ਤਲਵੰਡੀ ਸਾਬੋ (ਮੁਨੀਸ਼)-ਜੰਮੂ ਕਸ਼ਮੀਰ ਦੇ ਰਾਜੌਰੀ ਲਾਗੇ ਬੀਤੇ ਦਿਨ ਪਾਕਿਸਤਾਨੀ ਗੋਲੀਬਾਰੀ 'ਚ ਸ਼ਹੀਦ ਹੋਏ ਨੇੜਲੇ ਪਿੰਡ ਕੋਰੇਆਣਾ ਦੇ ਲਾਂਸ ਨਾਇਕ ਕੁਲਦੀਪ ਸਿੰਘ ਦੇ ਘਰ ਅੱਜ ਬਠਿੰਡਾ ਤੋਂ ਲੋਕ ਸਭਾ ਮੈਂਬਰ ਅਤੇ ਕੇਂਦਰੀ ਫੂਡ ਅਤੇ ਪ੍ਰਾਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅਫਸੋਸ ਪ੍ਰਗਟ ਕਰਨ ਲਈ ਪੁੱਜੇ। ਸ਼੍ਰੋਮਣੀ ਅਕਾਲੀ ਦਲ ਦੇ ਜਨ. ਸਕੱ. ਅਤੇ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵੀ ਉਨ੍ਹਾਂ ਦੇ ਨਾਲ ਸਨ।
ਇਸ ਮੌਕੇ ਸ਼ਹੀਦ ਦੀ ਮਾਤਾ ਅਤੇ ਪਤਨੀ ਨੇ ਬੀਬਾ ਬਾਦਲ ਕੋਲ ਰੋਸ ਪ੍ਰਗਟਾਇਆ ਕਿ ਸ਼ਹੀਦ ਦੇ ਅੰਤਿਮ ਸੰਸਕਾਰ ਉਪਰੰਤ ਸਰਕਾਰ ਜਾਂ ਪ੍ਰਸ਼ਾਸਨ ਦਾ ਕੋਈ ਨੁਮਾਇੰਦਾ ਉਨ੍ਹਾਂ ਦੀ ਸਾਰ ਲੈਣ ਨਹੀਂ ਪੁੱਜਾ। ਸ਼ਹੀਦ ਦੀ ਪਤਨੀ ਜਸਪ੍ਰੀਤ ਕੌਰ ਨੇ ਦੱਸਿਆ ਕਿ ਸਿਰਫ ਕੁਲਦੀਪ ਸਿੰਘ ਦੀ ਕਮਾਈ ਨਾਲ ਹੀ ਘਰ ਦਾ ਗੁਜ਼ਾਰਾ ਚੱਲਦਾ ਸੀ ਪਰ ਹੁਣ ਉਨ੍ਹਾਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਬਠਿੰਡਾ ਨੇ ਸੂਬਾ ਸਰਕਾਰ ਵੱਲੋਂ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਅਤੇ 12 ਲੱਖ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਤਾਂ ਕੀਤਾ ਹੈ ਪਰ ਅੱਜ ਤੱਕ ਉਨ੍ਹਾਂ ਨੂੰ ਇਹ ਨਹੀਂ ਦੱਸਿਆ ਗਿਆ ਕਿ ਸਹਾਇਤਾ ਰਾਸ਼ੀ ਜਾਂ ਨੌਕਰੀ ਸਬੰਧੀ ਪੱਤਰ ਕਦੋਂ ਮਿਲੇਗਾ।
ਇਸ 'ਤੇ ਬੀਬਾ ਬਾਦਲ ਨੇ ਡੀ. ਸੀ. ਬਠਿੰਡਾ ਦੀਪਰਵਾ ਲਾਕਰਾ ਨਾਲ ਫੋਨ 'ਤੇ ਗੱਲ ਕੀਤੀ ਤੇ ਉਨ੍ਹਾਂ ਨੂੰ ਕਿਹਾ ਕਿ ਪਰਿਵਾਰ ਦੀ ਮੰਗ ਅਨੁਸਾਰ ਸਹਾਇਤਾ ਰਾਸ਼ੀ ਦਾ ਚੈੱਕ ਅਤੇ ਸ਼ਹੀਦ ਦੀ ਵਿਧਵਾ ਨੂੰ ਨੌਕਰੀ ਦੇਣ ਸਬੰਧੀ ਨਿਯੁਕਤੀ ਪੱਤਰ ਭੋਗ ਵਾਲੇ ਦਿਨ ਹੀ ਸੌਂਪਿਆ ਜਾਵੇ, ਜਿਸ 'ਤੇ ਡੀ. ਸੀ. ਨੇ ਭਰੋਸਾ ਦਿਵਾਇਆ ਕਿ ਉਹ ਇਸ ਸਬੰਧੀ ਸਰਕਾਰ ਨਾਲ ਗੱਲ ਕਰਨਗੇ। ਬੀਬਾ ਬਾਦਲ ਨੇ ਸ਼ਹੀਦ ਦੀ ਪਿੰਡ 'ਚ ਢੁਕਵੀਂ ਯਾਦਗਾਰ ਬਣਾਉਣ ਲਈ ਪੰਚਾਇਤ ਨੂੰ ਮਤਾ ਪਾ ਕੇ ਭੇਜਣ ਲਈ ਕਿਹਾ ਤਾਂ ਕਿ ਐੱਮ. ਪੀ. ਫੰਡ 'ਚੋਂ ਯਾਦਗਾਰ ਲਈ ਸਹਾਇਤਾ ਰਾਸ਼ੀ ਦਿੱਤੀ ਜਾ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ, ਕ੍ਰਿਸ਼ਨ ਮਿੱਤਲ ਪ੍ਰਧਾਨ ਨਗਰ ਕੌਂਸਲ ਰਾਮਾਂ, ਨਿਰਮਲ ਜੋਧਪੁਰ, ਭਾਗ ਸਿੰਘ ਕਾਕਾ ਹਲਕਾ ਪ੍ਰਧਾਨ ਸ਼੍ਰੋ. ਅ. ਦਲ, ਸੁਖਬੀਰ ਚੱਠਾ ਹਲਕਾ ਪ੍ਰਧਾਨ ਯੂਥ ਅਕਾਲੀ ਦਲ, ਬਾਬੂ ਸਿੰਘ ਮਾਨ, ਬਲਵਿੰਦਰ ਗਿੱਲ ਸਰਕਲ ਪ੍ਰਧਾਨ, ਰਣਜੀਤ ਮਲਕਾਣਾ, ਸੁਰਜੀਤ ਭੱਮ, ਰਾਕੇਸ਼ ਚੌਧਰੀ, ਨੱਥੂ ਰਾਮ ਲੇਲੇਵਾਲਾ ਮੰਡਲ ਪ੍ਰਧਾਨ ਭਾਜਪਾ, ਬੂਟਾ ਸਿੰਘ ਸਰਪੰਚ ਕੋਰੇਆਣਾ, ਐਡਵੋਕੇਟ ਪਵਨ ਸ਼ਰਮਾ, ਚਿੰਟੂ ਜਿੰਦਲ, ਗੁਰਜੀਵਨ ਸਰਪੰਚ ਗਾਟਵਾਲੀ, ਸੁਖਭਿੰਦਰ ਸਰਪੰਚ ਜੋਗੇਵਾਲਾ, ਗੁਰਤੇਜ ਜੋਗੇਵਾਲਾ, ਅੰਮ੍ਰਿਤਪਾਲ ਸਰਪੰਚ ਰਾਈਆ, ਯਾਦਵਿੰਦਰ ਕੋਰੇਆਣਾ, ਹਰਪਾਲ ਗਾਟਵਾਲੀ, ਮੋਹਣ ਮਿਰਜ਼ੇਆਣਾ ਡਾਇਰੈਕਟਰ, ਮੇਜਰ ਮਿਰਜ਼ੇਆਣਾ, ਡਾ. ਗੁਰਮੇਲ ਘਈ, ਖੀਰੂ ਲੇਲੇਵਾਲਾ ਆਦਿ ਆਗੂ ਹਾਜ਼ਰ ਸਨ।
ਸਾਬਕਾ ਵਿਧਾਇਕ ਨੇ ਸ਼ਹੀਦ ਦੇ ਮਾਤਾ ਦੇ ਇਲਾਜ ਅਤੇ ਬੱਚਿਆਂ ਦੀ ਪੜ੍ਹਾਈ ਦਾ ਚੁੱਕਿਆ ਬੀੜਾ
ਹਲਕੇ ਦੇ ਸਾਬਕਾ ਅਕਾਲੀ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਜੀਤਮਹਿੰਦਰ ਸਿੰਘ ਸਿੱਧੂ ਨੇ ਸ਼ਹੀਦ ਕੁਲਦੀਪ ਦੇ ਬੇਟੇ ਦੀ ਪੜ੍ਹਾਈ ਨਾਲ ਸਬੰਧਤ ਮੈਨੇਜਮੈਂਟ ਨਾਲ ਗੱਲ ਕਰ ਕੇ ਮੁਫਤ ਕਰਵਾਉਣ ਅਤੇ ਮੁਫਤ ਨਾ ਹੋਣ ਦੀ ਸੂਰਤ ਵਿਚ 12ਵੀਂ ਤੱਕ ਦੀ ਪੜ੍ਹਾਈ ਦਾ ਖਰਚਾ ਖੁਦ ਉਠਾਉਣ ਦੀ ਗੱਲ ਕਹੀ। ਉਸ ਦੇ ਨਾਲ ਹੀ ਸ਼ਹੀਦ ਦੀ ਮਾਤਾ ਰਾਣੀ ਕੌਰ ਦੇ ਪ੍ਰਾਈਵੇਟ ਤੌਰ 'ਤੇ ਚੱਲ ਰਹੇ ਇਲਾਜ ਅਤੇ ਦਵਾਈਆਂ ਦਾ ਖਰਚ ਵੀ ਸਾਬਕਾ ਵਿਧਾਇਕ ਨੇ ਦੇਣ ਦਾ ਭਰੋਸਾ ਪਰਿਵਾਰ ਨੂੰ ਦਿੱਤਾ।
ਆਪਸੀ ਰੰਜ਼ਿਸ਼ ਕਾਰਨ ਹੋਏ ਝਗੜੇ 'ਚ ਔਰਤ ਜ਼ਖਮੀ
NEXT STORY