ਲੁਧਿਆਣਾ (ਖੁਰਾਣਾ): ਖੁਰਾਕ ਅਤੇ ਸਪਲਾਈ ਵਿਭਾਗ ਦੇ ਪੱਛਮੀ ਸਰਕਲ ਦੇ ਅਧੀਨ ਪੈਂਦੇ ਜਗਰਾਓਂ ਇਲਾਕੇ ਦੇ ਸ਼ੇਰਪੁਰ ਰੋਡ ’ਤੇ ਸਥਿਤ ਇਕ ਨਿੱਜੀ ਸ਼ੈਲਰ ’ਚ ਵਿਭਾਗੀ ਅਧਿਕਾਰੀਆਂ ਵੱਲੋਂ ਸਟੋਰ ਕੀਤੀ ਗਈ ਸਰਕਾਰੀ ਕਣਕ ਦੇ ਘਪਲੇ ਨੂੰ ਲੈ ਕੇ ਉੱਠਿਆ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸ਼ਿਕਾਇਤਕਰਤਾ ਅਰਵਿੰਦ ਸ਼ਰਮਾ ਵਲੋਂ ਵਿਭਾਗ ਦੇ ਕੰਟਰੋਲਰ ਸਰਤਾਜ ਸਿੰਘ ਚੀਮਾ ਖਿਲਾਫ਼ ਹੇਠਲੇ ਪੱਧਰ ਦੇ ਕਰਮਚਾਰੀਆਂ ਨੂੰ ਮੋਹਰਾ ਬਣਾ ਕੇ ਏ. ਐੱਫ. ਐੱਸ. ਓ. ਬੇਅੰਤ ਸਿੰਘ ਨੂੰ ਬਚਾਉਣ ਲਈ ਕਥਿਤ ਤੌਰ ’ਤੇ ਇਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਕਲੀਨ ਚਿੱਟ ਦੇਣ ਦੇ ਗੰਭੀਰ ਦੋਸ਼ ਲਗਾਏ ਗਏ ਹਨ।
ਅਰਵਿੰਦ ਸ਼ਰਮਾ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿਜੀਲੈਂਸ ਬਿਓਰੋ ਦੇ ਡਾਇਰੈਕਟਰ ਨੂੰ ਘਪਲੇ ਦੀ ਜਾਂਚ ਵਿਜੀਲੈਂਸ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਕਰਵਾਉਣ ਦਾ ਮੁੱਦਾ ਚੁੱਕਿਆ ਗਿਆ ਹੈ। ਉਨ੍ਹਾਂ ਦੋਸ਼ ਲਗਾਏ ਹਨ ਕਿ ਖੁਰਾਕ ਅਤੇ ਸਪਲਾਈ ਵਿਭਾਗ ਦੇ ਕੰਟ੍ਰੋਲਰ ਸਰਤਾਜ ਸਿੰਘ ਚੀਮਾ ਵਲੋਂ ਕਰੋੜਾਂ ਰੁਪਏ ਦੇ ਹੋਏ ਘਪਲੇ ਮਾਮਲੇ ’ਚ ਕਣਕ ਗੋਦਾਮ ਇੰਚਾਰਜ ਜਸਪਾਲ ਸਿੰਘ ਸਮੇਤ ਰਾਜੀਵ ਤਿਵਾੜੀ ਅਤੇ ਹਰਜੀਤ ਸਿੰਘ ਨੂੰ ਚਾਰਜਸ਼ੀਟ ਕਰ ਕੇ ਮੌਕੇ ਦੇ ਏ. ਐੱਫ. ਐੱਸ. ਓ. ਬੇਅੰਤ ਸਿੰਘ ਨੂੰ ਘਪਲੇ ਦੇ ਮਾਮਲੇ ਦੇ ਸੇਕ ਤੋਂ ਬਚਾਉਣ ਦੀ ਘਟੀਆ ਰਣਨੀਤੀ ਅਪਣਾਈ ਜਾ ਰਹੀ ਹੈ, ਜਿਸ ਨੂੰ ਕਿਸੇ ਵੀ ਸੂਰਤ ’ਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਘਪਲਾ ਸਿੱਧੇ ਤੌਰ ’ਤੇ ਆਮ ਲੋਕਾਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੀ ਸਿਹਤ ਨਾਲ ਜੁੜਿਆ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - ਪੁੱਤ ਦੀ ਆਸ਼ਕੀ ਨੇ ਲੈ ਲਈ ਮਾਂ ਦੀ ਜਾਨ! ਪੰਜਾਬ 'ਚ ਵਾਪਰੀ ਰੂਹ ਕੰਬਾਊ ਘਟਨਾ
ਉਨ੍ਹਾਂ ਕਿਹਾ ਕਿ ਜਿਹੜੇ ਸਟੋਰ ’ਚ ਕਰੋੜਾਂ ਰੁਪਏ ਦੀ ਸਰਕਾਰੀ ਕਣਕ ਸਟੋਰ ਕੀਤੀ ਗਈ ਹੈ, ਉਹ ਸਟੋਰ ਏ. ਐੱਫ. ਐੱਸ. ਓ. ਬੇਅੰਤ ਸਿੰਘ ਦੀ ਸੁਪਰਵਿਜ਼ਨ ’ਚ ਪੈਂਦਾ ਹੈ। ਅਜਿਹੇ ’ਚ ਬੇਅੰਤ ਸਿੰਘ ਦੀ ਇਹ ਡਿਊਟੀ ਅਤੇ ਜ਼ਿੰਮੇਦਾਰੀ ਬਣਦੀ ਹੈ ਕਿ ਸਟੋਰ ’ਚ ਰੱਖੀ ਹੋਈ ਕਣਕ ਦੀ ਸਮੇਂ-ਸਮੇਂ ’ਤੇ ਜਾਂਚ ਕੀਤੀ ਜਾਵੇ, ਜਿਸ ’ਚ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਏ ਹਨ। ਉਨ੍ਹਾਂ ਕਿਹਾ ਇਸ ਸਾਰੇ ਐਪੀਸੋਡ ’ਚ ਬੇਅੰਤ ਸਿੰਘ ਦੀ ਵੱਡੀ ਮਿਲੀਭੁਗਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ। ਅਜਿਹੇ ’ਚ ਕੰਟ੍ਰੋਲਰ ਸਰਤਾਜ ਸਿੰਘ ਚੀਮਾ ਨੂੰ ਅਨਾਜ ਘਪਲਾ ਮਾਮਲੇ ’ਚ ਏ. ਐੱਫ. ਐੱਸ. ਓ. ਦੀ ਜ਼ਿੰਮੇਦਾਰੀ ਫਿਕਸ ਕਰਦੇ ਹੋਏ ਉਨ੍ਹਾਂ ਖਿਲਾਫ ਵੱਡੀ ਪ੍ਰਸ਼ਾਸਨਿਕ ਕਾਰਵਾਈ ਕਰਨੀ ਚਾਹੀਦੀ ਸੀ, ਜੋ ਕਿ ਜਾਣਬੁੱਝ ਕੇ ਨਹੀਂ ਕੀਤੀ ਗਈ ਹੈ।
ਸ਼ਿਕਾਇਤਕਰਤਾ ਅਰਵਿੰਦ ਸ਼ਰਮਾ ਵਲੋਂ ਅਨਾਜ ਘਪਲੇ ਮਾਮਲੇ ’ਚ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਦੇ ਮੁੱਖ ਸਕੱਤਰ, ਡਾਇਰੈਕਟਰ ਵਿਜੀਲੈਂਸ ਬਿਓਰੋ ਨੂੰ ਸ਼ਿਕਾਇਤ ਪੱਤਰ ਭੇਜਣ ਦਾ ਦਾਅਵਾ ਕੀਤਾ ਗਿਆ ਹੈ, ਤਾਂ ਜੋ ਉਕਤ ਮਾਮਲੇ ਦੀ ਉੱਚ ਪੱਧਰੀ ਜਾਂਚ ਕਰ ਕੇ ਦੋਸ਼ੀ ਪਾਏ ਜਾਣ ਵਾਲੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਉਨ੍ਹਾਂ ਲਈ ਵਿਭਾਗੀ ਅਤੇ ਕਾਨੂੰਨੀ ਸਜ਼ਾ ਮਿਲ ਸਕੇ।
ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਦੇ ਹੋਏ ਅਨਾਜ ਘਪਲੇ ਦੇ ਮਾਮਲੇ ’ਚ ਕੰਟ੍ਰੋਲਰ ਸਰਤਾਜ ਸਿੰਘ ਚੀਮਾ ਵਲੋਂ ਹੇਠਲੇ ਪੱਧਰ ਦੇ ਕਰਮਚਾਰੀਆਂ ਨੂੰ ਚਾਰਜ ਸ਼ੀਟ ਕਰ ਕੇ ਖਾਨਾਪੂਰਤੀ ਕਰਨ ਦੀ ਗੇਮ ਖੇਡੀ ਜਾ ਰਹੀ ਹੈ, ਜਦਕਿ ਸਬੰਧਤ ਕਰਮਚਾਰੀਆਂ ਤੋਂ ਸਰਕਾਰ ਨੂੰ ਹੋਏ ਨੁਕਸਾਨ ਦੀ ਭਰਪਾਈ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਗਏ ਹਨ, ਜਿਸ ਦੇ ਕਾਰਨ ਕੰਟ੍ਰੋਲਰ ਚੀਮਾ ਦੀ ਕਾਰਜਸ਼ੈਲੀ ਖਿਲਾਫ਼ ਸਵਾਲੀਆ ਨਿਸ਼ਾਨ ਖੜ੍ਹੇ ਹੋਣਾ ਲਾਜ਼ਮੀ ਹੈ ਕਿ ਉਨ੍ਹਾਂ ਵਲੋਂ ਖੁਰਾਕ ਅਤੇ ਸਪਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜੀ ਗਈ ਆਪਣੀ ਪੜਤਾਲੀਆਂ ਰਿਪੋਰਟ ’ਚ ਆਖ਼ਿਰਕਾਰ ਏ. ਐੱਫ. ਐੱਸ. ਓ. ਬੇਅੰਤ ਸਿੰਘ ਖਿਲਾਫ਼ ਕਿਉਂ ਨਹੀਂ ਲਿਖਿਆ ਗਿਆ ਹੈ।
ਮਾਮਲੇ ਨੂੰ ਲੈ ਕੇ ਕੰਟ੍ਰੋਲਰ ਚੀਮਾ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਵਲੋਂ ਵਿਭਾਗੀ ਕਰਮਚਾਰੀ ਗੋਦਾਮ ਇੰਚਾਰਜ ਜਸਪਾਲ ਸਿੰਘ ਸਮੇਤ ਰਾਜੀਵ ਿਤਵਾੜੀ ਅਤੇ ਹਰਜੀਤ ਸਿੰਘ ਨੂੰ ਚਾਰਜ਼ ਸ਼ੀਟ ਕਰ ਕੇ ਅਗਲੀ ਕਾਰਵਾਈ ਲਈ ਵਿਭਾਗ ਤੋਂ ਕੁਝ ਅਧਿਕਾਰੀਆਂ ਨੂੰ ਰਿਪੋਰਟ ਭੇਜੀ ਗਈ ਹੈ, ਜਿਸ ’ਚ ਏ. ਐੱਫ. ਐਸ. ਓ. ਬੇਅੰਤ ਸਿੰਘ ਦੇ ਨਾਂ ਦਾ ਉਨ੍ਹਾਂ ਵਲੋਂ ਕੋਈ ਜ਼ਿਕਰ ਤੱਕ ਨਾ ਕਰਨ ਦੀ ਗੱਲ ਕਬੂਲੀ ਜਾ ਰਹੀ ਹੈ।
ਚੰਡੀਗੜ੍ਹ 'ਚ ਸ਼ਨੀਵਾਰ ਦੀ ਰਾਤ ਰਹੀ ਸਭ ਤੋਂ ਠੰਡੀ, 12 ਡਿਗਰੀ ਤੋਂ ਹੇਠਾ ਡਿੱਗਿਆ ਪਾਰਾ
NEXT STORY