ਲੁਧਿਆਣਾ,(ਰਿਸ਼ੀ)- ਦੁਸਹਿਰਾ ਗਰਾਊਂਡ ਨੇੜੇ ਨਾਕਾ ਲੱਗਾ ਦੇਖ ਕੇ ਲੜਕੇ ਨੇ ਨੀਲੀ ਬੱਤੀ ਲੱਗੀ ਸਫੈਦ ਰੰਗ ਦੀ ਆਪਣੀ ਆਈ-20 ਕਾਰ ਭਜਾ ਲਈ। ਨਾਕੇ 'ਤੇ ਖੜ੍ਹੇ ਆਈ. ਪੀ. ਐੱਸ. ਅਧਿਕਾਰੀ ਸਚਿਨ ਗੁਪਤਾ ਨੇ ਖੁਦ ਸਰਕਾਰੀ ਗੱਡੀ ਵਿਚ ਪਿੱਛਾ ਕਰ ਕੇ ਉਸ ਨੂੰ ਹੈਬੋਵਾਲ ਤੋਂ ਦਬੋਚਿਆ ਤਾਂ ਉਹ ਅੰਮ੍ਰਿਤਸਰ ਵਿਚ ਤਾਇਨਾਤ ਇਕ ਮਹਿਲਾ ਐੱਸ. ਐੱਚ. ਓ. ਦਾ ਜਵਾਈ ਨਿਕਲਿਆ। ਦੇਰ ਰਾਤ ਖ਼ਬਰ ਲਿਖੇ ਜਾਣ ਤੱਕ ਪੁਲਸ ਕੇਸ ਦਰਜ ਕਰ ਕੇ ਜਾਂਚ ਕਰ ਰਹੀ ਸੀ।
ਜਾਣਕਾਰੀ ਦਿੰਦੇ ਏ. ਸੀ. ਪੀ. ਨੇ ਦੱਸਿਆ ਕਿ ਉਪਕਾਰ ਨਗਰ ਵਿਚ ਰਾਤ ਲਗਭਗ 8 ਵਜੇ ਨਾਕਾਬੰਦੀ ਕੀਤੀ ਹੋਈ ਸੀ। ਉਸ ਸਮੇਂ ਵ੍ਰਿਦਾਵਨ ਰੋਡ ਵੱਲੋਂ ਇਕ ਕਾਰ ਆਈ। ਕਾਰ 'ਤੇ ਬੱਤੀ ਲੱਗੀ ਤੇ ਪੁਲਸ ਵਿਭਾਗ ਦਾ ਸਟਿੱਕਰ ਲੱਗਾ ਹੋਣ 'ਤੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਉਸ ਨੇ ਮੌਕੇ 'ਤੋਂ ਕਾਰ ਭਜਾ ਲਈ, ਜਿਸ ਦੇ ਬਾਅਦ ਆਈ. ਪੀ. ਐੱਸ. ਸਚਿਨ ਗੁਪਤਾ ਨੇ ਪਿੱਛਾ ਕਰ ਕੇ ਉਸ ਨੂੰ ਹੈਬੋਵਾਲ ਚੌਕ ਨੇੜੇ ਦਬੋਚ ਲਿਆ। ਪੁਲਸ ਅਨੁਸਾਰ ਫੜਿਆ ਗਿਆ ਲੜਕਾ ਇਕ ਮਹਿਲਾ ਐੱਸ. ਐੱਚ. ਓ. ਦਾ ਜਵਾਈ ਹੈ। ਉਸ ਦੀ ਗਾਂਧੀ ਨਗਰ ਵਿਚ ਗਾਰਮੈਂਟ ਦੀ ਦੁਕਾਨ ਹੈ। ਪੁਲਸ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰ ਰਹੀ ਹੈ।