ਪਟਿਆਲਾ (ਬਲਜਿੰਦਰ)—ਪਟਿਆਲਾ ਪੁਲਸ ਵੱਲੋਂ ਸਿੱਖਸ ਫਾਰ ਜਸਟਿਸ ਨਾਲ ਸਬੰਧਤ ਅਤੇ ਆਈ. ਐੈੱਸ. ਆਈ. ਦੀ ਸਰਪ੍ਰਸਤੀ ਵਾਲੇ ਅੱਤਵਾਦੀ ਧੜੇ ਦਾ ਪਰਦਾਫਾਸ਼ ਕਰ ਕੇ ਗ੍ਰਿਫ਼ਤਾਰ ਕੀਤੇ ਸ਼ਬਨਮਦੀਪ ਸਿੰਘ ਤੋਂ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਆਈ. ਐੈੱਸ. ਆਈ. ਪੰਜਾਬ ਵਿਚ ਦਹਿਸ਼ਤਗਰਦੀ ਫੈਲਾਉਣਾ ਚਾਹੁੰਦੀ ਸੀ ਅਤੇ ਇਸ ਲਈ ਉਹ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨਾਲ ਸੰਪਰਕ ਕਰ ਰਹੀ ਹੈ। ਸ਼ਬਨਮਦੀਪ ਨੂੰ ਵੀ ਪਾਕਿਸਤਾਨ ਇੰਟੈਲੀਜੈਂਸ ਜਾਵੇਦ ਖਾਨ ਅਤੇ ਪਾਕਿਸਤਾਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਗੋਪਾਲ ਸਿੰਘ ਚਾਵਲਾ ਵੱਲੋਂ ਹੀ ਨਿਰਦੇਸ਼ ਦਿੱਤੇ ਜਾ ਰਹੇ ਸਨ।
ਇਸ ਦੀ ਪੁਸ਼ਟੀ ਕਰਦੇ ਹੋਏ ਐੈੱਸ. ਐੈੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮਾਮਲੇ ਵਿਚ ਪਟਿਆਲਾ ਪੁਲਸ ਵੱਲੋਂ ਕੁੱਝ ਦਿਨ ਪਹਿਲਾਂ ਡਕੈਤੀ ਤੇ ਲੁੱਟ-ਖੋਹ ਦੀ ਤਾਕ 'ਚ ਬੈਠੇ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤੇ ਗਏ ਗੁਰਸੇਵਕ ਸਿੰਘ ਪਿੰਡ ਰਤਨਗੜ੍ਹ ਥਾਣਾ ਦਿੜ੍ਹਬਾ ਅਤੇ ਉਸ ਦੇ ਇਕ ਰਿਸ਼ਤੇਦਾਰ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਹੈ। ਇਸ ਮਿਸ਼ਨ ਵਿਚ ਇਨ੍ਹਾਂ ਤਿੰਨਾਂ ਨੇ ਵੀ ਉਸ ਦਾ ਸਾਥ ਦੇਣਾ ਸੀ। ਸ਼ਬਨਮਦੀਪ ਨੂੰ ਪਾਕਿਸਤਾਨ ਬੈਠ ਕੇ ਨਿਰਦੇਸ਼ ਦੇਣ ਵਾਲਿਆਂ ਵੱਲੋਂ ਦੀਵਾਲੀ ਤੋਂ ਪਹਿਲਾਂ ਪਟਿਆਲਾ ਵਿਚ ਵੱਡੀ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ। ਉਸ ਤੋਂ ਪਹਿਲਾਂ ਗੁਰਸੇਵਕ ਸਿੰਘ ਦੀ ਗ੍ਰਿਫ਼ਤਾਰੀ ਅਤੇ ਉਸ ਦੇ ਰਿਸ਼ਤੇਦਾਰ ਦੇ ਅਚਾਨਕ ਗਾਇਬ ਹੋਣ ਕਾਰਨ ਇਸ ਸਮੁੱਚੀ ਕਾਰਵਾਈ ਦੀ ਜ਼ਿੰਮੇਵਾਰੀ ਸ਼ਬਨਮਦੀਪ 'ਤੇ ਆ ਗਈ। ਉਸ ਨੂੰ ਵੀ ਪੰਜਾਬ ਇੰਟੈਲੀਜੈਂਸ ਦੀ ਇਨਪੁੱਟ ਦੇ ਆਧਾਰ 'ਤੇ ਪਟਿਆਲਾ ਪੁਲਸ ਵੱਲੋਂ ਕਿਸੇ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ।
ਸ਼ਬਨਮਦੀਪ ਸਿੰਘ ਕੋਲੋਂ ਬਰਾਮਦ ਗ੍ਰਨੇਡ ਪਿੱਛੇ ਪਿੱਠੂ ਬੈਗ ਵਿਚ ਰੱਖਿਆ ਗਿਆ ਸੀ। ਇਹ ਗ੍ਰਨੇਡ ਪਾਕਿਸਤਾਨ ਵਿਚ ਬਣਿਆ ਹੋਇਆ ਹੈ। ਇਸ ਨੂੰ 26 ਅਕਤੂਬਰ ਨੂੰ ਸ਼ਬਨਮਦੀਪ ਦੋਰਾਹੇ ਕੋਲੋਂ ਇਕ ਸੜਕ ਦੇ ਕਿਨਾਰਿਓਂ ਸਾਈਨ ਬੋਰਡ ਦੇ ਹੇਠੋਂ ਕੱਢ ਕੇ ਲਿਆਇਆ ਸੀ। ਇਸ ਬਾਰੇ ਸ਼ਬਨਮਦੀਪ ਨੂੰ ਵਟਸਐਪ ਰਾਹੀਂ ਪੂਰਾ ਨਕਸ਼ਾ ਬਣਾ ਕੇ ਮੈਸੇਜ ਦਿੱਤਾ ਗਿਆ ਸੀ। ਉਸੇ ਆਧਾਰ 'ਤੇ ਸ਼ਬਨਮਦੀਪ ਨੇ ਇਹ ਗ੍ਰਨੇਡ ਬਰਾਮਦ ਕੀਤਾ ਤੇ ਯੂ. ਟਿਊਬ 'ਤੇ ਉਸ ਨੂੰ ਚਲਾਉਣ ਦੀ ਟ੍ਰੇਨਿੰਗ ਲਈ। ਇਸ ਤੋਂ ਪਹਿਲਾਂ ਸ਼ਬਨਮਦੀਪ ਨੇ ਆਪਣੀਆਂ ਕਾਰਵਾਈਆਂ ਦੀਆਂ ਝੂਠੀਆਂ ਵੀਡੀਓ ਬਣਾ ਕੇ ਪਾਕਿਸਤਾਨ ਬੈਠੇ ਆਪਣੇ ਆਕਾਵਾਂ ਨੂੰ ਭੇਜੀਆਂ। ਇਸ ਦੇ ਬਦਲੇ ਪਾਕਿਸਤਾਨ ਬੈਠੇ ਆਕਾਵਾਂ ਨੇ ਸ਼ਬਨਮਦੀਪ ਨੂੰ 50 ਹਜ਼ਾਰ ਉਸ ਦੀ ਭੈਣ ਦੇ ਅਕਾਊਂਟ ਵਿਚ, 25-25 ਹਜ਼ਾਰ ਸਮਾਣਾ ਵਿਖੇ ਵਿਦੇਸ਼ ਤੋਂ ਪੈਸੇ ਮੰਗਵਾਉਣ ਵਾਲੇ ਫਾਇਨਾਂਸ ਦੇ ਜ਼ਰੀਏ ਕੁੱਲ 1 ਲੱਖ ਰੁਪਏ ਭੇਜੇ। ਉਸ ਨੇ ਮੋਟਰਸਾਈਕਲ ਅਤੇ ਫੋਨ ਖਰੀਦਿਆ। ਜੂਨ ਮਹੀਨੇ ਵਿਚ ਚੀਕੇ ਤੋਂ ਖਾਲਿਸਤਾਨ ਗਦਰ ਫੋਰਸ ਦੇ ਲੈਟਰਪੈਡ ਅਤੇ ਸਟਿੱਕਰ ਪ੍ਰਿੰਟ ਕਰਵਾਏ। ਸਮੁੱਚੀ ਜਾਂਚ ਕੀਤੀ ਜਾ ਰਹੀ ਹੈ। ਪ੍ਰਿੰਟ ਕਰਨ ਵਾਲਿਆਂ ਨੂੰ ਵੀ ਇਸ ਮਾਮਲੇ ਵਿਚ ਨਾਮਜ਼ਦ ਕੀਤਾ ਜਾਵੇਗਾ।
