ਜਲੰਧਰ(ਅਮਿਤ)-ਅੱਜ ਦੇ ਇਸ ਯੁਗ ਵਿਚ ਜਿਥੇ ਆਧੁਨਿਕ ਤਕਨੀਕ ਦੀ ਵਰਤੋਂ ਕਰ ਕੇ ਮਨੁੱਖੀ ਜ਼ਿੰਦਗੀ ਨੂੰ ਸਰਲ ਅਤੇ ਵਧੀਆ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਥੇ ਦੂਜੇ ਪਾਸੇ ਇਸ ਆਧੁਨਿਕ ਤਕਨੀਕ ਦਾ ਮਿਸ ਯੂਜ਼ ਕਰ ਕੇ ਕੁਝ ਲੋਕ ਆਪਣੇ ਨਿੱਜੀ ਸਵਾਰਥ ਦੀ ਪੂਰਤੀ ਕਰਨ 'ਚ ਲੱਗੇ ਹੋਏ ਹਨ। ਅਜਿਹੀ ਹੀ ਇਕ ਗੱਲ ਟਰਾਂਸਪੋਰਟ ਵਿਭਾਗ ਦੇ ਅੰਦਰ ਕੰਮ ਕਰ ਰਹੇ ਨਿੱਜੀ ਕੰਪਨੀ ਦੇ ਕਰਮਚਾਰੀਆਂ ਵੱਲੋਂ ਕੀਤੇ ਗਏ ਘਪਲਿਆਂ ਨੂੰ ਲੈ ਕੇ ਸਾਹਮਣੇ ਆ ਰਹੀ ਹੈ, ਜਿਸ ਵਿਚ ਅਧਿਕਾਰੀ ਦੀ ਇਕ ਫੇਕ ਆਈ. ਡੀ. ਦੀ ਵਰਤੋਂ ਕਰਦੇ ਹੋਏ ਸਾਰੇ ਗਲਤ ਕੰਮ ਖੁੱਲ੍ਹ ਕੇ ਕੀਤੇ ਜਾ ਰਹੇ ਹਨ। ਹਾਲਾਂਕਿ ਫੇਕ ਆਈ. ਡੀ. ਦੀ ਵਰਤੋਂ ਨੂੰ ਲੈ ਕੇ ਵਿਭਾਗ ਵਿਚ ਕੋਈ ਵੀ ਖੁੱਲ੍ਹ ਕੇ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੈ ਪਰ ਇੰਨਾ ਤੈਅ ਹੈ ਕਿ ਵਿਭਾਗ ਵਿਚ ਬਹੁਤ ਸਾਰੇ ਲੋਕਾਂ ਨੂੰ ਇਸ ਪੂਰੇ ਗੋਰਖ-ਧੰਦੇ ਦੀ ਜਾਣਕਾਰੀ ਸੀ ਅਤੇ ਉਹ ਪਤਾ ਨਹੀਂ ਕਿਸ ਕਾਰਨ ਜ਼ੁਬਾਨ 'ਤੇ ਤਾਲਾ ਲਾਈ ਬੈਠੇ ਹੋਏ ਹਨ।
ਹਾਲ ਹੀ 'ਚ ਸਾਹਮਣੇ ਆਏ ਇਕ ਮਾਮਲੇ 'ਚ ਵੀ ਹੋਈ ਸੀ ਫੇਕ ਆਈ. ਡੀ. ਦੀ ਵਰਤੋਂ
ਸੂਤਰਾਂ ਦਾ ਕਹਿਣਾ ਹੈ ਕਿ ਹਾਲ ਹੀ ਵਿਚ ਵਿਜੀਲੈਂਸ ਵਿਭਾਗ ਵੱਲੋਂ ਪੈਸੇ ਲੈ ਕੇ ਬਿਨਾਂ ਗੱਡੀ ਚਲਾਏ ਟੈਸਟ ਪਾਸ ਕਰਨ ਦਾ ਜੋ ਮਾਮਲਾ ਸਾਹਮਣੇ ਆਇਆ ਸੀ, ਉਸ 'ਚ ਵੀ ਇਸ ਫੇਕ ਆਈ. ਡੀ. ਦੀ ਵਰਤੋਂ ਕਰ ਕੇ ਲਾਇਸੈਂਸ ਦਾ ਅਪਰੂਵਲ ਤੇ ਪਿੰ੍ਰਟ ਕੱਢਿਆ ਗਿਆ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫੇਕ ਆਈ. ਡੀ. ਤੋਂ ਪਿਛਲੇ ਕੁਝ ਸਮੇਂ ਦੌਰਾਨ ਵੱਡੀ ਗਿਣਤੀ 'ਚ ਡਾਇਰੈਕਟ ਐਂਟਰੀ ਵਾਲੇ ਲਾਇਸੈਂਸ ਵੀ ਜਾਰੀ ਕੀਤੇ ਗਏ ਹਨ। ਇਸ ਆਈ. ਡੀ. ਤੱਕ ਕੁਝ ਕਰਮਚਾਰੀਆਂ ਦੀ ਪਹੁੰਚ ਬਣੀ ਹੋਈ ਸੀ ਤੇ ਉਹ ਹਰ ਮਹੀਨੇ ਗਲਤ ਕੰਮ ਕਰ ਕੇ ਲੱਖਾਂ ਰੁਪਏ ਕਮਾਉਂਦੇ ਰਹੇ ਹਨ।
ਜੇਕਰ ਡੂੰਘਾਈ ਨਾਲ ਜਾਂਚ ਹੋਵੇ ਤਾਂ ਖੁੱਲ੍ਹ ਸਕਦੇ ਹਨ ਕਈ ਵੱਡੇ ਰਾਜ਼
ਜਿਸ ਤਰ੍ਹਾਂ ਨਾਲ ਇਕ ਹੋਰ ਸ਼ਹਿਰ ਦੀ ਆਨਲਾਈਨ ਆਈ. ਡੀ. ਦੀ ਗਲਤ ਢੰਗ ਨਾਲ ਵਰਤੋਂ ਕਰ ਕੇ ਜਾਅਲਸਾਜ਼ੀ ਨੂੰ ਅੰਜਾਮ ਦੇਣ ਦੀ ਗੱਲ ਸਾਹਮਣੇ ਆ ਰਹੀ ਹੈ, ਉਸ ਨੂੰ ਦੇਖਦੇ ਹੋਏ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜੇਕਰ ਵਿਜੀਲੈਂਸ ਵਿਭਾਗ ਦਾ ਟਰਾਂਸਪੋਰਟ ਵਿਭਾਗ ਆਪਣੇ ਪੱਧਰ 'ਤੇ ਡੂੰਘਾਈ ਨਾਲ ਇਸ ਮਾਮਲੇ ਦੀ ਜਾਂਚ ਕਰਦਾ ਹੈ ਅਤੇ ਫੇਕ ਆਈ. ਡੀ. ਦਾ ਪਤਾ ਲਗਾ ਕੇ ਉਸ ਵਿਚ ਕੀਤੇ ਗਏ ਸਾਰੇ ਕੰਮ ਦੀ ਜਾਂਚ-ਪੜਤਾਲ ਕੀਤੀ ਜਾਂਦੀ ਹੈ ਤਾਂ ਆਉਣ ਵਾਲੇ ਸਮੇਂ 'ਚ ਕਈ ਵੱਡੇ ਰਾਜ਼ ਖੁੱਲ੍ਹ ਸਕਦੇ ਹਨ।
ਮਾਮਲੇ ਦੀ ਜਾਣਕਾਰੀ ਨਹੀਂ, ਜਾਂਚ ਹੋਵੇਗੀ : ਸੈਕਟਰੀ ਆਰ. ਟੀ. ਏ.
ਸੈਕਟਰੀ ਆਰ. ਟੀ. ਏ. ਦਰਬਾਰਾ ਸਿੰਘ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਨੂੰ ਇਸ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ ਪਰ ਉਹ ਇਸ ਦੀ ਜਾਂਚ ਕਰਵਾਉਣਗੇ ਅਤੇ ਜੇਕਰ ਅਸਲ 'ਚ ਕਿਸੇ ਫੇਕ ਆਨਲਾਈਨ ਆਈ. ਡੀ. ਦੀ ਵਰਤੋਂ ਕਰ ਕੇ ਗਲਤ ਕੰਮ ਕੀਤੇ ਗਏ ਹਨ ਤਾਂ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ।
ਕੀ ਹੈ ਮਾਮਲਾ, ਕਿਵੇਂ ਹੁੰਦੇ ਹਨ ਗਲਤ ਕੰਮ?
