ਫਗਵਾੜਾ (ਜਲੋਟਾ) : ਫਗਵਾੜਾ ’ਚ ਇਕ ਪਾਸੇ ਜਿੱਥੇ ਵੱਡੇ ਪੁਲਸ ਅਧਿਕਾਰੀ ਜਨ ਸੁਰੱਖਿਆ ਦੇ ਸੋਸ਼ਲ ਮੀਡੀਆ ’ਤੇ ਵੱਡੇ-ਵੱਡੇ ਦਾਅਵੇ ਕਰਦੇ ਹਨ, ਉਥੇ ਹੀ ਦੂਜੇ ਪਾਸੇ ਅਸਲੀਅਤ ਇਹ ਹੈ ਕਿ ਸ਼ਹਿਰ ’ਚ ਸੰਘਣੀ ਆਬਾਦੀ ਵਾਲੇ ਇਲਾਕਿਆਂ ’ਚ ਮੌਜੂਦਾ ਸਰਕਾਰ ਦੇ ਆਪਣੇ ਹੀ ਸਰਕਾਰੀ ਸੇਵਾ ਕੇਂਦਰ ਕਿਸੇ ਵੀ ਪੱਖੋਂ ਸੁਰੱਖਿਅਤ ਨਹੀਂ ਹਨ। ਗੱਲ ਸੁਣਨ ਅਤੇ ਪੜ੍ਹਨ ’ਚ ਭਾਵੇਂ ਹੈਰਾਨ ਕਰਨ ਵਾਲੀ ਜਾਪੇ ਪਰ ਇਹ ਸਮੇਂ ਦਾ ਕੌੜਾ ਸੱਚ ਬਣਿਆ ਹੈ ਕਿ ਸਥਾਨਕ ਬਾਬਾ ਗਧੀਆਂ ਵਿਖੇ ਸਰਕਾਰੀ ਸੇਵਾ ਕੇਂਦਰ ’ਚ ਚੋਰਾਂ ਨੇ ਇਕ ਤੋਂ ਬਾਅਦ ਇਕ ਚੋਰੀ ਕਰਕੇ ਇੱਥੇ ਚੋਰੀਆਂ ਦਾ ਵੱਡਾ ਰਿਕਾਰਡ ਹੀ ਬਣਾ ਦਿੱਤਾ ਹੈ। ਸੇਵਾ ਕੇਂਦਰ ਦੇ ਕਰਮਚਾਰੀਆਂ ਮੁਤਾਬਕ ਇਸ ਸੇਵਾ ਕੇਂਦਰ ’ਚ ਇਹ ਲਗਾਤਾਰ ਬਾਰ੍ਹਵੀਂ ਵਾਰ ਚੋਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਅਣਪਛਾਤੇ ਲੁਟੇਰਿਆਂ ਨੇ ਸੇਵਾ ਕੇਂਦਰ ਦੇ ਤਾਲੇ ਤੋੜ ਕੇ ਅੰਦਰ ਲੱਗੀ ਐੱਲ. ਸੀ. ਡੀ. ਸਮੇਤ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਜਾਣਕਾਰੀ ਮੁਤਾਬਕ ਜਦ ਇਸ ਸੇਵਾ ਕੇਂਦਰ ’ਚ ਹੋਈ ਚੋਰੀ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਤਾਂ ਪੁਲਸ ਅਧਿਕਾਰੀ ਸੂਚਨਾ ਮਿਲਣ ਤੋਂ ਬਾਅਦ ਵੀ ਉਥੇ ਲੇਟ ਪੁੱਜੇ।
ਇਹ ਵੀ ਪੜ੍ਹੋ : ਬਿਊਟੀ ਪਾਰਲਰ ’ਚ ਕਤਲ ਕੀਤੀ ਗਈ ਕੁੜੀ ਦੇ ਮਾਮਲੇ ’ਚ ਨਵਾਂ ਮੋੜ, ਕਾਤਲ ਦੋਸਤ ਗ੍ਰਿਫ਼ਤਾਰ