ਐੈੱਸ. ਐੈੱਸ. ਪੀ. ਸਿੱਧੂ ਨੇ ਦੱਸਿਆ ਕਿ ਇਸ ਦਾ ਸਿੱਧਾ ਸਬੰਧ ਸਿੱਖ ਫਾਰ ਜਸਟਿਸ ਨਾਲ ਜੁੜ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਗੁਰਸੇਵਕ ਸਿੰਘ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਹੋਇਆ ਹੈ। ਉਸ ਦੇ ਰਿਸ਼ਤੇਦਾਰ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਗੁਰਸੇਵਕ ਸਿੰਘ ਵੱਲੋਂ ਵੀ ਇਸ ਮਾਮਲੇ ਵਿਚ ਕਾਫੀ ਵੱਡੀ ਜਾਣਕਾਰੀ ਦਿੱਤੀ ਗਈ ਹੈ।
ਪਾਠੀ ਵਜੋਂ ਕੰਮ ਕਰਦਾ ਸੀ ਸ਼ਬਨਮਦੀਪ
ਐੈੱਸ. ਐੈੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸ਼ਬਨਮਦੀਪ ਸਿੰਘ ਪਾਠੀ ਵਜੋਂ ਕੰਮ ਕਰਦਾ ਸੀ। ਉਸ ਦਾ ਪਿਤਾ ਵੀ ਪਾਠੀ ਸੀ। ਉਸ ਨੇ 6-7 ਮਹੀਨੇ ਬਤੌਰ ਸਕਿਓਰਿਟੀ ਗਾਰਡ ਦੀ ਵੀ ਨੌਕਰੀ ਕੀਤੀ। ਉਸ ਨੇ ਸਿੱਖ ਫਾਰ ਜਸਟਿਸ ਦੇ ਪੇਜ ਨੂੰ ਜਦੋਂ ਲਾਈਕ ਕੀਤਾ ਤਾਂ ਉਸ ਤੋਂ ਬਾਅਦ ਉਹ ਜਾਵੇਦ ਖਾਨ ਅਤੇ ਗੋਪਾਲ ਸਿੰਘ ਚਾਵਲਾ ਦੇ ਸੰਪਰਕ ਵਿਚ ਆਇਆ। ਕੁੱਝ ਦਿਨ ਪਹਿਲਾਂ ਉਸ ਵਿਚ ਧਾਰਮਕ ਭਾਵਨਾ ਭਰਨ ਲਈ ਗੋਪਾਲ ਸਿੰਘ ਚਾਵਲਾ ਨੇ ਉਸ ਨੂੰ ਸੋਸ਼ਲ ਮੀਡੀਆ 'ਤੇ ਨਨਕਾਣਾ ਸਾਹਿਬ ਦੇ ਦਰਸ਼ਨ ਵੀ ਕਰਵਾਏ। ਐੈੱਸ. ਐੈੱਸ. ਪੀ. ਸਿੱਧੂ ਨੇ ਕਿਹਾ ਕਿ ਕੁੱਝ ਵਿਅਕਤੀ ਆਪਣੇ ਨਿੱਜੀ ਸਵਾਰਥਾਂ ਲਈ ਨੌਜਵਾਨਾਂ ਨੂੰ ਭੜਕਾ ਕੇ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ।
ਮਹਿੰਗਾਈ ਨੇ ਘਟਾਈ ਦੀਵਾਲੀ ਦੀ ਰੌਣਕ, ਨਹੀਂ ਮਿਲ ਰਹੇ ਗਾਹਕ
NEXT STORY