ਨਵਾਂਸ਼ਹਿਰ(ਤ੍ਰਿਪਾਠੀ, ਮਨੋਰੰਜਨ)- ਜਾਅਲੀ ਰਸੀਦਾਂ ਕੱਟ ਕੇ ਗ੍ਰਾਮ ਪੰਚਾਇਤ ਜਲ ਸਪਲਾਈ ਕਮੇਟੀ ਕਰੀਮਪੁਰ ਨਾਲ 3.52 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਦਾ ਘਪਲਾ ਕਰਨ ਦੇ ਦੋਸ਼ਾਂ ਹੇਠ ਕੰਟਰੈਕਟ 'ਤੇ ਕੰਮ ਕਰਨ ਵਾਲੇ ਪੰਪ ਆਪ੍ਰੇਟਰ ਖਿਲਾਫ਼ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ । ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ 'ਚ ਜੀ.ਪੀ.ਡਬਲਊ., ਐੱਸ.ਸੀ. ਕਰੀਮਪੁਰ ਨੇ ਦੱਸਿਆ ਕਿ ਅਰਵਿੰਦਰ ਕੁਮਾਰ ਵਿੱਕੀ ਪੁੱਤਰ ਅਵਤਾਰ ਚੰਦ ਵਾਸੀ ਪਿੰਡ ਕਰੀਮਪੁਰ ਨੂੰ ਕਮੇਟੀ ਵੱਲੋਂ ਇਕਮੁਸ਼ਤ 5 ਹਜ਼ਾਰ ਰੁਪਏ ਤਨਖਾਹ ਪ੍ਰਤੀ ਮਹੀਨਾ 'ਤੇ ਬਤੌਰ ਪੰਪ ਆਪ੍ਰੇਟਰ ਨਿਯੁਕਤ ਕੀਤਾ ਸੀ ਜਿਸ ਦੀ ਜ਼ਿੰਮੇਵਾਰੀ ਲੋਕਾਂ ਤੋਂ ਪਾਣੀ ਦੇ ਬਿੱਲ ਇਕੱਠੇ ਕਰਨ ਦੀ ਵੀ ਲਾਈ ਗਈ ਸੀ । ਉਕਤ ਪੰਪ ਆਪ੍ਰੇਟਰ ਜਨਵਰੀ 2014 ਤੋਂ ਕੰਮ ਕਰ ਰਿਹਾ ਹੈ ਤੇ ਉਹ ਆਪਣੇ ਕਾਰਜਕਾਲ ਦੌਰਾਨ ਲੋਕਾਂ ਨੂੰ ਜਾਅਲੀ ਰਸੀਦਾਂ ਦੇ ਕੇ ਪਾਣੀ ਦੇ ਬਿੱਲਾਂ ਦੀ ਰਾਸ਼ੀ ਵਸੂਲੀ ਕਰਦਾ ਰਿਹਾ । ਕਮੇਟੀ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਕਤ ਪੰਪ ਆਪ੍ਰੇਟਰ ਨੇ ਇਸ ਤਰ੍ਹਾਂ 3.52 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਦਾ ਘਪਲਾ ਕੀਤਾ ਹੈ । ਮਾਮਲਾ ਧਿਆਨ 'ਚ ਆਉਣ ਦੇ ਬਾਅਦ ਉਕਤ ਆਪ੍ਰੇਟਰ ਨੇ ਆਪਣਾ ਜੁਰਮ ਕਬੂਲ ਕਰ ਕੇ ਕਮੇਟੀ ਨੂੰ ਪ੍ਰਤੀ ਮਹੀਨਾ 10 ਹਜ਼ਾਰ ਰੁਪਏ ਦੀ ਰਾਸ਼ੀ ਵਾਪਸ ਕਰਨ ਦਾ ਭਰੋਸਾ ਦਿੱਤਾ ਸੀ ਪਰ ਪੈਸੇ ਵਾਪਸ ਨਹੀਂ ਕੀਤੇ । ਉਕਤ ਸ਼ਿਕਾਇਤ ਦੀ ਜਾਂਚ ਐੱਸ.ਐੱਚ.ਓ. ਸਦਰ ਵੱਲੋਂ ਕਰਨ ਅਤੇ ਡੀ.ਏ. ਲੀਗਲ ਦੀ ਰਾਏ ਲੈਣ ਉਪਰੰਤ ਦੋਸ਼ੀ ਖਿਲਾਫ਼ ਥਾਣਾ ਸਦਰ ਨਵਾਂਸ਼ਹਿਰ 'ਚ ਧਾਰਾ 408 ਤਹਿਤ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਰਾਹੋਂ-ਨਵਾਂਸ਼ਹਿਰ ਦੀ ਖੂਨੀ ਸੜਕ ਬਣਾਉਣ ਦਾ ਕੰਮ ਹੋਇਆ ਸ਼ੁਰੂ
NEXT STORY