ਸਮਰਾਲਾ (ਬੰਗੜ, ਗਰਗ) - ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਤੇ ਸਿੱਖਿਆ ਪ੍ਰਬੰਧਾਂ ਨੂੰ ਸੁਚਾਰੂ ਰੂਪ 'ਚ ਲਾਗੂ ਕਰਨ ਲਈ ਅਹਿਮ ਫੈਸਲੇ ਲੈਂਦੇ ਹੋਏ 'ਮੋਬਾਇਲ ਐਪ' ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸਦੇ ਨਾਲ ਹੀ ਸਕੂਲ ਮੁਖੀਆਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਸਕੂਲ ਸਮੇਂ ਮੋਬਾਇਲ ਦੀ ਵਰਤੋਂ ਤੇ ਸੋਸ਼ਲ ਮੀਡੀਏ 'ਤੇ ਸਮਾਂ ਬਰਬਾਦ ਕਰਨ ਵਾਲੇ ਅਧਿਆਪਕਾਂ ਨੂੰ ਸਖ਼ਤੀ ਨਾਲ ਰੋਕਿਆ ਜਾਵੇ। ਵਿਭਾਗ ਦੀਆਂ ਇਨ੍ਹਾਂ ਹਦਾਇਤਾਂ ਨਾਲ ਕੰਮ ਚੋਰ ਅਧਿਆਪਕਾਂ ਤੇ ਕਰਮਚਾਰੀਆਂ ਦੀ ਮਨਮਰਜ਼ੀ 'ਤੇ ਲਗਾਮ ਕੱਸੀ ਜਾਵੇਗੀ।
ਜਾਣਕਾਰੀ ਅਨੁਸਾਰ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਵਲੋਂ ਜਾਰੀ ਪੱਤਰ ਵਿਚ ਸਕੂਲਾਂ ਦੇ ਸੁਧਾਰਾਂ ਲਈ ਸਕੂਲ ਮੁਖੀਆਂ ਨੂੰ 23 ਤਰ੍ਹਾਂ ਦੀਆਂ ਸਖ਼ਤ ਤੇ ਸਪੱਸ਼ਟ ਹਦਾਇਤਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ 'ਮੋਬਾਇਲ ਐਪ' ਅਹਿਮ ਗਿਣਿਆ ਜਾ ਰਿਹਾ ਹੈ, ਜੋ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਸਕੂਲ ਮੁਖੀ ਅਤੇ ਸਬੰਧਿਤ ਸਟਾਫ ਆਪਣੇ ਮੋਬਾਇਲ ਵਿਚ ਡਾਊਨਲੋਡ ਕਰਕੇ ਇੰਸਟਾਲ ਕਰੇਗਾ। ਇਸ ਤਰ੍ਹਾਂ ਮੁੱਖ ਦਫਤਰ ਨਾਲ ਜੁੜੇ ਮੋਬਾਇਲ ਐਪ 'ਤੇ ਕਿਸੇ ਵੀ ਸਮੇਂ ਉੱਚ ਅਧਿਕਾਰੀ ਸਕੂਲ ਗਤੀਵਿਧੀ ਦੀ ਜਾਣਕਾਰੀ ਲੈ ਸਕਣਗੇ। ਸਕੂਲਾਂ ਵਿਚ ਕੰਮ ਚੋਰ ਅਧਿਆਪਕਾਂ ਤੇ ਕਰਮਚਾਰੀਆਂ ਨੂੰ ਹੁਣ ਐਪ ਦਾ ਡਰ ਕੰਮ ਕਰਨ ਲਈ ਮਜਬੂਰ ਕਰ ਦੇਵੇਗਾ।
ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਹੁਣ ਬਿਜਲੀ ਦੀ ਬਚਤ ਆਪਣੇ ਘਰ ਵਾਂਗ ਕਰਨੀ ਹੋਵੇਗੀ, ਜਿਥੇ ਪੱਖੇ, ਲਾਈਟਾਂ ਤੇ ਬਿਜਲੀ ਦਾ ਹੋਰ ਸਾਜੋ-ਸਮਾਨ ਫਜ਼ੂਲ ਚੱਲ ਰਿਹਾ ਹੈ, ਉਸਨੂੰ ਬੰਦ ਕਰਵਾਉਣ ਦੀ ਜ਼ਿੰਮੇਵਾਰੀ ਲਈ ਸਕੂਲ ਮੁਖੀਆਂ ਨੂੰ ਪਾਬੰਦ ਕਰ ਦਿੱਤਾ ਗਿਆ ਹੈ। ਅਗਲੇ ਹੁਕਮਾਂ ਵਿਚ ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਦੇਣ ਲਈ ਸਕੂਲ ਮੁਖੀ ਤੇ ਅਧਿਆਪਕ ਕਦਮ ਚੁੱਕਣਗੇ ਤੇ ਉਹ ਆਪਣੇ ਪੱਧਰ 'ਤੇ ਕਹਾਣੀ, ਭਾਸ਼ਣ ਜਾਂ ਹੋਰ ਅਗਾਂਹਵਧੂ ਵਿਚਾਰਾਂ ਦੇ ਜ਼ਰੀਏ ਇਹ ਨੈਤਿਕ ਸਿੱਖਿਆ ਦੇਣਗੇ।
ਸਿੱਖਿਆ ਵਿਭਾਗ ਨੇ ਉਨ੍ਹਾਂ ਨਿੱਜੀ ਅਦਾਰਿਆਂ 'ਤੇ ਵੀ ਸ਼ਿਕੰਜਾ ਕੱਸਿਆ ਹੈ, ਜੋ ਟੇਢੇ ਢੰਗ ਨਾਲ ਆਪਣੀ ਇਸ਼ਤਿਹਾਰਬਾਜ਼ੀ ਕਰਨ ਲਈ ਸਕੂਲਾਂ ਵਿਚ ਪਹੁੰਚਦੇ ਹਨ, ਜਿਥੇ ਉਹ ਵੱਖ-ਵੱਖ ਢੰਗ-ਤਰੀਕਿਆਂ ਨਾਲ ਭਰਮਾ ਕੇ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਕੀਮਤੀ ਸਮਾਂ ਖਰਾਬ ਕਰਦੇ ਸਨ। ਵਿਭਾਗ ਨੇ ਕਿਹਾ ਹੈ ਕਿ ਜੇਕਰ ਅਜਿਹੀ ਕੋਈ ਨਿੱਜੀ ਸੰਸਥਾ ਸਕੂਲ ਤਕ ਪਹੁੰਚ ਕਰਦੀ ਹੈ ਤਾਂ ਇਸਦੀ ਮਨਜ਼ੂਰੀ ਜ਼ਿਲਾ ਸਿੱਖਿਆ ਅਫਸਰ ਤੋਂ ਲਈ ਜਾਵੇ।
ਸਕੂਲ ਮੁਖੀਆਂ ਦੀਆਂ ਪਾਵਰਾਂ ਕੀਤੀਆਂ ਢਿੱਲੀਆਂ
