ਬੁਢਲਾਡਾ (ਬਾਂਸਲ) : ਦਲਿਤ ਪਰਿਵਾਰਾਂ ਨੂੰ ਦਿੱਤੇ ਜਾਣ ਵਾਲੇ 6 ਮਰਲੇ ਦੇ ਪਲਾਟਾਂ ਦੀ ਗਲਤ ਵੰਡ ਦਾ ਵਿਰੋਧ ਕਰਨ ਵਾਲੀ ਦਲਿਤ ਜਨਾਨੀ ਗਰਭਵਤੀ ਸਰਪੰਚ ਬੀਬੀ ਦਾ ਪ੍ਰਸ਼ਾਸਨ ਦੇ ਦਬਾਅ ਕਾਰਨ ਮਾਨਸਿਕ ਤੌਰ 'ਤੇ ਪ੍ਰੇਸ਼ਾਨੀ ਕਾਰਨ ਗਰਭਪਾਤ ਹੋਣ ਦੀ ਸ਼ੰਕਾ ਦੇ ਖਿਲਾਫ ਹਲਕੇ ਦੇ ਪੰਚਾਂ-ਸਰਪੰਚਾਂ ਅਤੇ ਚੁਣੇ ਹੋਏ ਨੁਮਾਇੰਦਿਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਦੇ ਕਾਰਨ ਅੱਜ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਪਿੰਡ ਭਖੜਿਆਲ ਦੀ ਦਲਿਤ ਕਾਂਗਰਸੀ ਸਰਪੰਚ ਸੰਦੀਪ ਕੌਰ ਨੂੰ ਦਾਖਲ ਕਰਵਾਇਆ ਗਿਆ ਅਤੇ ਸਰਪੰਚ ਸਮੇਤ ਉਸਦੇ ਪਤੀ ਖਿਲਾਫ ਦਰਜ ਕੀਤੇ ਝੂਠੇ ਮੁਕੱਦਮੇ ਅਤੇ ਧੱਕੇਸ਼ਾਹੀ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਪੰਚਾਇਤ ਯੂਨੀਅਨ ਦੇ ਪ੍ਰਧਾਨ ਸੂਬੇਦਾਰ ਸਰਪੰਚ ਭੋਲਾ ਸਿੰਘ ਹਸਨਪੁਰ ਦੀ ਅਗਵਾਈ 'ਚ ਨਾਅਰੇਬਾਜ਼ੀ ਕਰਦਿਆਂ ਕਾਰਵਾਈ ਦੀ ਮੰਗ ਕੀਤੀ ਗਈ। ਇਸ ਮੌਕੇ ਜ਼ੇਰੇ ਇਲਾਜ ਸਰਪੰਚਨੀ ਸੰਦੀਪ ਕੌਰ ਵੱਲੋਂ ਡੀ. ਜੀ. ਪੀ. ਪੰਜਾਬ ਨੂੰ ਇੱਕ ਪੱਤਰ ਲਿਖ ਕੇ ਦਰਜ ਕੀਤੇ ਗਏ ਝੂਠੇ ਮੁਕੱਦਮੇ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਪਹਿਲਾ ਪੜਤਾਲ ਕੀਤੇ ਬਿਨਾਂ ਮੇਰੇ ਅਤੇ ਮੇਰੇ ਪਤੀ ਦੇ ਖਿਲਾਫ ਝੂਠਾ ਮੁਕੱਦਮਾ ਦਰਜ ਕਰ ਦਿੱਤਾ ਹੈ।
ਦੋਸ਼ੀਆਂ ਖਿਲਾਫ ਕਾਰਵਾਈ ਦੀ ਕੀਤੀ ਮੰਗ
ਉਨ੍ਹਾਂ ਦੱਸਿਆ ਕਿ ਜੇਕਰ ਮੇਰੇ ਪੇਟ 'ਚ ਪਲ ਰਹੇ ਗਰਭ ਦਾ ਨੁਕਸਾਨ ਹੁੰਦਾ ਹੈ ਤਾਂ ਉਸਦੀ ਜ਼ਿੰਮੇਵਾਰ ਬੀ. ਡੀ. ਪੀ. ਓ. ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ 'ਤੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਵੀ ਦਲਿਤ ਜਨਾਨੀ ਸਰਪੰਚ ਨਾਲ ਹੋਈ ਧੱਕੇਸ਼ਾਹੀ ਦਾ ਸਖ਼ਤ ਵਿਰੋਧ ਕਰਦਿਆਂ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ। ਦੂਸਰੇ ਪਾਸੇ ਜ਼ੇਰੇ ਇਲਾਜ ਸਰਪੰਚ ਬੀਬੀ ਸੰਦੀਪ ਕੌਰ ਨੂੰ ਜਨਾਨੀਆਂ ਦੇ ਮਾਹਿਰ ਡਾਕਟਰ ਵੱਲੋਂ ਅਗਲੀ ਜਾਂਚ ਲਈ ਪਟਿਆਲਾ ਦੇ ਸਰਕਾਰੀ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਦੋਂ ਡੀ. ਐੱਸ. ਪੀ. ਜਸਪਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਧੱਕੇਸ਼ਾਹੀ ਨੂੰ ਮੁੱਢੋਂ ਨਕਾਰਦਿਆਂ ਕਿਹਾ ਕਿ ਪੁਲਸ ਵੱਲੋਂ ਬੀ. ਡੀ. ਪੀ. ਓ. ਬੁਢਲਾਡਾ ਦੀ ਦਰਖ਼ਾਸਤ 'ਤੇ ਹੀ ਮਾਮਲਾ ਦਰਜ ਕੀਤਾ ਗਿਆ ਹੈ। ਜਨਾਨੀ ਸਰਪੰਚ ਦੇ ਗਰਭਪਾਤ ਸਬੰਧੀ ਡਾਕਟਰਾਂ ਵੱਲੋਂ ਗਰਭਪਾਤ ਦੀ ਪੁਸ਼ਟੀ ਨਹੀਂ ਕੀਤੀ ਗਈ ਅਤੇ ਜਾਂਚ ਲਈ ਉਸਨੂੰ ਭੇਜਿਆ ਗਿਆ ਹੈ।
ਧੱਕੇਸ਼ਾਹੀ ਦਾ ਮਾਮਲਾ ਮੁੱਖ ਮੰਤਰੀ ਕੋਲ ਉਠਾਵਾਂਗੇ : ਮੰਗਤ ਰਾਏ ਬਾਂਸਲ
ਇਸ ਮੌਕੇ 'ਤੇ ਪਿੰਡ ਦੇ ਲੋਕਾਂ ਸਮੇਤ ਸਰਪੰਚਾਂ-ਪੰਚਾਂ ਦੇ ਗੁੱਸੇ ਨੂੰ ਸ਼ਾਤ ਕਰਨ ਲਈ ਵਿਸ਼ੇਸ਼ ਤੌਰ 'ਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਸਰਕਾਰੀ ਹਸਪਤਾਲ 'ਚ ਪੁੱਜ ਕੇ ਇਸ ਧੱਕੇਸ਼ਾਹੀ ਦੀ ਨਿਖੇਧੀ ਕੀਤੀ ਗਈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨਾਲ ਸਬੰਧਤ ਸਰਪੰਚ ਬੀਬੀ ਖਿਲਾਫ ਕੀਤੀ ਗਈ ਧੱਕੇਸ਼ਾਹੀ ਅਤੇ ਦਰਜ ਕੀਤਾ ਗਿਆ ਝੂਠਾ ਮੁਕੱਦਮਾ ਇੱਕ ਸੋਚੀ ਸਮਝੀ ਚਾਲ ਹੈ। ਉਨ੍ਹਾਂ ਕਿਹਾ ਕਿ ਗਰਭਵਤੀ ਸਰਪੰਚ ਬੀਬੀ ਦੇ ਖਿਲਾਫ ਪੁਲਸ ਵੱਲੋਂ ਦਰਜ ਕੀਤੇ ਗਏ ਮੁਕੱਦਮੇ ਤੋਂ ਪਹਿਲਾਂ ਮਾਮਲੇ ਦੀ ਪੁਲਸ ਵੱਲੋਂ ਪੜਤਾਲ ਕਰਨੀ ਚਾਹੀਦੀ ਸੀ। ਉਨ੍ਹਾਂ ਇਸ ਮਾਮਲੇ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਧਿਆਨ 'ਚ ਲਿਆਉਣ ਦਾ ਭਰੋਸਾ ਦਿੱਤਾ।
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
NEXT STORY