ਅੰਮ੍ਰਿਤਸਰ - ਬੇਸ਼ੱਕ ਅੱਤਵਾਦ ਦੇ ਦੌਰ ਵਿਚ ਵੱਡੀ ਗਿਣਤੀ 'ਚ ਨਿਰਦੋਸ਼ ਲੋਕਾਂ ਨੇ ਆਪਣੀ ਜਾਨ ਗੁਆਈ ਸੀ ਪਰ ਜੇ ਅੱਜ ਅਸੀਂ ਪੰਜਾਬ ਵਿਚ ਬਿਨਾਂ ਕਿਸੇ ਡਰ ਤੋਂ ਅਮਨ ਤੇ ਸ਼ਾਂਤੀ ਵਾਲੀ ਜ਼ਿੰਦਗੀ ਬਤੀਤ ਕਰ ਰਹੇ ਹਾਂ ਤਾਂ ਇਸ ਲਈ ਅੱਤਵਾਦ ਦੇ ਦੌਰ 'ਚ ਕਈ ਮਹਾਨ ਸ਼ਹੀਦਾਂ ਦੀ ਕੁਰਬਾਨੀ ਦੇ ਵਿਸ਼ੇਸ਼ ਯੋਗਦਾਨ ਨੂੰ ਨਕਾਰਿਆ ਨਹੀਂ ਜਾ ਸਕਦਾ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਦੀਆਂ ਸ਼ਹੀਦੀਆਂ ਨੂੰ ਭੁਲ ਜਾਂਦੀਆਂ ਹਨ ਉਹ ਲੰਬੇ ਸਮੇਂ ਤਕ ਜ਼ਿੰਦਾ ਨਹੀਂ ਰਹਿੰਦੀਆਂ। ਅੱਜ ਵੀ ਸਾਰਾ ਪੰਜਾਬ ਅਤੇ ਖਾਸ ਕਰ ਕੇ ਸਾਰਾ ਮਾਝਾ ਖੇਤਰ ਸ਼ਹੀਦ ਮਨਜੀਤ ਸਿੰਘ ਵੇਰਕਾ ਨੂੰ ਇਸ ਲਈ ਯਾਦ ਕਰਦਾ ਹੈ ਕਿਉਂਕਿ ਉਨ੍ਹਾਂ ਆਪਣੇ ਅਸੂਲਾਂ ਨਾਲ ਸਮਝੌਤਾ ਕਰਨ ਦੀ ਬਜਾਏ ਸ਼ਹਾਦਤ ਦੇਣ ਨੂੰ ਪਹਿਲ ਦਿੱਤੀ।
ਮਨਜੀਤ ਸਿੰਘ ਵੇਰਕਾ ਦੀ ਸ਼ਹਾਦਤ ਦੀ ਬਰਸੀ 2 ਜੁਲਾਈ ਨੂੰ ਹਰ ਸਾਲ ਮਨਾਈ ਜਾਂਦੀ ਹੈ। ਉਨ੍ਹਾਂ ਦੀ ਯਾਦ ਪੂਰੇ ਪੰਜਾਬ ਦੇ ਹਰ ਵਿਅਕਤੀ ਦੇ ਦਿਲ 'ਚ ਵਸੀ ਹੋਈ ਹੈ। ਇਸ ਮਹਾਨ ਸ਼ਹੀਦ ਨੂੰ 2 ਜੁਲਾਈ 1988 ਨੂੰ ਕੁਝ ਕੱਟੜਪੰਥੀ ਵਿਚਾਰਧਾਰਾ ਦੇ ਲੋਕਾਂ ਨੂੰ ਆਪਣੀ ਹੈਵਾਨੀਅਤ ਅਤੇ ਸਾਜ਼ਿਸ਼ ਦਾ ਸ਼ਿਕਾਰ ਇਸ ਲਈ ਬਣਾ ