ਜਲਾਲਾਬਾਦ (ਨਿਖੰਜ) - ਪਿੰਡ ਢੰਡੀ ਖੁਰਦ ਵਿਖੇ ਹੋਏ ਵੱਖ-ਵੱਖ ਝਗੜਿਆਂ 'ਚ 1 ਬਜ਼ੁਰਗ ਔਰਤ ਸਮੇਤ 6 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਨ੍ਹਾਂ ਨੂੰ ਇਲਾਜ ਲਈ ਜਲਾਲਾਬਾਦ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਝਗੜੇ 'ਚ ਜ਼ਖਮੀ ਵਿਅਕਤੀ ਰਾਮ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਢੰਡੀ ਖੁਰਦ ਨੇ ਆਪਣੇ ਪੁੱਤਰ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਮੈਂ ਆਪਣੇ ਭਰਾ ਲਛਮਣ ਸਿੰਘ ਨਾਲ ਕਿਸੇ ਘਰ ਦੀ ਕੰਧ ਨੂੰ ਬਣਾ ਰਿਹਾ ਸੀ ਤਾਂ ਮੇਰਾ ਪੁੱਤਰ ਪੁਰਾਣੀ ਰੰਜਿਸ਼ ਨੂੰ ਕੱਢਣ ਲਈ ਉਕਤ ਜਗ੍ਹਾ 'ਤੇ ਆ ਗਿਆ ਅਤੇ ਉਸ ਨੇ ਆਪਣੇ ਸਹੁਰੇ ਪਰਿਵਾਰ ਦੇ ਮੈਂਬਰਾਂ ਨਾਲ ਮਿਲ ਕੇ ਸਾਡੇ ਦੋਵਾਂ ਭਰਾਵਾਂ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਸਾਡੀ ਮਾਤਾ ਦਾਨੋ ਬਾਈ (60 ਸਾਲ) ਛੁਡਾਉਣ ਲਈ ਅੱਗੇ ਆਈ ਤਾਂ ਉਨ੍ਹਾਂ ਉਸ ਦੀ ਕੁੱਟ-ਮਾਰ ਕੀਤੀ।
ਇਸੇ ਤਰ੍ਹਾਂ ਇਕ ਹੋਰ ਮਾਮਲੇ 'ਚ ਜ਼ਖਮੀ ਔਰਤ ਸੋਮਾ ਰਾਣੀ ਪਤਨੀ ਮਲੂਕ ਸਿੰਘ ਵਾਸੀ ਮੁਹੱਲਾ ਰਾਜਪੂਤਾਂ ਵਾਲਾ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਸ ਦਾ ਛੋਟਾ ਪੁੱਤਰ ਗਲੀ 'ਚ ਹੋਰਨਾਂ ਬੱਚਿਆਂ ਨਾਲ ਖੇਡ ਰਿਹਾ ਸੀ ਤਾਂ ਘਰ ਦੇ ਸਾਹਮਣੇ ਰਹਿਣ ਵਾਲੇ ਗੁਆਂਢੀਆਂ ਦੇ ਲੜਕੇ ਨੇ ਉਸ ਨਾਲ ਗਾਲੀ-ਗਲੋਚ ਕਰਦੇ ਹੋਏ ਉਸ ਨੂੰ ਸਿਰ 'ਚ ਇੱਟ ਮਾਰ ਕੇ ਜ਼ਖਮੀ ਕਰ ਦਿੱਤਾ। ਜਦੋਂ ਉਹ ਆਪਣੇ ਬੱਚੇ ਨੂੰ ਸੰਭਾਲ ਰਹੀ ਸੀ ਤਾਂ ਉਕਤ ਲੜਕੇ ਨੇ ਆਪਣੇ ਹੋਰਨਾਂ ਸਾਥੀਆਂ ਨਾਲ ਮਿਲ ਕੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਜਦੋਂ ਉਸ ਦਾ ਪੁੱਤਰ ਸਾਗਰ ਸਿੰਘ ਛੁਡਾਉਣ ਲਈ ਅੱਗੇ ਆਇਆ ਤਾਂ ਉਸ ਘਸੀਟ ਕੇ ਆਪਣੇ ਘਰ ਲੈ ਗਏ ਅਤੇ ਕੁੱਟ-ਮਾਰ ਕਰ ਕੇ ਜ਼ਖਮੀ ਕਰ ਦਿੱਤਾ।
ਵਿਰੋਧੀ ਧਿਰ ਦੇ ਜ਼ਖਮੀ ਵਿਅਕਤੀ ਦੀਵਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮੁਹੱਲਾ ਰਾਜਪੂਤਾਂ ਵਾਲਾ ਨੇ ਗੁਆਂਢੀਆਂ ਦੇ ਲੜਕੇ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਬੀਤੀ ਰਾਤ ਗੁਆਂਢੀਆਂ ਦਾ ਲੜਕਾ ਗਲੀ ਵਿਚ ਸ਼ੋਰ ਮਚਾ ਕੇ ਗਾਲੀ-ਗਲੋਚ ਕਰ ਰਿਹਾ ਸੀ। ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਾਡੇ ਘਰ ਵਿਚ ਆ ਗਿਆ ਅਤੇ ਮੇਰੇ 'ਤੇ ਹਮਲਾ ਕਰ ਕੇ ਮੈਨੂੰ ਜ਼ਖਮੀ ਕਰ ਦਿੱਤਾ।
6 ਦਿਨ ਪਹਿਲਾਂ ਲਾਪਤਾ ਜੋੜੇ ਦੀਆਂ ਲਾਸ਼ਾਂ ਭਾਖੜਾ ਨਹਿਰ 'ਚੋਂ ਬਰਾਮਦ
NEXT STORY