ਜਲੰਧਰ (ਰਮਨਦੀਪ ਸੋਢੀ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਦਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਵਲੋਂ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਖਾਲਸਾ ਏਡ ਨੂੰ ਉਨ੍ਹਾਂ ਦੇ ਲੋਕ ਭਲਾਈ ਕੰਮਾਂ ਲਈ ਸਨਮਾਨਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵਲੋਂ ਸੰਸਥਾ ਦੇ ਏਸ਼ੀਆ ਦੇ ਡਾਇਰੈਕਟਰ ਅਮਰਪ੍ਰੀਤ ਸਿੰਘ ਨੂੰ ਜਿੱਥੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ, ਉਥੇ ਹੀ 2 ਲੱਖ 51 ਹਜ਼ਾਰ ਦੀ ਰਾਸ਼ੀ ਵੀ ਭੇਂਟ ਕੀਤੀ ਗਈ। ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਖਾਲਸਾ ਏਡ ਦੀ ਸਿਫਤ ਕਰਦਿਆਂ ਆਖਿਆ ਕਿ ਜਾਤੀਵਾਦ ਅਤੇ ਨਸਲੀ ਭੇਦ-ਭਾਵ ਤੋਂ ਉਪਰ ਉਠ ਕੇ ਖਾਲਸਾ ਏਡ ਵਲੋਂ ਸਮਾਜ ਸੇਵਾ ਵਿਚ ਸਾਰਥਿਕ ਰੋਲ ਅਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖਾਲਸਾ ਏਡ ਵਲੋਂ ਕੀਤੇ ਜਾ ਰਹੇ ਕਾਰਜਾਂ ਨੇ ਸਿੱਖਾਂ ਦਾ ਨਾਮ ਪੂਰੀ ਦੁਨੀਆ ਵਿਚ ਰੋਸ਼ਨ ਕੀਤਾ ਹੈ। ਜਿਸ ਦੀ ਹੌਸਲਾਹਫਜ਼ਾਈ ਕਰਨੀ ਕਮੇਟੀ ਦਾ ਫਰਜ਼ ਬਣਦਾ ਹੈ।
ਖਾਲਸਾ ਏਡ ਦੇ ਏਸ਼ੀਆ ਦੇ ਡਾਇਰੈਕਟਰ ਅਮਰਪ੍ਰੀਤ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਐੱਸ. ਜੀ. ਪੀ. ਸੀ. ਵਰਗੀ ਸਿਰਮੌਰ ਸੰਸਥਾ ਨੇ ਉਨ੍ਹਾਂ ਦੇ ਕੰਮ ਨੂੰ ਸਮਝਦਿਆਂ ਉਨ੍ਹਾਂ ਨੂੰ ਸਨਮਾਨ ਬਖਸ਼ਿਆ ਹੈ। ਇਸ ਦੌਰਾਨ ਉਨ੍ਹਾਂ ਦੇ ਨਾਲ ਸੰਸਥਾ ਦੇ ਮੈਂਬਰ ਗੁਰਪ੍ਰੀਤ ਸਿੰਘ, ਗੁਰਸਾਹਿਬ ਸਿੰਘ, ਪਰਮਪਾਲ ਸਿੰਘ, ਤਜਿੰਦਰਪਾਲ ਸਿੰਘ ਅਤੇ ਹਰਪ੍ਰੀਤ ਸਿੰਘ ਮੌਜੂਦ ਸਨ।
