ਬਿਨ ਹੰਝੂ ਬਿਨ ਬੋਲ...
ਪਰਮਜੀਤ ਸਿੰਘ ਕੱਟੂ
ਪਿੰਡ ਤੇ ਡਾਕ. ਕੱਟੂ (ਬਰਨਾਲਾ)
7087320578
ਮੈਂ ਰੋਜ਼ਾਨਾ ਦੀ ਤਰ੍ਹਾਂ ਘਰੇ ਫੋਨ ਕੀਤਾ, ਪਿਤਾ ਜੀ ਨੇ ਹੈਲੋ ਕਿਹਾ। ਸਤਿ ਸ੍ਰੀ ਅਕਾਲ ਕਰਦਿਆਂ ਮੈਂ ਪੁੱਛਿਆ - ਕਿਤੇ ਸੌਂ ਤਾਨ੍ਹੀਂ ਗਏ ਸੀ? ਪਿਤਾ ਜੀ ਕਹਿੰਦੇ – ਨਹੀਂ, ਵਿਹੜੇ ’ਚ ਫਰਸ਼ ਲਗਾਉਣਾ ਤਾਂ ਰੁੱਖ ਪੁੱਟ ਕੇ ਹਟੇ ਆਂ।
ਮੈਂ ਸੁੰਨ ਹੋ ਗਿਆ, ਜਿਵੇਂ ਮੈਨੂੰ ਹੀ ਕਿਸੇ ਨੇ ਜੜ੍ਹੋਂ ਪੁੱਟਤਾ ਹੋਵੇ। ਕੁਝ ਬੋਲਣ ਦੀ ਹਿੰਮਤ ਨਾ ਬਚੀ।
ਸਾਡੇ ਵਿਹੜੇ ’ਚ ਨਿੰਮ ਅਤੇ ਸ਼ਰੀਂਹ ਦੇ ਰੁੱਖ ਲੱਗੇ ਹੋਏ ਸੀ।
ਨਿੰਮ ਦੀ ਉਮਰ 15 ਸਾਲ ਹੋਵੇਗੀ ਅਤੇ ਸ਼ਰੀਂਹ ਦੀ 7 ਕੁ ਸਾਲ। ਮੇਰਾ ਇਨ੍ਹਾਂ ਰੁਖਾਂ ਨਾਲ ਆਪਣੇ ਭੈਣ ਭਰਾਵਾਂ ਵਰਗਾ ਰਿਸ਼ਤਾ ਰਿਹੈ।
ਦਸ ਕੁ ਸਾਲ ਪਹਿਲਾਂ ਦੀ ਗੱਲ ਆ, ਜ਼ਿੰਦਗੀ ’ਚ ਐਸਾ ਕੁ ਕੌੜਾ-ਕੁਸੈਲਾ ਵਾਪਰਿਆ ਕਿ ਕਈ ਦਿਨ ਰੋਟੀ ਨਾ ਖਾਧੀ।
ਕਈ ਵਾਰ ਕਈਆਂ ਨੇ ਜ਼ਿੰਦਗੀ ’ਚ ਕਿਹਾ ਸੀ ਕਿ ਨਿੰਮ ਦੀ ਦਾਤਣ ਕਰਨੀ ਬਹੁਤ ਚੰਗੀ ਹੁੰਦੀ ਆ ਪਰ ਐਨੀ ਕੁੜੱਤਣ ਚੱਖਣ ਦਾ ਹੀਆਂ ਕੌਣ ਕਰੇ?
