ਮੋਹਾਲੀ (ਨਿਆਮੀਆਂ) : ਸਤਲੁਜ ਯਮੁਨਾ ਲਿੰਕ ਨਹਿਰ (ਐੱਸ.ਵਾਈ.ਐੱਲ.) ਭਾਵੇਂ ਅਜੇ ਮੁਕੰਮਲ ਨਹੀਂ ਹੋ ਸਕੀ ਤੇ ਪੰਜਾਬ ਤੇ ਹਰਿਆਣਾ ਵਿਚਾਲੇ ਲੜਾਈ ਦਾ ਕਾਰਨ ਬਣੀ ਹੋਈ ਹੈ ਪਰ ਇਸ ਦੇ ਆਸਪਾਸ ਵਸੇ ਲੋਕਾਂ ਲਈ ਹੁਣ ਨਵੀਂ ਖ਼ਤਰੇ ਦੀ ਘੰਟੀ ਵੱਜਣ ਲੱਗੀ ਹੈ। ਖਰੜ ਤੇ ਇਸ ਦੇ ਆਸਪਾਸ ਜਿੰਨੀਆਂ ਵੀ ਅਣਅਧਿਕਾਰਤ ਜਾਂ ਨਗਰ ਨਿਗਮ ਵੱਲੋਂ ਪਾਸ ਕਲੋਨੀਆਂ ਵਸੀਆਂ ਹੋਈਆਂ ਹਨ, ਉਨ੍ਹਾਂ ਦੇ ਸੀਵਰੇਜ ਦੇ ਪਾਣੀ ਦਾ ਕਿਧਰੇ ਵੀ ਕੋਈ ਨਿਕਾਸੀ ਦਾ ਪ੍ਰਬੰਧ ਨਹੀਂ ਕੀਤਾ ਗਿਆ।
ਇਹ ਪਾਣੀ ਐੱਸ.ਵਾਈ.ਐੱਲ. ਨਹਿਰ ਦੇ ਉੱਤੋਂ ਦੀ ਹੋ ਕੇ ਅਗਾਂਹ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡਾਂ ਨੰਦਪੁਰ, ਰੁਪਾਲਹੇੜੀ, ਡਡਿਆਣਾ ਕਲੌੜ ਤੱਕ ਚਲਾ ਗਿਆ ਹੈ। ਇਸ ਦੇ ਨਾਲ ਹੀ ਇਹ ਪਾਣੀ ਚੁੰਨੀ-ਸਰਹਿੰਦ ਮਾਰਗ ’ਤੇ ਵਸੇ ਪਿੰਡਾਂ ਭਟੇੜੀ ਤੇ ਥੇੜੀ ਵੱਲ ਚਲਾ ਗਿਆ ਹੈ, ਜਿੱਥੇ ਨਹਿਰ ਨੱਕੋ-ਨੱਕ ਪਾਣੀ ਨਾਲ ਭਰੀ ਹੋਈ ਹੈ। ਇਹੋ ਪਾਣੀ ਦੂਜੇ ਪਾਸੇ ਹੋ ਕੇ ਪਿੰਡ ਨਿਆਮੀਆਂ, ਰੰਗੀਆਂ, ਪੋਪਨਾ ਤੇ ਧੜਾਕ ਦੀ ਸੈਂਕੜੇ ਏਕੜ ਦੇ ਕਰੀਬ ਜ਼ਮੀਨ ਨੂੰ ਬਰਬਾਦ ਕਰ ਚੁੱਕਾ ਹੈ ਪਰ ਵਾਰ-ਵਾਰ ਪ੍ਰਸ਼ਾਸਨ ਨੂੰ ਬੇਨਤੀਆਂ ਕਰਨ ਦੇ ਬਾਵਜੂਦ ਇਸ ਸੀਵਰੇਜ ਦੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ- ਫਗਵਾੜਾ 'ਚ ਸਰਗਰਮ ਹੋਇਆ 'ਕਾਲਾ ਕੱਛਾ' ਗਿਰੋਹ, ਇਨਾਮੀ ਐਲਾਨ ਦੇ ਬਾਵਜੂਦ ਪੁਲਸ ਦੇ ਹੱਥ ਖ਼ਾਲੀ !