ਇਸ ਦੌਰਾਨ ਸੇਵਾ ਕੇਂਦਰ ’ਚ ਹੋਈ ਚੋਰੀ ਕਾਰਨ ਲੋਕਾਂ ’ਚ ਲੁਟੇਰਿਆਂ ਨੂੰ ਲੈ ਕੇ ਡਰ ਅਤੇ ਦਹਿਸ਼ਤ ਪਾਈ ਜਾ ਰਹੀ ਹੈ। ‘ਜਗ ਬਾਣੀ’ ਨਾਲ ਗੱਲਬਾਤ ਕਰਦੇ ਹੋਏ ਕੁਝ ਲੋਕਾਂ ਨੇ ਕਿਹਾ ਕਿ ਫਗਵਾੜਾ ’ਚ ਤਾਂ ਸੂਬਾ ਸਰਕਾਰ ਦੇ ਆਪਣੇ ਸਰਕਾਰੀ ਸੇਵਾ ਕੇਂਦਰ ਸੁਰੱਖਿਅਤ ਨਹੀਂ ਹਨ ਅਤੇ ਇੱਥੇ ਚੋਰਾਂ ਵੱਲੋਂ ਇਕ ਤੋਂ ਬਾਅਦ ਇਕ ਚੋਰੀਆਂ ਕਰਕੇ ਰਿਕਾਰਡ ਬਣਾਏ ਜਾ ਰਹੇ ਹਨ ਤਾਂ ਅਸੀਂ ਕਿਵੇਂ ਮੰਨ ਲਈਏ ਕਿ ਸਾਡੇ ਘਰ ਦੁਕਾਨਾਂ ਅਤੇ ਵਪਾਰਕ ਅਦਾਰੇ ਸੁਰੱਖਿਅਤ ਹਨ ? ਉਧਰ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੇਵਾ ਕੇਂਦਰ ’ਚ ਹੋਈ ਚੋਰੀ ਦੀ ਸੀ. ਸੀ. ਟੀ. ਵੀ. ਕੈਮਰੇ ਦੀ ਰਿਕਾਰਡਿੰਗ ਦੀ ਜਾਂਚ ਕੀਤੀ ਜਾਵੇਗੀ ਅਤੇ ਇਸ ਚੋਰੀ ਨੂੰ ਜਲਦ ਟਰੇਸ ਕਰ ਲਿਆ ਜਾਵੇਗਾ। ਇਥੇ ਵੱਡਾ ਸਵਾਲ ਤਾਂ ਇਹ ਹੈ ਕਿ ਇਸ ਸੇਵਾ ਕੇਂਦਰ ’ਚ ਤਾਂ ਪਹਿਲਾਂ ਵੀ 11 ਵਾਰ ਚੋਰੀ ਦੀਆਂ ਵਾਰਦਾਤਾਂ ਹੋਈਆਂ ਹਨ ਜਿਸ ਨੂੰ ਲੈ ਕੇ ਪੁਲਸ ਦੇ ਹੱਥ ਪੂਰੀ ਤਰ੍ਹਾਂ ਨਾਲ ਖਾਲ੍ਹੀ ਹਨ। ਹੁਣ ਪੁਲਸ ਦੇ ਇਸ ਦਾਅਵੇ ’ਚ ਕਿੰਨੀ ਕੁ ਸੱਚਾਈ ਹੈ ਕਿ ਸੇਵਾ ਕੇਂਦਰ ’ਚ ਹੋਈ ਚੋਰੀ ਦੀ 12ਵੀਂ ਤਾਜ਼ਾ ਵਾਰਦਾਤ ਜਲਦ ਟਰੇਸ ਕਰ ਲਈ ਜਾਵੇਗੀ ?
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਮਾਨਸਾ ਦੇ ਐੱਸ. ਐੱਸ. ਪੀ. ਦਾ ਵੱਡਾ ਬਿਆਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪਤਨੀ ਨੂੰ ਦਾਜ ਲਈ ਤੰਗ-ਪਰੇਸ਼ਾਨ ਕਰਨ ਦੇ ਦੋਸ਼ਾਂ ਹੇਠ ਪਤੀ ਨਾਮਜ਼ਦ
NEXT STORY