ਕੋਟਕਪੂਰਾ (ਨਰਿੰਦਰ, ਭਾਵਿਤ) - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਨੂੰ ਲੱਭਣ ਲਈ ਅੱਜ ਡੀ. ਆਈ. ਜੀ. ਰਣਬੀਰ ਸਿੰਘ ਖਟੜਾ ਦੀ ਅਗਵਾਈ ਹੇਠ ਪੁਲਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਸਥਾਨਕ ਦੇਵੀ ਵਾਲਾ ਰੋਡ 'ਤੇ ਬਿਜਲੀ ਗਰਿੱਡ ਨੇੜੇ ਬਣੀ ਡਰੇਨ ਵਿਚ ਕਰੀਬ 10 ਘੰਟੇ ਤੱਕ ਤਲਾਸ਼ੀ ਮੁਹਿੰਮ ਚਲਾਈ ਗਈ, ਭਾਵੇਂ ਕਿ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਕੀਤੀ ਗਈ ਇਸ ਕਾਰਵਾਈ ਦੌਰਾਨ ਜਾਂਚ ਟੀਮ ਨੂੰ ਉੱਥੋਂ ਕੁੱਝ ਵੀ ਬਰਾਮਦ ਨਹੀਂ ਹੋਇਆ। ਇਸ ਸਬੰਧੀ ਕੈਪਟਨ ਸਰਕਾਰ ਅਤੇ ਡੀ. ਜੀ. ਪੀ ਪੰਜਾਬ ਵੱਲੋਂ ਬੇਅਦਬੀ ਕਾਂਡ ਦੀ ਜਾਂਚ ਲਈ ਗਠਿਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ) ਨੇ ਅੱਜ ਖੁਲਾਸਾ ਕਰ ਦਿੱਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਕਰਨ ਅਤੇ ਉਸ ਦੇ ਅੰਗ ਪਾੜ ਕੇ ਸੁੱਟਣ ਅਰਥਾਤ ਬੇਅਦਬੀ ਕਰਨ ਦਾ ਮੁੱਖ ਸਾਜਿਸ਼ਕਰਤਾ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਹੀ ਹੈ, ਜੋ ਕਿ ਡੇਰਾ ਮੁਖੀ ਦੀ 45 ਮੈਂਬਰੀ ਕਮੇਟੀ ਦਾ ਮੈਂਬਰ ਹੈ। ਐਸ. ਆਈ. ਟੀ ਦੇ ਇੰਚਾਰਜ ਡੀ. ਆਈ. ਜੀ ਰਣਬੀਰ ਸਿੰਘ ਖੱਟੜਾ ਨੇ ਅਹਿਮ ਪ੍ਰਗਟਾਵਾ ਕਰਦਿਆਂ ਕੁੱਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਮਹਿੰਦਰਪਾਲ ਬਿੱਟੂ ਵੱਲੋਂ ਚੋਰੀਸ਼ੁਦਾ ਸਰੂਪ ਨੂੰ ਕਦੇ ਅਗਨੀ ਭੇਟ ਕਰਨ ਅਤੇ ਕਦੇ ਦਰਿਆ 'ਚ ਸੁੱਟਣ ਆਦਿ ਗੱਲਾਂ ਨਾਲ ਡੰਗ ਟਪਾਇਆ ਜਾ ਰਿਹਾ ਸੀ।

ਉਨ੍ਹਾਂ ਦੱਸਿਆ ਕਿ ਜਦ ਉਸ ਤੋਂ ਸਖਤੀ ਨਾਲ ਪੁੱਛ-ਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ 1 ਜੂਨ 2015 ਨੂੰ ਪਾਵਨ ਸਰੂਪ ਦੀ ਚੋਰੀ, 24 ਅਤੇ 25 ਸਤੰਬਰ ਦੀ ਦਰਮਿਆਨੀ ਰਾਤ ਨੂੰ ਗੁਰਦੁਆਰਾ ਸਾਹਿਬ ਦੀ ਕੰਧ 'ਤੇ ਭੜਕਾਊ ਸ਼ਬਦਾਵਲੀ ਵਾਲੇ ਪੋਸਟਰ ਲਾਉਣ ਅਤੇ 12 ਅਕਤੂਬਰ ਨੂੰ ਪਾਵਨ ਅੰਗ ਬਰਗਾੜੀ ਦੀਆਂ ਗਲੀਆਂ 'ਚ ਖਿਲਾਰਨ ਦਾ ਮੁੱਖ ਸਾਜਿਸ਼ ਕਰਤਾ ਉਹ ਹੀ ਹੈ ਅਤੇ ਉਸ ਨੇ ਉਕਤ ਪਾਵਨ ਸਰੂਪ ਕੋਟਕਪੂਰੇ ਤੋਂ ਪਿੰਡ ਦੇਵੀਵਾਲਾ ਨੂੰ ਜਾਣ ਵਾਲੀ ਡਰੇਨ 'ਚ ਸੁੱਟ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਲਗਾਤਾਰ 10 ਘੰਟੇ ਚੱਲੀ ਇਸ ਤਲਾਸ਼ੀ ਮੁਹਿੰਮ ਦੌਰਾਨ ਡਰੇਨ ਵਿਚੋਂ ਇੱਟਾਂ, ਰੋੜੇ ਅਤੇ ਪੋਲੀਥੀਨ ਦੇ ਲਿਫਾਫੇ ਅਤੇ ਪਲਾਸਟਿਕ ਸਮੇਤ ਨਾ ਗਲਣਯੋਗ ਚੀਜ਼ਾਂ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਮਿਲਿਆ।
ਉਨ੍ਹਾਂ ਦੱਸਿਆ ਕਿ ਕਾਗਜ਼ ਜਾਂ ਅਜਿਹੇ ਅੰਗ (ਪੰਨੇ) ਉਕਤ ਗੰਧਲੇ ਤੇਜ਼ਾਬੀ ਪਾਣੀ 'ਚ ਕਿੰਨਾ ਚਿਰ ਸੁਰੱਖਿਅਤ ਰਹਿ ਸਕਦੇ ਹਨ, ਇਸ ਬਾਰੇ ਸੈਂਪਲ ਫੌਰੈਂਸਿਕ ਲੈਬਾਰਟਰੀ ਨੂੰ ਭੇਜੇ ਜਾ ਰਹੇ ਹਨ ਅਤੇ ਰਿਪੋਰਟ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕਾਰਵਾਈ ਡੀ. ਆਈ. ਜੀ ਰਣਬੀਰ ਸਿੰਘ ਖੱਟੜਾ, ਏ. ਆਈ. ਜੀ ਸੁਖਮਿੰਦਰ ਸਿੰਘ ਮਾਨ, ਐਸ. ਐਸ. ਪੀ ਫਰੀਦਕੋਟ ਡਾ. ਨਾਨਕ ਸਿੰਘ, ਡੀ. ਐਸ. ਪੀ ਕੋਟਕਪੂਰਾ ਮਨਵਿੰਦਰਬੀਰ ਸਿੰਘ ਅਤੇ ਐਸ. ਐਚ. ਓ ਥਾਣਾ ਸਿਟੀ ਖੇਮ ਚੰਦ ਪਰਾਸ਼ਰ ਸਮੇਤ ਐਸ. ਆਈ. ਟੀ ਦੀ ਸਮੁੱਚੀ ਟੀਮ ਦੀ ਨਿਗਰਾਨੀ ਹੇਠ ਮੁਕੰਮਲ ਕੀਤੀ ਗਈ।
ਡੀ. ਆਈ. ਜੀ ਖੱਟੜਾ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਦੱਸਿਆ ਕਿ ਪੁੱਛ-ਗਿੱਛ ਦੌਰਾਨ ਪਹਿਲਾਂ ਮਹਿੰਦਰਪਾਲ ਬਿੱਟੂ ਪਾਵਨ ਸਰੂਪ ਨੂੰ ਅਗਨ ਭੇਟ ਕਰਨ ਜਾਂ ਦਰਿਆ 'ਚ ਸੁੱਟਣ ਦਾ ਕਹਿ ਕੇ ਝੂਠ ਬੋਲਦਾ ਰਿਹਾ ਅਤੇ ਜਦ ਉਸ ਨੇ ਮੰਨਿਆ ਕਿ ਪਾਵਨ ਸਰੂਪ ਉਕਤ ਡਰੇਨ 'ਚ ਸੁੱਟਿਆ ਗਿਆ ਹੈ ਤਾਂ ਐਸ. ਆਈ. ਟੀ ਨੇ ਬਿੱਟੂ ਦੀ ਨਿਸ਼ਾਨਦੇਹੀ 'ਤੇ ਉਕਤ ਕਾਰਵਾਈ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਉਕਤ ਕੇਸ ਦੀ ਜਾਂਚ ਸੀ. ਬੀ. ਆਈ ਵੱਲੋਂ ਕੀਤੀ ਜਾ ਰਹੀ ਹੈ ਅਤੇ ਉਹ ਸਾਰੀ ਰਿਪੋਰਟ ਸੀ. ਬੀ. ਆਈ ਨੂੰ ਸੌਂਪ ਦੇਣਗੇ। ਡੀ. ਆਈ. ਜੀ ਖੱਟੜਾ ਨੇ ਦੱਸਿਆ ਕਿ ਹੁਣ ਤੱਕ ਇਸ ਕੇਸ ਵਿੱਚ ਬਿੱਟੂ ਸਮੇਤ 9 ਡੇਰਾ ਪ੍ਰੇਮੀਆਂ ਨੂੰ ਸਾਜਿਸ਼ਕਾਰ ਵਜੋਂ ਕਾਬੂ ਕੀਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਤੋਂ ਅਜੇ ਵੀ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਇਸ ਮੌਕੇ ਡਰੇਨ ਵਿਭਾਗ ਦੇ ਐਕਸੀਅਨ ਸਮੇਤ ਸੀਵਰੇਜ ਵਿਭਾਗ ਦੀ ਸਮੁੱਚੀ ਟੀਮ ਵੱਲੋਂ ਗੰਦਾ ਨਾਲਾ ਸਾਫ ਕਰਾਉਣ ਲਈ ਦੋ ਜੇ. ਸੀ. ਬੀ ਮਸ਼ੀਨਾਂ ਦਾ ਪ੍ਰਬੰਧ ਕੀਤਾ ਗਿਆ ਸੀ।
16 ਲੱਖ ਦੀ ਠੱਗੀ ਕਰਨ ਸਬੰਧੀ ਪਰਚਾ
NEXT STORY