹੈ। ਦੂਜੀ ਗੱਲ ਸ਼ਰਾਬ ਫੈਕਟਰੀ ਨੂੰ ਲੈ ਕੇ ਤਾਂ ਉਸ ਦੇ ਪਾਣੀ ਦੇ ਸੈਂਪਲ ਚੈੱਕ ਹੋਣੇ ਚਾਹੀਦੇ ਹਨ। ਅਸੀਂ ਹਰ ਵੇਲੇ ਹਾਜ਼ਰ ਹਾਂ ਪਰ ਜੇਕਰ ਅਸੀਂ ਕਿਸੇ ਨੂੰ ਕੋਈ ਸਵਾਲ ਪੁੱਛਦੇ ਹਾਂ ਤਾਂ ਪਹਿਲਾਂ ਸਾਡੇ ਕੋਲ ਵੀ ਉਸ ਦਾ ਉੱਤਰ ਹੋਣਾ ਚਾਹੀਦਾ ਹੈ। ਜੋ ਸਮੱਸਿਆ ਹੈ, ਉਸ ਨਾਲ ਟੈਕਨੀਕਲੀ ਨਜਿੱਠਿਆ ਜਾਣਾ ਚਾਹੀਦਾ ਹੈ। ਇਸ ’ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਜੇਕਰ ਕੋਈ ਇੰਡਸਟਰੀ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਤਾਂ ਉਸ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਪਰ ਉਸ ਦਾ ਇਕ ਤਰੀਕਾ ਹੈ।
ਇਹ ਵੀ ਪੜ੍ਹੋ: 'ਜੇ ਸਮਾਜ ਸੇਵਾ ਕਰਨੀ ਹੈ ਤਾਂ ਰਾਜ ਸਭਾ ਵੀ ਇਕ ਮੰਚ ਹੈ', ਸੁਣੋ ਸੰਤ ਸੀਚੇਵਾਲ ਨਾਲ ਖ਼ਾਸ ਗੱਲਬਾਤ
ਸੰਸਦ ’ਚ ਪ੍ਰਧਾਨ ਮੰਤਰੀ ਨਾਲ ਮੁਲਾਕਾਤ ’ਚ ਕੀ ਸੰਵਾਦ ਹੋਇਆ?
ਇਕ ਦਿਨ ਪ੍ਰਧਾਨ ਮੰਤਰੀ ਜੀ ਜਾ ਰਹੇ ਸਨ ਤਾਂ ਅਸੀਂ ਉਨ੍ਹਾਂ ਨੂੰ ਮਿਲੇ। ਉਨ੍ਹਾਂ ਨੇ ਕਿਹਾ ਕਿ ਬਾਬਾ ਜੀ ਅੱਗੇ ਵਧਦੇ ਰਹੋ। ਹੋਰ ਵੀ ਕਈ ਸ਼ਖ਼ਸੀਅਤਾਂ ਮਿਲੀਆਂ ਪਰ ਅਸੀਂ ਉਨ੍ਹਾਂ ਦੇ ਨਾਂ ਨਹੀਂ ਜਾਣਦੇ।
ਮੁੱਖ ਮੰਤਰੀ ਮਾਨ ਦੇ ਬੀਮਾਰ ਹੋਣ ਨਾਲ ਵੇਈਂ ਦੇ ਪਾਣੀ ਪੀਣ ਦਾ ਕੋਈ ਸੰਬੰਧ ਹੈ?
ਸਾਡੇ ਲਈ ਵੇਈਂ ਦਾ ਪਾਣੀ ਚਰਨਾਮ੍ਰਿਤ ਹੈ। ਵੇਈਂ ’ਚ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਪਏ ਹਨ। ਅਸੀਂ ਅਕਸਰ ਵੇਈਂ ਦਾ ਜਲ ਛਕਦੇ ਹਾਂ। ਅਸੀਂ ਜਲ ਛਕਿਆ ਤਾਂ ਮਾਨ ਸਾਬ੍ਹ ਨੇ ਵੀ ਇੱਛਾ ਜ਼ਾਹਿਰ ਕੀਤੀ। ਉਹ ਤਿੰਨ-ਚਾਰ ਦਿਨ ਮਗਰੋਂ ਬੀਮਾਰ ਹੁੰਦੇ ਹਨ। ਵੇਈਂ ’ਚੋਂ ਪਾਣੀ ਪੀਣ ਦਾ ਬੀਮਾਰ ਹੋਣ ਨਾਲ ਕੋਈ ਸਬੰਧ ਨਹੀਂ ਹੈ।
ਇਹ ਵੀ ਪੜ੍ਹੋ:ਫਗਵਾੜਾ ’ਚ ਕਿਸਾਨਾਂ ਦੇ ਪੱਕੇ ਡੇਰੇ, ਜਲੰਧਰ-ਦਿੱਲੀ ਨੈਸ਼ਨਲ ਹਾਈਵੇਅ ਦੋਵੇਂ ਪਾਸਿਓਂ ਕੀਤਾ ਬੰਦ
ਤੁਸੀਂ ਮੁੱਖ ਮੰਤਰੀ ਨੂੰ ਬੁੱਢੇ ਨਾਲੇ ’ਚ ਨਹਾਉਣ ਦੀ ਗੱਲ ਕਹੀ ਹੈ। ਇਹ ਸੰਭਵ ਕਿਵੇਂ ਹੋਵੇਗਾ?