ਕੀ ਹੈ 'ਖਾਲਸਾ ਏਡ'
ਸਾਲ 1999 ਤੋਂ ਇੰਗਲੈਂਡ ਵਿਚ ਹੋਂਦ 'ਚ ਆਈ ਸਮਾਜਸੇਵੀ ਸੰਸਥਾ 'ਖਾਲਸਾ ਏਡ' ਕੁਦਰਤੀ ਆਫਤਾਂ ਨਾਲ ਜੂਝ ਰਹੇ ਪੀੜਤਾਂ ਦੀ ਮਦਦ ਲਈ ਮਸੀਹਾ ਬਣ ਕੇ ਉਭਰਦੀ ਆਈ ਹੈ। ਹਾਲ ਹੀ 'ਚ ਸੰਸਥਾ ਵਲੋਂ ਬੰਗਲਾਦੇਸ਼ ਵਿਚ ਰਹਿੰਗਿਆ ਮੁਸਲਿਮ ਨੂੰ ਰਿਹਾਇਸ਼ ਅਤੇ ਖਾਣਾ ਮੁਹੱਈਆ ਕਰਵਾਉਣ ਲਈ ਕਾਫੀ ਯੋਗਦਾਨ ਪਾਇਆ ਗਿਆ ਸੀ। ਦੱਸ ਦਈਏ ਕਿ ਇਸ ਸੰਸਥਾ ਦੇ ਸੇਵਾਦਾਰ ਬਿਨਾਂ ਕਿਸੇ ਭੇਦ-ਭਾਵ ਤੋਂ ਜ਼ਰੂਰਤਮੰਦ ਲੋਕਾਂ ਤਕ ਰਾਹਤ ਸਮੱਗਰੀ ਪਹੁੰਚਾਉਣ ਅਤੇ ਕੁਦਰਤੀ ਮਾਰ ਨਾਲ ਜੂਝ ਰਹੇ ਲੋਕਾਂ ਨੂੰ ਘਰ ਮੁਹੱਈਆ ਕਰਵਾਉਣ ਦੀ ਸੇਵਾ ਕਰਦੇ ਹਨ। ਪਿਛਲੇ ਕੁਝ ਸਾਲਾਂ ਵਿਚ 'ਖਾਲਸਾ ਏਡ' ਦੇ ਸੇਵਾਦਾਰਾਂ ਨੇ ਕੁਦਰਤੀ ਆਫਤ ਦੀ ਮਾਰ ਹੇਠ ਆਏ ਭਾਰਤ, ਗਰੀਸ ਸ਼ਰਨਾਰਥੀ ਕੈਂਪਾਂ, ਇੰਗਲੈਂਡ ਹੜ੍ਹਾਂ, ਯਮਨ ਜੰਗ, ਨੇਪਾਲ ਭੂਚਾਲ ਤ੍ਰਾਸਦੀ, ਸੂਡਾਨ, ਲਿਬਨਾਨ ਸਮੇਤ ਕਈ ਦੇਸ਼ਾਂ ਵਿਚ ਲੋੜਵੰਦਾਂ ਨੂੰ ਮਦਦ ਪਹੁੰਚਾ ਕੇ ਮਾਨਵਤਾ ਦੀ ਸੇਵਾ ਕਰਨ ਦੀ ਵੱਖਰੀ ਮਿਸਾਲ ਪੈਦਾ ਕੀਤੀ ਹੈ। ਸੰਸਥਾ ਦੇ ਤਤਕਾਲੀ ਪ੍ਰੋਜੈਕਟਾਂ ਦੀ ਗੱਲ ਕਰੀਏ ਤਾਂ ਇਸ ਵਲੋਂ ਸਿਕਲੀ ਘਰ ਸਿੱਖਾਂ ਦੀ ਮਦਦ ਅਤੇ ਇਰਾਕ-ਸੀਰੀਆ ਬਾਰਡਰ 'ਤੇ ਸ਼ਰਨਾਰਥੀਆਂ ਦੀ ਸਹਾਇਤਾ ਲਈ ਵਿਸ਼ੇਸ਼ ਕਾਰਜ ਕੀਤੇ ਜਾ ਰਹੇ ਹਨ।
ਪੱਤਰਕਾਰ ਦੀ ਪਤਨੀ 'ਤੇ ਕਾਤਲਾਨਾ ਹਮਲਾ ਕਰਨ ਵਾਲਾ ਕਾਬੂ
NEXT STORY