ਸ੍ਰੀ ਮੁਕਤਸਰ ਸਾਹਿਬ (ਪਵਨ) - ਸਿਹਤ ਵਿਭਾਗ ਰਾਜਸਥਾਨ ਦੀ ਪੀ. ਸੀ. ਪੀ. ਐੱਨ. ਡੀ. ਟੀ. ਟੀਮ ਨੇ ਬੀਤੀ ਰਾਤ ਲਿੰਗ ਟੈਸਟ ਮਾਮਲੇ 'ਚ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿਚ ਫੈਲੇ ਹੋਏ ਨੈੱਟਵਰਕ ਦਾ ਪਰਦਾਫਾਸ਼ ਕੀਤਾ। ਟੀਮ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਛਾਪੇਮਾਰੀ ਦੌਰਾਨ ਜਲਾਲਾਬਾਦ ਰੋਡ ਸਥਿਤ ਸਚਦੇਵਾ ਨਰਸਿੰਗ ਹੋਮ ਦੇ ਸੰਚਾਲਕ ਡਾ. ਜਗਦੀਸ਼ ਸਚਦੇਵਾ ਤੋਂ ਇਲਾਵਾ ਮਲੋਟ ਦੇ ਪਿੰਡ ਸਰਾਵਾਂ ਬੋਦਲਾ ਦੀ ਇਕ ਦਾਈ ਤੇ ਉਸ ਦੇ ਪਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਰਾਜਸਥਾਨ ਦੇ ਪੀ. ਸੀ. ਪੀ. ਐੱਨ. ਡੀ. ਟੀ. ਅਧਿਕਾਰੀ ਅਤੇ ਐੱਨ. ਐੱਚ. ਐੱਮ. ਮਿਸ਼ਨ ਦੇ ਨਿਰਦੇਸ਼ਕ ਨਵੀਨ ਜੈਨ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਪਤਾ ਲੱਗਾ ਹੈ ਕਿ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਵਿਚ ਲਿੰਗ ਨਿਰਧਾਰਨ ਟੈਸਟ ਕੀਤਾ ਜਾ ਰਿਹਾ ਹੈ। ਇਸ 'ਤੇ ਜਦੋਂ ਜਾਂਚ ਸ਼ੁਰੂ ਹੋਈ ਤਾਂ ਮਲੋਟ ਹਲਕੇ ਦੇ ਪਿੰਡ ਮੋਹਲਾਂ ਦੀ ਵਾਸੀ ਸੁਖਵੰਤ ਕੌਰ ਪਤਨੀ ਰਜਿੰਦਰ ਸਿੰਘ ਨਾਲ ਸੰਪਰਕ ਹੋਇਆ, ਜੋ ਘਰ ਵਿਚ ਹੀ ਨਰਸ ਦਾ ਕੰਮ ਕਰਦੀ ਹੈ। ਸੁਖਵੰਤ ਕੌਰ ਨੇ ਲਿੰਗ ਨਿਰਧਾਰਨ ਟੈਸਟ ਲਈ 50 ਹਜ਼ਾਰ ਰੁਪਏ ਤੇ ਭਰੂਣ ਹੱਤਿਆ ਲਈ ਹੋਰ ਪੈਸਿਆਂ ਦੀ ਮੰਗ ਰੱਖੀ।
ਜਦੋਂ ਇਸ ਮਹਿਲਾ ਦਲਾਲ ਨਾਲ ਸੌਦਾ ਤੈਅ ਹੋ ਗਿਆ ਤਾਂ ਉਕਤ ਦਲਾਲ ਤੇ ਉਸ ਦਾ ਪਤੀ ਰਜਿੰਦਰ ਸਿੰਘ ਆਪਣੀ ਬਲੈਰੋ ਗੱਡੀ 'ਤੇ ਹਨੂਮਾਨਗੜ੍ਹ ਤੇ ਭਰੂਣ ਨਿਰਧਾਰਨ ਟੈਸਟ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਬਣਾਈ ਟੀਮ ਦਾ ਹਿੱਸਾ ਗਰਭਵਤੀ ਔਰਤ ਤੇ ਉਸਦੇ ਪਤੀ ਨੂੰ ਆਪਣੇ ਪਿੰਡ ਲੈ ਗਏ। ਪਹਿਲਾਂ ਡੱਬਵਾਲੀ ਤੇ ਫਿਰ ਮਲੋਟ ਵਿਖੇ ਇਹ ਟੈਸਟ ਕਰਵਾਉਣ ਦੀ ਗੱਲ ਕਰਨ ਵਾਲੇ ਉਕਤ ਪਤੀ-ਪਤਨੀ ਦੇਰ ਸ਼ਾਮ ਗਰਭਵਤੀ ਔਰਤ ਅਤੇ ਉਸ ਦੇ ਪਤੀ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਸਚਦੇਵਾ ਹਸਪਤਾਲ ਲੈ ਗਏ। ਜਿਥੇ ਸੋਨੋਗ੍ਰਾਫੀ ਸੈਂਟਰ ਵਿਚ ਡਾਕਟਰ ਜਗਦੀਸ਼ ਸਚਦੇਵਾ ਨੇ ਜਦੋਂ ਸੋਨੋਗ੍ਰਾਫੀ ਕਰ ਕੇ ਗਰਭ ਵਿਚ ਬੇਟੀ ਹੋਣ ਬਾਰੇ ਦੱਸਿਆ ਤਾਂ ਅੰਦਰੋਂ ਟੀਮ ਮੈਂਬਰਾਂ ਤੋਂ ਇਸ਼ਾਰਾ ਮਿਲਦਿਆਂ ਹੀ ਰਾਜਸਥਾਨ ਤੋਂ ਆਈ ਟੀਮ ਨੇ ਜਗਦੀਸ਼ ਸਚਦੇਵਾ, ਮਹਿਲਾ ਦਾਈ ਤੇ ਉਸ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਤੇ ਸਬੰਧਿਤ ਮਸ਼ੀਨ ਨੂੰ ਸੀਲ ਕਰ ਦਿੱਤਾ।
ਟੀਮ ਨੇ ਦੱਸਿਆ ਕਿ ਇਸ ਸਾਲ ਹੁਣ ਤੱਕ 27 ਰਾਜਸਥਾਨ ਵਿਚ ਅਤੇ ਰਾਜਸਥਾਨ ਤੋਂ ਬਾਹਰ ਟੀਮ ਨੇ 21 ਅਜਿਹੀਆਂ ਕਾਰਵਾਈਆਂ ਕੀਤੀਆਂ ਹਨ ਪਰ ਪੰਜਾਬ ਵਿਚ ਇਹ ਤੀਜੀ ਕਾਰਵਾਈ ਹੈ।
ਕੈਂਟਰ ਤੇ ਮੋਟਰਸਾਈਕਲ ਦੀ ਟੱਕਰ 'ਚ 1 ਦੀ ਮੌਤ
NEXT STORY