ਅਸੀਂ ਚੋਣਾਂ ਤੋਂ ਪਹਿਲਾਂ ਅਰਦਾਸ ਕੀਤੀ ਸੀ ਕਿ ਪਰਮਾਤਮਾ ਤੂੰ ਜਿਸ ਦੀ ਵੀ ਸਰਕਾਰ ਬਣਾਉਣੀ ਹੈ, ਉਸ ਨੂੰ ਸੁਮੱਤ ਬਖ਼ਸ਼ੀਂ ਕਿ ਮੁੜ ਪਵਿੱਤਰ ਪਾਣੀ ਵਗਣ ਲੱਗਣ। ਹੁਣ ਭਗਵੰਤ ਮਾਨ ਮੁੱਖ ਮੰਤਰੀ ਹਨ ਤਾਂ ਅਸੀਂ ਉਨ੍ਹਾਂ ਨੂੰ ਅਤੇ ਸਪੀਕਰ ਸਾਬ੍ਹ ਨੂੰ ਕਿਹਾ ਕਿ ਇਸ ਨਾਲੇ ਦਾ ਪਾਣੀ ਇੰਨਾ ਸਾਫ਼ ਕਰਨਾ ਹੈ ਕਿ ਤੁਸੀਂ ਇਥੇ ਨਹਾ ਸਕੋ। ਇਸ ਲਈ ਕੋਈ ਸਮੱਸਿਆ ਵੀ ਨਹੀਂ ਹੈ। 200 ਕਿਊਸਿਕ ਪਾਣੀ ਛੁਡਵਾਇਆ ਹੋਇਆ ਹੈ। ਵਹਾਅ ਚੱਲਣ ਨਾਲ ਦੋ ਟਰੀਟਮੈਂਟ ਪਲਾਂਟਾਂ ਰਾਹੀਂ ਕੁਝ ਪਾਣੀ ਟਰੀਟ ਹੋਣ ਲੱਗ ਗਿਆ ਹੈ। ਰਹਿੰਦਾ ਪਾਣੀ ਵੀ ਟਰੀਟ ਹੋਣ ਲੱਗ ਜਾਵੇ ਤਾਂ ਪਾਣੀ ਖੇਤੀ ਨੂੰ ਲੱਗ ਸਕਦਾ ਹੈ। ਅਸੀਂ ਆਸਵੰਦ ਹਾਂ ਕਿ ਇਹ ਜ਼ਰੂਰ ਹੋਵੇਗਾ।
ਸਿਆਸਤ ਦਾ ਹਿੱਸਾ ਬਣ ਕੇ ਵਾਤਾਵਰਣ ਸਬੰਧੀ ਹੁਣ ਤੁਹਾਡੇ ਏਜੰਡੇ ’ਤੇ ਕੀ ਹੈ?
ਕੁਦਰਤ ਵੱਲੋਂ ਠੰਡੀ ਹਵਾ ਦਾ ਬੁੱਲ੍ਹਾ ਆ ਰਿਹਾ ਹੈ। ਸਾਡੀਆਂ ਕਿਸਾਨ ਜਥੇਬੰਦੀਆਂ ਨੇ ਤਹੱਈਆ ਕੀਤਾ ਹੈ ਕਿ ਪਰਾਲੀ ਨੂੰ ਅੱਗ ਨਹੀਂ ਲਗਾਉਣਗੀਆਂ ਤੇ ਬੂਟੇ ਵੀ ਲਗਾਉਣਗੀਆਂ। ਪੰਜਾਬ ’ਚ ਜੰਗਲ ਲੱਗ ਰਹੇ ਹਨ। ਇਕ ਮਾਹੌਲ ਬਣ ਰਿਹਾ ਹੈ। ਅਸੀਂ ਹਰ ਸਾਲ 5-6 ਲੱਖ ਬੂਟੇ ਵੰਡ ਰਹੇ ਹਾਂ। ਗੋਇੰਦਵਾਲ ਸਾਹਿਬ ਦੀ ਪਵਿੱਤਰ ਬਾਉਲੀ ਸਾਹਿਬ ’ਚ ਪੈ ਰਿਹਾ ਗੰਦਾ ਪਾਣੀ ਵੀ ਬੰਦ ਹੋਵੇਗਾ। ਉਥੇ ਸੀਵਰੇਜ ਸਿਸਟਮ ਪੈ ਰਿਹਾ ਤੇ ਟ੍ਰੀਟਮੈਂਟ ਪਲਾਂਟ ਵੀ ਲੱਗ ਰਿਹਾ ਹੈ। ਅਸੀਂ ਸਰਕਾਰ ਨੂੰ ਬੇਨਤੀ ਵੀ ਕੀਤੀ ਹੈ ਕਿ ਕਾਲੀ ਵੇਈਂ ਦੇ ਰਹਿੰਦੇ ਕਾਰਜ ਵੀ ਨੇਪਰੇ ਚਾੜ੍ਹੇ ਜਾਣ।
ਇਹ ਵੀ ਪੜ੍ਹੋ: ਜਲੰਧਰ: ਯੂਕੋ ਬੈਂਕ ਲੁੱਟ ਕਾਂਡ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਪਾਕਿ ’ਚ ਬੈਠੇ ਗੈਂਗਸਟਰ ਰਿੰਦਾ ਦੇ ਸਾਥੀ ਨੇ ਇੰਝ ਰਚੀ ਸੀ ਸਾਜ਼ਿਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸੰਸਦ ਮੈਂਬਰ ਗੁਰਜੀਤ ਔਜਲਾ ਨੂੰ ਹੋਇਆ ਕੋਰੋਨਾ, ਟਵੀਟ ਕਰਕੇ ਖ਼ੁਦ ਦਿੱਤੀ ਜਾਣਕਾਰੀ
NEXT STORY