ਵਿਧਾਇਕ ਤੇ ਮੰਤਰੀ ਤੱਕ ਕੀਤੀ ਪਹੁੰਚ ਪਰ ਨਾ ਹੋਇਆ ਮਸਲਾ ਹੱਲ
ਪ੍ਰਭਾਵਿਤ ਪਿੰਡਾਂ ਦੇ ਲੋਕ ਕਈ ਵਾਰ ਹਲਕਾ ਚਮਕੌਰ ਸਾਹਿਬ ਤੋਂ ਵਿਧਾਇਕ ਡਾ. ਚਰਨਜੀਤ ਸਿੰਘ ਨੂੰ ਮਿਲ ਕੇ ਇਸ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਦੀਆਂ ਬੇਨਤੀਆਂ ਕਰ ਚੁੱਕੇ ਹਨ। ਖਰੜ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਦਰਬਾਰ ਦੇ ਵੀ ਲੋਕ ਚੱਕਰ ਲਾ-ਲਾ ਕੇ ਥੱਕ ਚੁੱਕੇ ਹਨ ਪਰ ਨਾ ਤਾਂ ਸਰਕਾਰ ਨੇ ਨਗਰ ਕੌਂਸਲ ਖਰੜ ਨੂੰ ਸੀਵਰੇਜ ਦੇ ਪਾਣੀ ਦਾ ਟਰੀਟਮੈਂਟ ਕਰਨ ਲਈ ਪਲਾਂਟ ਲਾਉਣ ਲਈ ਕਿਹਾ ਤੇ ਨਾ ਹੀ ਉਸ ਨੂੰ ਆਪਣਾ ਇਹ ਗੰਦਾ ਪਾਣੀ ਲੋਕਾਂ ਦੇ ਖੇਤਾਂ ’ਚ ਸੁੱਟਣ ਤੋਂ ਵਰਜਿਆ, ਜਿਸ ਕਰਕੇ ਲੋਕ ਸਰਕਾਰ ਤੋਂ ਬੁਰੀ ਤਰ੍ਹਾਂ ਖਫ਼ਾ ਹਨ।
ਇਲਾਕੇ ’ਚ ਬਿਮਾਰੀਆਂ ਫੈਲਣ ਦਾ ਖ਼ਤਰਾ
ਹੁਣ ਜਦੋਂ ਸਥਿਤੀ ਬਹੁਤ ਜ਼ਿਆਦਾ ਭਿਆਨਕ ਹੋ ਗਈ ਹੈ ਤਾਂ ਪਿੰਡਾਂ ਦੇ ਲੋਕਾਂ ਦੇ ਵਿਰੋਧ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਪੁਲਸ ਫੋਰਸ ਦੀ ਮਦਦ ਨਾਲ ਸਤਲੁਜ ਯਮੁਨਾ ਲਿੰਕ ਨਹਿਰ ’ਤੇ ਬਣੇ ਆਰਜ਼ੀ ਪੁਲ਼ ਪਿੰਡ ਮਲਕਪੁਰ ਤੇ ਬਾਸੀਆਂ ਦੇ ਕੋਲੋਂ ਤੋੜ ਦਿੱਤੇ ਗਏ ਹਨ ਤੇ ਉੱਥੇ ਪਾਈਪਾਂ ਪਾ ਕੇ ਇਹ ਪਾਣੀ ਨਹਿਰ ’ਚ ਸੁੱਟਣ ਦੀ ਤਿਆਰੀ ਚੱਲ ਰਹੀ ਹੈ। ਪਿਛਲੇ ਪੰਜ ਦਿਨਾਂ ਤੋਂ ਦਰਜਨਾਂ ਪਿੰਡਾਂ ਦਾ ਸੰਪਰਕ ਆਪਸ ’ਚ ਕੱਟਿਆ ਹੋਇਆ ਹੈ। ਜੇ ਇਹ ਗੰਦਾ ਪਾਣੀ ਐੱਸ.ਵਾਈ.ਐੱਲ. ਨਹਿਰ ’ਚ ਪਾ ਦਿੱਤਾ ਗਿਆ ਤਾਂ ਬਹੁਤ ਸਾਰੇ ਪਿੰਡਾਂ ਸੋਤਲ, ਮਲਕਪੁਰ, ਬਾਸੀਆਂ, ਨਿਆਮੀਆਂ, ਧੜਾਕ, ਮਜਾਤ, ਮਹਿਮੂਦਪੁਰ, ਬਾਸੀਆਂ ਬੈਦਵਾਣ, ਚੁੰਨੀ ਆਦਿ ਦਾ ਜ਼ਮੀਨਦੋਜ਼ ਪਾਣੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਜਾਵੇਗਾ। ਇਨ੍ਹਾਂ ਪਿੰਡਾਂ ’ਚ ਪਾਣੀ ਦਾ ਪੱਧਰ ਕਾਫ਼ੀ ਉੱਚਾ ਹੈ, ਜਿਸ ਕਰਕੇ ਨਹਿਰ ’ਚ ਪਿਆ ਪਾਣੀ ਜ਼ਮੀਨਦੋਜ਼ ਪਾਣੀ ’ਚ ਮਿਲ ਜਾਣਾ ਹੈ। ਇਸ ਤਰ੍ਹਾਂ ਸਾਰੇ ਇਲਾਕੇ ’ਚ ਬਿਮਾਰੀਆਂ ਫੈਲਣ ਦਾ ਖ਼ਤਰਾ ਮੰਡਰਾ ਰਿਹਾ ਹੈ।
ਇਹ ਵੀ ਪੜ੍ਹੋ- ਸ਼੍ਰੋਮਣੀ ਅਕਾਲੀ ਦਲ 'ਚ ਛਿੜੀ ਚਰਚਾ, ਸੁਖਬੀਰ ਬਾਦਲ ਦੇ ਹੱਥ ਹੀ ਰਹੇਗੀ ਪਾਰਟੀ ਦੀ ਕਮਾਨ !
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼੍ਰੋਮਣੀ ਅਕਾਲੀ ਦਲ 'ਚ ਛਿੜੀ ਚਰਚਾ, ਸੁਖਬੀਰ ਬਾਦਲ ਦੇ ਹੱਥ ਹੀ ਰਹੇਗੀ ਪਾਰਟੀ ਦੀ ਕਮਾਨ !
NEXT STORY