ਉਨ੍ਹਾਂ ਦਿਨਾਂ ’ਚ ਕੁੜੱਤਣ ਐਨੀ ਸੀ ਕਿ ਨਾ ਤਿੰਨ ਦਿਨ ਰੋਟੀ ਖਾਧੀ ਨਾ ਸੌਂ ਸਕਿਆ, ਆਖਰ ਅੱਕ ਕੇ ਨਿੰਮ ਦੀ ਦਾਤਣ ਕਰਨ ਲੱਗਾ। ਐਸੀ ਕਰਾਮਾਤ ਹੋਈ ਕਿ ਭੁੱਖ ਵੀ ਲੱਗ ਗਈ, ਰੋਟੀ ਖਾਧੀ ਤਾਂ ਨੀਂਦ ਵੀ ਆ ਗਈ।
ਮਾਂ ਨੇ ਵੀ ਕਿੰਨੇ ਵਾਰ ਦੰਦਾਂ ਦੇ ਦਰਦ ਤੋਂ ਨਿੰਮ ਦੀ ਦਾਤਣ ਕਰਕੇ ਰਾਹਤ ਪਾਈ ਸੀ।
ਜਦ ਘਰੇ ਜਾਣਾ ਤਾਂ ਤਾਇਆ ਜੀ ਦਾ ਪੋਤਾ ਨਿਰਮਾਣ ਬਾਜ਼ਾਰੀ ਖਿਡਾਉਣਿਆਂ ਨਾਲ ਨਾ ਖੇਡਦਾ, ਮੈਂ ਨਿੰਮ ਦੇ ਪੱਤਿਆਂ ਕੋਲ ਉਛਾਲਦਾ ਤਾਂ ਉਹ ਪੱਤਿਆਂ ਨੂੰ ਛੂੰਹਦਾ ਅਤੇ ਖਿੜ-ਖਿੜ ਹੱਸਦਾ। ਮੈਂ ਬਾਜ਼ਾਰ ਨੂੰ ਕੁਦਰਤ ਅੱਗੇ ਹਾਰ ਗਿਆ ਦੇਖਦਾ।
ਸ਼ਰੀਂਹ ਤਾਂ ਹਾਲੇ ਜੁਆਨ ਵੀ ਨਹੀਂ ਸੀ ਹੋਇਆ। ਸ਼ਰੀਂਹ ਦੇ ਲੱਗਣ ਤੋਂ ਬਾਅਦ ਘਰ ਬਹੁਤ ਘੱਟ ਗਿਆ ਸਾਂ,
ਪਰ ਇਦ੍ਹੇ ਬਾਰੇ ਸੁਣਿਆਂ ਕਾਫੀ ਸੀ। ਅਸਲ ਵਿਚ ਪਿਛਲੇ ਦੋ ਸਾਲ ਇਕ ਅਖਬਾਰ ਨੇ ਕਿਸਾਨ ਖੁਦਕਸ਼ੀਆਂ ਬਾਰੇ ਵਿਸਤਾਰ ਚ ਰਿਪੋਰਟਾਂ ਛਾਪੀਆਂ। ਅਸੀਂ ਇਨ੍ਹਾਂ ਬਾਰੇ ਡਾਕੂਮੈਂਟਰੀ ਫਿਲਮ ਬਣਾਉਣ ਦਾ ਪਲਾਨ ਬਣਾਇਆ। ਜਦੋਂ ਕੁਲਵੰਤ ਗਰੇਵਾਲ ਜੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੋ ਪੰਕਤੀਆਂ ਸੁਣਾਈਆਂ-
‘ਪਰ ਪਰਾਰ ਕੋਈ ਸੂਰਮਾ,ਓਸ ਸ਼ਰੀਂਹ ਦੇ ਕੋਲ।
ਹੱਥ ਮੋਢੇ ਧਰ ਤੁਰ ਗਿਆ, ਬਿਨ ਹੰਝੂ ਬਿਨ ਬੋਲ।’
ਮੈਂ ਉਸ ਤੋਂ ਬਾਅਦ ਜਦ ਵੀਂ ਸ਼ਰੀਂਹ ਦੇ ਰੁੱਖ ਨੂੰ ਮਿਲਿਆਂ ਤਾਂ ਮੈਨੂੰ ਗਰੇਵਾਲ ਸਾਹਬ ਦਾ ਮਾਹੀਆ ਵਧੇਰੇ ਸਮਝ ਆਉਣ ਲੱਗਦਾ। ਮੈਨੂੰ ਲੱਗਦਾ ਬਈ ਸਾਡੇ ਘਰ ਉਗਿਆ ਸ਼ਰੀਂਹ ਗਰੇਵਾਲ ਸਾਹਬ ਦੀ ਕਵਿਤਾ ਦੇ ਸ਼ਰੀਂਹ ਦਾ ਹੀ ਵਾਰਸ ਆ।