ਸਿੱਖਿਆ ਵਿਭਾਗ ਨੇ ਸਕੂਲ ਮੁਖੀਆਂ ਦੀਆਂ ਪਾਵਰਾਂ ਨੂੰ ਕੱਟ ਲਾਉਂਦੇ ਹੋਏ ਉਨ੍ਹਾਂ ਤੋਂ ਅਧਿਆਪਕਾਂ ਨੂੰ ਸਕੂਲ ਤੋਂ ਬਾਹਰ ਭੇਜਣ ਦੇ ਅਧਿਕਾਰ ਖੋਹ ਕੇ ਜ਼ਿਲਾ ਸਿੱਖਿਆ ਅਫਸਰਾਂ ਦੇ ਹਵਾਲੇ ਕਰ ਦਿੱਤੇ ਹਨ। ਕਿਸੇ ਵੀ ਅਧਿਆਪਕ ਨੂੰ ਸਕੂਲ ਤੋਂ ਬਾਹਰ ਕਿਸੇ ਡਿਊਟੀ 'ਤੇ ਭੇਜਣ ਤੋਂ ਪਹਿਲਾਂ ਸਕੂਲ ਮੁਖੀ ਹੁਣ ਸਬੰਧਤ ਜ਼ਿਲਾ ਸਿੱਖਿਆ ਅਫਸਰ ਤੋਂ ਫੋਨ ਰਾਹੀਂ ਪ੍ਰਵਾਨਗੀ ਲੈਣਗੇ। ਇਸ ਤਰ੍ਹਾਂ ਫਰਲੋ ਮਾਰਨ ਵਾਲੇ ਅਧਿਆਪਕਾਂ ਲਈ ਸਕੂਲੋਂ ਉਡਾਰੀ ਮਾਰਨੀ ਹੁਣ ਸੌਖੀ ਨਹੀਂ ਹੋਵੇਗੀ।
ਸਕੂਲ ਮੁਖੀ ਵੀ ਲੈਣਗੇ ਆਪਣੇ ਵਿਸ਼ੇ ਦੇ ਪੀਰੀਅਡ
ਸਕੂਲ ਮੁਖੀ ਹੁਣ ਬਾਕੀ ਸਟਾਫ ਨੂੰ ਸਿਰਫ ਹਦਾਇਤਾਂ ਦੇਣ ਤਕ ਹੀ ਸੀਮਿਤ ਨਹੀਂ ਰਹਿਣਗੇ, ਸਗੋਂ ਨਵੇਂ ਹੁਕਮਾਂ ਮੁਤਾਬਿਕ ਉਨ੍ਹਾਂ ਲਈ ਆਪਣੇ ਵਿਸ਼ੇ ਦੇ ਪੀਰੀਅਡ ਲਾਉਣਾ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ, ਜਿਸ ਅਨੁਸਾਰ 200 ਤਕ ਦੇ ਵਿਦਿਆਰਥੀਆਂ ਦੀ ਗਿਣਤੀ ਵਾਲੇ ਸਕੂਲ ਦੇ ਪ੍ਰਿੰਸੀਪਲ 12 ਪੀਰੀਅਡ, 500 ਤਕ ਦੀ ਗਿਣਤੀ ਵਾਲੇ 9 ਪੀਰੀਅਡ, 500 ਤੋਂ ਵੱਧ ਦੀ ਗਿਣਤੀ ਵਾਲੇ 6 ਪੀਰੀਅਡ ਪ੍ਰਤੀ ਹਫਤਾ ਕਲਾਸਾਂ ਲੈਣਗੇ।
ਇਸੇ ਤਰ੍ਹਾਂ 200 ਤਕ ਦੇ ਵਿਦਿਆਰਥੀਆਂ ਦੀ ਗਿਣਤੀ ਵਾਲੇ ਸਕੂਲ ਦੇ ਮੁੱਖ ਅਧਿਆਪਕ 15 ਪੀਰੀਅਡ, 500 ਤਕ ਦੀ ਗਿਣਤੀ ਵਾਲੇ 12 ਪੀਰੀਅਡ, 1000 ਤਕ ਦੀ ਗਿਣਤੀ ਵਾਲੇ 10 ਪੀਰੀਅਡ ਤੇ 1500 ਤੋਂ ਵੱਧ ਦੀ ਗਿਣਤੀ ਵਾਲੇ 6 ਪੀਰੀਅਡ ਪ੍ਰਤੀ ਹਫਤਾ ਕਲਾਸਾਂ ਲੈਣਗੇ।
ਲੋਹਾ ਫੈਕਟਰੀ 'ਚ ਸੁੱਤੇ ਪਏ 2 ਮੁਲਾਜ਼ਮਾਂ 'ਤੇ ਟਰੱਕ ਚੜ੍ਹਿਆ, ਮੌਤ
NEXT STORY