ਲੁਧਿਆਣਾ (ਖੁਰਾਣਾ) : ਮਾਡਲ ਟਾਊਨ ਸਥਿਤ ਇਕ ਰਿਹਾਇਸ਼ੀ ਇਲਾਕੇ 'ਚ ਬਤੌਰ ਸੁਰੱਖਿਆ ਗਾਰਡ ਨੌਕਰੀ ਕਰਨ ਵਾਲੇ ਕਰੀਬ 70 ਸਾਲਾ ਬਜ਼ੁਰਗ ਨੇ ਸੁਵਿਧਾ ਕੇਂਦਰ ਦੇ ਮੁਲਾਜ਼ਮਾਂ 'ਤੇ ਦੋਸ਼ ਲਾਏ ਹਨ। ਬਜ਼ੁਰਗ ਦਵਿੰਦਰ ਸਿੰਘ ਨੇ ਦੱਸਿਆ ਕਿ ਆਤਮ ਪਾਰਕ ਪੁਲਸ ਚੌਂਕੀ ਨੇੜੇ ਪੈਂਦੇ ਸੁਵਿਧਾ ਕੇਂਦਰ 'ਚ ਉਹ ਬੁੱਧਵਾਰ ਦੁਪਹਿਰ ਨੂੰ 2.30 ਵਜੇ ਆਪਣੀ ਪਤਨੀ ਦਾ ਜਾਤੀ ਸਰਟੀਫਿਕੇਟ ਬਣਾਉਣ ਗਿਆ ਸੀ।
ਉੱਥੇ ਮੌਕੇ 'ਤੇ ਮੌਜੂਦ ਮੁਲਾਜ਼ਮਾਂ ਨੇ ਇਹ ਕਹਿੰਦੇ ਹੋਏ ਉਸ ਨੂੰ ਵਾਪਸ ਮੋੜ ਦਿੱਤਾ ਕਿ ਇੰਟਰਨੈੱਟ ਸੇਵਾ ਠੱਪ ਹੋਣ ਕਾਰਨ ਕੋਈ ਕੰਮ ਨਹੀਂ ਹੋ ਸਕਦਾ ਅਤੇ ਤੁਸੀਂ ਇਕ ਮਹੀਨੇ ਤੋਂ ਪਹਿਲਾਂ ਸਰਟੀਫਿਕੇਟ ਬਣਵਾਉਣ ਨਾ ਆਇਓ। ਪੀੜਤ ਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਧਾਂਦਰਾ ਪਿੰਡ ਦਾ ਰਹਿਣ ਵਾਲਾ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਆਪਣੀ ਪਤਨੀ ਦਾ ਜਾਤੀ ਸਰਟੀਫਿਕੇਟ ਬਣਾਉਣ ਲਈ ਸਰਕਾਰੀ ਵਿਭਾਗਾਂ ਦੇ ਚੱਕਰ ਕੱਟ ਰਿਹਾ ਹੈ ਪਰ ਉਸ ਦੀ ਫਰਿਆਦ ਕੋਈ ਸੁਣਨ ਨੂੰ ਤਿਆਰ ਹੀ ਨਹੀਂ।
ਉਸ ਨੇ ਸਰਕਾਰ ਨੂੰ ਗੁਹਾਰ ਲਾਈ ਕਿ ਸਰਕਾਰੀ ਅਹੁਦਿਆਂ 'ਤੇ ਬੈਠੇ ਅਧਿਕਾਰੀ ਅਤੇ ਮੁਲਾਜ਼ਮ ਕਥਿਤ ਤੌਰ 'ਤੇ ਆਮ ਜਨਤਾ ਨੂੰ ਪਰੇਸ਼ਾਨ ਕਰਦੇ ਹਨ। ਇਸ ਸਬੰਧੀ ਗੱਲ ਕਰਦੇ ਹੋਏ ਵਿਭਾਗ ਦੇ ਇਕ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਜੇਕਰ ਦਫਤਰ 'ਚ ਇੰਟਰਨੈੱਟ ਸੇਵਾਵਾਂ ਠੱਪ ਪਈਆਂ ਹਨ ਤਾਂ ਡੌਂਗਲ ਰਾਹੀ ਕੰਮ ਕੀਤਾ ਜਾ ਸਕਦਾ ਹੈ ਤਾਂ ਕਿ ਜਨਤਾ ਨੂੰ ਪਰੇਸ਼ਾਨੀ ਨਾ ਹੋਵੇ। ਉਨ੍ਹਾਂ ਦੱਸਿਆ ਕਿ ਜਾਣਕਾਰੀ ਮੁਤਾਬਕ ਸੇਵਾ ਕੇਂਦਰਾਂ 'ਚ ਕੰਮ ਕਰ ਰਹੀਆਂ ਕੁਝ ਨਿਜੀ ਕੰਪਨੀਆਂ ਦਾ ਠੇਕਾ ਖਤਮ ਹੋ ਚੁੱਕਾ ਹੈ, ਅਜਿਹੇ ਹਾਲਾਤ 'ਚ ਹੋ ਸਕਦਾ ਹੈ ਕਿ ਮੁਲਾਜ਼ਮ ਜਾਣ-ਬੁਝ ਕੇ ਜਨਤਾ ਨੂੰ ਪਰੇਸ਼ਾਨ ਕਰ ਰਹੇ ਹੋਣ।
ਡੇਅਰੀ ਮਾਲਕ ਦੇ ਕਿਰਾਏਦਾਰ ਦੀ ਸ਼ੱਕੀ ਹਾਲਤ 'ਚ ਮੌਤ
NEXT STORY