ਸ਼ਰੀਂਹ ਦਾ ਛੱਕ ਬਹੁਤ ਸਵਾਦ ਆ ਅਤੇ ਫੁੱਲ ਬਹੁਤ ਸੋਹਣੇ। ਮੈਂ ਇਸ ਦੇ ਤਣੇ ਨੂੰ ਪਲੋਸਦਾ ਪਰ ਹੁਣ ਇਹ ਸਾਰਾ ਕੁਝ ਯਾਦਾਂ ਬਣ ਕੇ ਰਹਿ ਗਿਆ ਸੀ।
ਮੇਰਾ ਦਿਲ ਕਰਦਾ ਕਿ ਮਾਂ ਨੂੰ ਕਹਿ ਦੇਵਾਂ ਕਿ ਮੈਂ ਓਨਾ ਚਿਰ ਘਰ ਨਹੀਂ ਆਉਣਾ ਜਿੰਨਾਂ ਚਿਰ ਇਹ ਰੁੱਖ ਨਹੀਂ ਦੁਬਾਰਾ ਉਗਦੇ ਪਰ ਮੇਰਾ ਦਿਲ ਤਾਂ ਟੁੱਟ ਚੁੱਕਾ ਸੀ ਅਤੇ ਮਾਂ ਦਾ ਦਿਲ ਕਿਵੇਂ ਤੋੜ ਸਕਦਾ ਸੀ।
ਮੈਂ ਭਰੇ ਮਨ ਨਾਲ ਕਮਰੇ ਦੀ ਬੱਤੇ ਬੁਝਾ ਲਈ ਪਰ ਕਮਰੇ ਦੀ ਬੱਤੀ ਬੁਝਾ ਲਈ ਸੀ, ਮਨ ਦੀ ਨਹੀਂ।
ਮੈਨੂੰ ਵਿਸ਼ਵ ਪ੍ਰਸਿੱਧ ਫਿਲਮ ‘ਕਾਸਟ ਅਵੇਅ’ ਦਾ ਮੁੱਖ ਪਾਤਰ ਚਕ ਨੋਲਾਂਦ ਯਾਦ ਆ ਗਿਆ। ਇਕ ਕੋਰੀਅਰ ਕੰਪਨੀ ਵਿਚ ਇੰਜੀਨੀਅਰ ਇਹ ਪਾਤਰ ਲੰਮੇ ਸਮੇਂ ਤੋਂ ਕੇਲੀ ਫਰੀਅਰਜ਼ ਨਾਲ ਦੋਸਤੀ ਦੇ ਰਿਸ਼ਤੇ ’ਚ ਬੱਝਿਆ ਹੋਇਆ ਸੀ। ਕ੍ਰਿਸਮਿਸ ਮਨਾ ਰਹੇ ਨੂੰ ਕੰਪਨੀ ਵਲੋਂ ਐਮਰਜੈਂਸੀ ਸੁਨੇਹਾ ਮਿਲਦਾ ਹੈ ਤੇ ਸਮੁੰਦਰੀ ਤੂਫਾਨ ਦੇ ਬਾਵਜੂਦ ਮਲੇਸ਼ੀਆ ਵਿਚ ਜਾਣ ਲੱਗਿਆਂ ਉਸ ਦਾ ਜਹਾਜ਼ ਤੂਫਾਨ ਦਾ ਸ਼ਿਕਾਰ ਹੋ ਜਾਂਦਾ । ਉਹ ਇਕ ਸਮੁੰਦਰੀ ਟਾਪੂ ’ਤੇ ਪਹੁੰਚ ਜਾਂਦਾ ਹੈ। ਉਥੇ ਕਈ ਸਾਲ ਰਹਿਣਾ ਪੈਂਦਾ ਹੈ। ਸਭਿਅਕ ਮਨੁੱਖ ਤੋਂ ਆਦਿ ਮਾਨਵ ਹੋਣ ਤਾਂ ਪਿਛਲਪੈਰੀ ਸਫਰ ਕਰਦੈ ਪਰ ਉਦ੍ਹੇ ਅੰਦਰ ਇਕ ਮੁਹੱਬਤ ਜਾਗਦੀ ਰਹਿੰਦੀ ਹੈ। ਜੀਣ ਦੀ ਮੁਹੱਬਤ, ਰਿਸ਼ਤਿਆਂ ਦੀ ਮੁਹੱਬਤ। ਉਹ ਆਪਣਾ ਮਨ ਲਗਾਉਣ ਲਈ ਕੋਰੀਅਰ ਦੇ ਸਮਾਨ ਵਿਚੋਂ ਡਿਗੀ ਹੋਈ ਫੁੱਟਬਾਲ ਉਪਰ ਮਨੁੱਖੀ ਚਿਹਰੇ ਦਾ ਅਕਾਰ ਵਾਹ ਲੈਂਦਾ ਹੈ ਅਤੇ ਉਸ ਦੇ ਨਾਲ ਗੱਲਾਂ ਕਰਦਾ, ਲੜ੍ਹਦਾ, ਮੋਹ ਜਤਾਉਂਦਾ ਦਿਨ ਗੁਜ਼ਾਰਦਾ ਹੈ। ਬਹੁਤ ਕਠਿਨ ਹਾਲਤਾਂ ਵਿਚ ਵੀ ਜਿਉਂਦੇ ਰਹਿਣ ਅਤੇ ਮੁਹੱਬਤ ਨੂੰ ਜਿਉਂਦੇ ਰੱਖਣ ਦੀ ਮਿਸਾਲ ਬਣ ਜਾਂਦਾ ਹੈ।
ਫੇਰ ਇਕ ਦਿਨ ਕਿਸ਼ਤੀ ਬਣਾ ਕੇ ਉਧਰ ਵੱਲ ਚਲਾ ਜਾਣ ਲਗਦਾ ਹੈ ਜਿਧਰੋਂ ਹਵਾਈ ਜਹਾਜ਼ ਲੰਘਣ ਦੀ ਉਮੀਦ ਹੁੰਦੀ ਹੈ ਪਰ ਕਿਸ਼ਤੀ ਦੇ ਸਫ਼ਰ ਦੇ ਅਰੰਭ ਵਿਚ ਸਮੁੰਦਰੀ ਲਹਿਰਾਂ ਉਸ ਦੇ ਸਾਥੀ (ਫੁੱਟਵਾਲ ’ਤੇ ਵਾਹੇ ਚਿਹਰੇ) ਨੂੰ ਖੋਹ ਲੈਂਦੀਆਂ। ਉਹ ਬਹੁਤ ਦੁਖੀ ਹੁੰਦਾ ਹੈ, ਰੋਂਦਾ ਹੈ ਪਰ ਕੋਈ ਵੱਸ ਨਹੀਂ ਚਲਦਾ।
ਆਖ਼ਰ ਜਹਾਜ਼ ਮਿਲ ਜਾਂਦਾ ਹੈ। ਘਰ ਆ ਕੇ ਦੇਖਦਾ ਹੈ ਕਿ ਉਸਦੀ ਦੋਸਤ ਕਿਸੇ ਹੋਰ ਨਾਲ ਵਿਆਹ ਕਰਵਾ ਚੁੱਕੀ ਹੈ। ਚਕ ਨੋਲਾਂਦ, ਜਿਹੜਾ ਫੁੱਟਵਾਲ ਦੇ ਵਿਛੜ ਜਾਣ ’ਤੇ ਹਾਲੋਂ-ਬੇਹਾਲ ਹੋ ਗਿਆ ਸੀ ਹੁਣ ਜ਼ਿੰਦਗੀ ਦੇ ਏਸ ਝਟਕੇ ਸਾਹਮਣੇ ਅਵਾਕ ਖੜ੍ਹਾ ਹੈ। ਆਪਣੀ ਸਾਬਕਾ ਦੋਸਤ ਨੂੰ ਬਿਨਾਂ ਕੁਝ ਕਿਹਾ ਚੁੱਪਚਾਪ ਤੁਰ ਜਾਂਦਾ ਹੈ।
ਰੁੱਖਾਂ ਦੇ ਵਿਛੜ ਜਾਣ ’ਤੇ ਮੈਂ ਵੀ ਚਕ ਨੋਲਾਂਦ ਦੀ ਉਂਗਲ ਫੜ੍ਹ ਉਸ ਨਾਲ ਤੁਰ ਪਿਆਂ... ਬਿਨ ਹੰਝੂ ਬਿਨ ਬੋਲ
ਵੱਡੀ ਖਬਰ : ਮੋਹਾਲੀ 'ਚ ਕੋਰੋਨਾ ਦਾ ਇਕ ਹੋਰ ਕੇਸ ਪਾਜ਼ੇਟਿਵ, 16 'ਤੇ ਪੁੱਜੀ ਪੀੜਤਾਂ ਦੀ ਗਿਣਤੀ
NEXT STORY