ਜਲੰਧਰ (ਚਾਵਲਾ) - ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਦੇ ਦੋਸ਼ਾਂ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਕਿਹਾ ਕਿ ਸਕੂਲਾਂ, ਵਿੱਦਿਅਕ ਅਦਾਰਿਆਂ ਤੇ ਦਿੱਲੀ ਕਮੇਟੀ ਵਿਚ ਲਗਾਤਾਰ ਹੋ ਰਹੇ ਘਾਟੇ ਲਈ ਬਾਦਲ ਦਲ ਦੇ ਮੌਜੂਦਾ ਪ੍ਰਬੰਧਕਾਂ ਵਲੋਂ ਕੀਤੇ ਜਾ ਰਹੇ ਨਾਜਾਇਜ਼ ਖਰਚੇ ਤੇ ਸੈਰ-ਸਪਾਟੇ ਜ਼ਿੰਮੇਵਾਰ ਹਨ। ਅੱਜ ਦਿੱਲੀ 'ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਸਾਡਾ ਕੋਈ ਦੋਸ਼ ਹੁੰਦਾ ਤਾਂ ਉਹ ਪਿਛਲੇ 5 ਸਾਲਾਂ ਤਕ ਚੁੱਪ ਕਿਉਂ ਬੈਠੇ ਰਹੇ ਤੇ ਅੱਜ ਜਦੋਂ ਮੌਜੂਦਾ ਪ੍ਰਬੰਧਕਾਂ ਨੇ ਖ਼ਜ਼ਾਨੇ ਖਾਲੀ ਕਰ ਦਿੱਤੇ ਹਨ ਤੇ ਹੁਣ ਸਟਾਫ ਦਾ ਹੱਕ ਕਿਉਂ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਫਰਵਰੀ 2013 ਵਿਚ ਜਦੋਂ ਬਾਦਲ ਦਲ ਨੇ ਕਮੇਟੀ ਦਾ ਪ੍ਰਬੰਧ ਸੰਭਾਲਿਆ ਸੀ ਤਾਂ ਉਸ ਸਮੇਂ ਕਮੇਟੀ ਕੋਲ 120 ਕਰੋੜ ਦੀਆਂ ਐੱਫ. ਡੀਜ਼ ਸਨ ਪਰ ਮੌਜੂਦਾ ਸਮੇਂ ਕਮੇਟੀ ਦੇ ਦਫਤਰ ਦਾ ਇਕ ਸਾਲ ਦਾ ਫੁਟਕਲ ਖਰਚਾ ਕਰੋੜਾਂ ਰੁਪਏ ਤਕ ਪਹੁੰਚ ਗਿਆ ਹੈ ਤੇ ਕਮੇਟੀ ਦਾ ਆਡਿਟ ਕਰਨ ਵਾਲੇ ਸੀ. ਏ. ਦੀ ਸਾਲਾਨਾ ਫੀਸ ਲੱਖਾਂ 'ਚ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਅਸੀਂ 2013 ਵਿਚ ਆਪਣੇ ਕਾਰਜਕਾਲ ਦੌਰਾਨ ਦਿੱਲੀ ਸਰਕਾਰ ਨੂੰ ਲਿਖ ਕੇ ਦਿੱਤਾ ਸੀ ਕਿ ਮਾਰਚ 2013 ਤੋਂ ਸਕੂਲ ਸਟਾਫ ਨੂੰ 6ਵੇਂ ਪੇ-ਕਮਿਸ਼ਨ ਅਨੁਸਾਰ ਤਨਖਾਹਾਂ ਦਿੱਤੀਆਂ ਜਾਣਗੀਆਂ ਤੇ ਸਰਕਾਰ ਰਾਜ਼ੀ ਵੀ ਹੋ ਗਈ ਸੀ ਪਰ ਚੋਣਾਂ ਤੋਂ ਬਾਅਦ ਬਾਦਲ ਦਲ ਨੇ ਸਟਾਫ ਨੂੰ ਮਾਰਚ 2013 ਤੋਂ 6ਵੇਂ ਪੇ-ਕਮਿਸ਼ਨ ਮੁਤਾਬਕ ਤਨਖਾਹਾਂ ਨਹੀਂ ਦਿੱਤੀਆਂ ਅਤੇ ਸਟਾਫ ਨੇ ਮਜਬੂਰ ਹੋ ਕੇ ਕੋਰਟ ਵਿਚ ਮੁਕੱਦਮੇ ਦਾਇਰ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਕਮੇਟੀ 'ਤੇ ਕਰੋੜਾਂ ਰੁਪਏ ਤੋਂ ਉਪਰ ਦੀ ਦੇਣਦਾਰੀ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਕੂਲਾਂ ਦੇ ਬੱਚਿਆਂ ਤੋਂ ਲੱਖਾਂ ਰੁਪਏ ਫੀਸਾਂ ਵਸੂਲੀਆਂ ਜਾ ਰਹੀਆਂ ਹਨ ਤਾਂ ਫਿਰ ਸਟਾਫ ਨੂੰ ਤਨਖਾਹਾਂ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ? ਉਨ੍ਹਾਂ ਕਿਹਾ ਕਿ ਜੇਕਰ ਕਮੇਟੀ ਦਾ ਕਾਰਜਕਾਰੀ ਪ੍ਰਧਾਨ ਬਿਨਾਂ ਜੀ. ਕੇ. ਦੇ ਵਿਦੇਸ਼ ਤੋਂ ਪਰਤਣ ਦਾ ਇੰਤਜ਼ਾਰ ਕੀਤੇ ਬਹਿਸ ਕਰਨ ਦਾ ਚਾਹਵਾਨ ਹੈ ਤਾਂ ਜਨਤਕ ਤੌਰ 'ਤੇ ਅਸੀਂ ਬਹਿਸ ਲਈ ਤਿਆਰ ਹਾਂ ਤੇ ਸਾਨੂੰ ਤਰੀਕ, ਸਮਾਂ ਤੇ ਸਥਾਨ ਦੱਸਿਆ ਜਾਵੇ, ਨਹੀਂ ਤਾਂ ਸੰਗਤਾਂ ਦੀ ਮੌਜੂਦਗੀ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਬਹਿਸ ਕਰ ਕੇ ਸੰਗਤਾਂ ਨੂੰ ਸੱਚ ਤੋਂ ਜਾਣੂ ਕਰਵਾਇਆ ਜਾਵੇ।
ਸਰਨਾ ਪਾਰਟੀ ਵਿਚਾਰਧਾਰਕ ਤੌਰ 'ਤੇ ਅਪਾਹਿਜ : ਕਾਲਕਾ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਕਮੇਟੀ ਸਕੂਲਾਂ ਦੇ ਅਰਥਚਾਰੇ ਨੂੰ ਲੈ ਕੇ ਕੀਤੀ ਗਈ ਪ੍ਰੈੱਸ ਕਾਨਫਰੰਸ 'ਤੇ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਪ੍ਰਤੀਕਿਰਿਆ ਦਿੰਦਿਆਂ ਸਰਨਾ ਪਾਰਟੀ ਨੂੰ ਵਿਚਾਰਧਾਰਕ ਤੌਰ 'ਤੇ ਅਪਾਹਿਜ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਰਨਾ ਨੇ ਆਪਣੇ ਬਿਆਨ ਰਾਹੀਂ ਇਸ ਗੱਲ ਦਾ ਇੰਕਸ਼ਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਕਮੇਟੀ ਦੇ ਸਮੂਹ ਸਟਾਫ਼ ਦੇ ਹੱਕਾਂ 'ਤੇ ਡਾਕਾ ਇਕ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਮਾਰਿਆ ਗਿਆ ਸੀ। ਉਨ੍ਹਾਂ ਸਰਨਾ ਵੱਲੋਂ ਕੀਤੀ ਗਈ ਨੁਕਤਾਚੀਨੀ ਨੂੰ ਗੰਭੀਰ ਅਪਰਾਧ ਦੱਸਿਆ। ਕਾਲਕਾ ਨੇ ਸਰਨਾ ਨੂੰ ਸਟਾਫ਼ ਵਿਰੋਧੀ ਦੱਸਦਿਆਂ ਇਸ ਮਸਲੇ 'ਤੇ ਬਹਿਸ ਲਈ ਪੇਸ਼ਕਸ਼ ਕੀਤੀ।
ਘਰ 'ਚ ਦਾਖਲ ਹੋ ਕੇ ਕੀਤੇ ਹਵਾਈ ਫਾਇਰ
NEXT STORY