ਗੁਰਦਾਸਪੁਰ, (ਵਿਨੋਦ)- ਆਪਣੀ ਪਤਨੀ ਨੂੰ ਅਸ਼ਲੀਲ ਵਟਸਅੈਪ ਮੈਸੇਜ ਤੇ ਆਡੀਓ ਭੇਜ ਕੇ ਪ੍ਰੇਸ਼ਾਨ ਕਰਨ ਵਾਲੇ ਪਤੀ ਵਿਰੁੱਧ ਬਹਿਰਾਮਪੁਰ ਪੁਲਸ ਨੇ ਕੇਸ ਦਰਜ ਕੀਤਾ ਹੈ ਪਰ ਦੋਸ਼ੀ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਅਾ। ਜਾਣਕਾਰੀ ਅਨੁਸਾਰ ਇਕ ਔਰਤ ਨੇ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਨੂੰ 21 ਜੂਨ 2018 ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਵਿਆਹ 8.11.2015 ਨੂੰ ਹੋਇਆ ਸੀ ਅਤੇ ਉਸ ਦਾ ਇਕ ਲਡ਼ਕਾ ਵੀ ਹੈ ਪਰ ਬਾਅਦ ’ਚ ਉਸ ਦੀ ਆਪਣੇ ਸਹੁਰੇ ਵਾਲਿਅਾਂ ਤੇ ਪਤੀ ਨਾਲ ਅਣਬਣ ਹੋ ਗਈ ਤੇ ਉਹ ਆਪਣੇ ਪੇਕੇ ਘਰ ਆ ਕੇ ਰਹਿਣ ਲੱਗੀ ਤੇ ਅਜੇ ਵੀ ਪੇਕੇ ਘਰ ਹੀ ਰਹਿੰਦੀ ਹੈ। ਉਸ ਦਾ ਆਪਣੇ ਪਤੀ ਤੇ ਸਹੁਰੇ ਵਾਲਿਅਾਂ ਨਾਲ ਕੋਈ ਸੰਪਰਕ ਨਹੀਂ ਹੈ ਪਰ ਉਸ ਦਾ ਪਤੀ ਆਪਣੇ ਮੋਬਾਇਲ ਤੋਂ ਉਸ ਨੂੰ ਵਟਸਅੈਪ ਮੈਸੇਜ ਤੇ ਆਡੀਓ ਭੇਜਦਾ ਹੈ ਜੋ ਬਹੁਤ ਹੀ ਅਸ਼ਲੀਲ ਹੁੰਦੇ ਹਨ ਤੇ ਉਹ ਉਸ ਨੂੰ ਮਾਨਸਿਕ ਰੂਪ ਵਿਚ ਪ੍ਰੇਸ਼ਾਨ ਕਰ ਰਿਹਾ ਹੈ। ਇਸ ਸਬੰਧੀ ਬਹਿਰਾਮਪੁਰ ਪੁਲਸ ਸਟੇਸ਼ਨ ਦੇ ਇੰਚਾਰਜ ਹਰਪਾਲ ਸਿੰਘ ਨੂੰ ਜਾਂਚ ਕਰਨ ਲਈ ਕਿਹਾ ਗਿਆ। ਮਾਮਲੇ ਦੀ ਜਾਂਚ-ਪਡ਼ਤਾਲ ਵਿਚ ਪੀਡ਼ਤਾ ਦੀ ਸ਼ਿਕਾਇਤ ਸਹੀ ਪਾਈ ਗਈ ਅਤੇ ਇਸ ਰਿਪੋਰਟ ਦੇ ਆਧਾਰ ’ਤੇ ਦੋਸ਼ੀ ਪਤੀ ਵਿਰੁੱਧ ਕੇਸ ਦਰਜ ਕੀਤਾ ਗਿਆ।
ਸ਼ਿਵ ਸੈਨਾ ਨੇ ਲਾਇਆ ਧਰਨਾ
NEXT STORY