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਮਾਰਟ ਚਿੱਪ ਕੰਪਨੀ ਦੇ ਕੁਝ ਲਾਲਚੀ ਕਿਸਮ ਦੇ ਕਰਮਚਾਰੀਆਂ ਨੇ ਆਰ. ਟੀ. ਏ. ਦੇ ਨਾਂ ਨਾਲ ਬਣੀ ਸਹੀ ਆਈ. ਡੀ. ਦੇ ਨਾਂ ਨਾਲ ਉਸੇ ਤਰ੍ਹਾਂ ਦੀ ਇਕ ਫੇਕ ਆਈ. ਡੀ. ਬਣਾਈ ਹੋਈ ਸੀ। ਇਸ ਦੀ ਵਰਤੋਂ ਉਹ ਆਪਣੇ ਗਾਹਕਾਂ ਦੇ ਹਰ ਤਰ੍ਹਾਂ ਦੇ ਗਲਤ ਤੇ ਸਹੀ ਲਾਇਸੈਂਸ ਬਣਾਉਣ ਲਈ ਕਰਦੇ ਸਨ। ਸੂਤਰਾਂ ਦੀ ਮੰਨੀਏ ਤਾਂ ਟ੍ਰੈਕ 'ਤੇ ਤਾਇਨਾਤ ਇਕ ਸਾਬਕਾ ਕਰਮਚਾਰੀ ਜਿਸ ਨੂੰ ਹਾਲ ਹੀ ਵਿਚ ਨਿੱਜੀ ਕੰਪਨੀ ਵੱਲੋਂ ਲਏ ਗਏ ਸਖਤ ਐਕਸ਼ਨ ਵਿਚ ਫੋਰਸ ਲੀਵ 'ਤੇ ਭੇਜਿਆ ਗਿਆ ਹੈ, ਉਸ ਵੱਲੋਂ ਆਈ. ਡੀ. ਦੀ ਖੂਬ ਵਰਤੋਂ ਕੀਤੀ ਜਾਂਦੀ ਸੀ।
ਇਕ ਜ਼ਿਲੇ 'ਚ ਕਿਸੇ ਵੀ ਲਾਇਸੈਂਸ ਅਰਜ਼ੀ ਲਈ ਕਿਤੇ ਵੀ ਟੈਸਟ ਦਿੱਤਾ ਜਾ ਸਕਦਾ ਹੈ। ਨਿਯਮ ਅਨੁਸਾਰ ਜੇਕਰ ਜਲੰਧਰ ਦੇ ਕਿਸੇ ਅਪਲਾਈਕਰਤਾ ਨੇ ਆਪਣੇ ਲਾਇਸੈਂਸ ਲਈ ਫਿਲੌਰ, ਨਕੋਦਰ ਜਾਂ ਸ਼ਾਹਕੋਟ 'ਚ ਟੈਸਟ ਦਿੱਤਾ ਹੈ ਤਾਂ ਉਸ ਦੇ ਲਾਇਸੈਂਸ ਦਾ ਪਿੰ੍ਰਟ ਇਨ੍ਹਾਂ ਥਾਵਾਂ ਤੋਂ ਇਲਾਵਾ ਜਲੰਧਰ ਤੋਂ ਵੀ ਕੱਢਿਆ ਜਾ ਸਕਦਾ ਹੈ। ਇਸ ਨਿਯਮ ਦਾ ਫਾਇਦਾ ਉਠਾਉਂਦੇ ਹੋਏ ਸ਼ਾਤਰ ਕਰਮਚਾਰੀ ਆਪਣੇ ਗਾਹਕਾਂ ਦਾ ਟੈਸਟ ਜਲੰਧਰ ਦੇ ਟ੍ਰੈਕ 'ਤੇ ਲੈਂਦੇ ਸਨ ਪਰ ਉਸ ਦੇ ਲਾਇਸੈਂਸ ਦਾ ਅਪਰੂਵਲ ਅਤੇ ਹੋਰ ਸਾਰੇ ਕੰਮ ਫੇਕ ਆਨਲਾਈਨ ਆਈ. ਡੀ. 'ਚ ਕਰਦੇ ਸਨ। ਅਜਿਹਾ ਕਰਦੇ ਹੋਏ ਉਹ ਬੜੀ ਆਸਾਨੀ ਨਾਲ ਅਧਿਕਾਰੀਆਂ ਦੀਆਂ ਨਜ਼ਰਾਂ ਤੋਂ ਲੁਕੇ ਰਹਿੰਦੇ ਸਨ।
ਜਲੰਧਰ 'ਚ ਸਿੰਡੀਕੇਟ ਬਣਨ 'ਤੇ ਵਧੇਗਾ ਸ਼ਰਾਬ ਦਾ ਰੇਟ
NEXT STORY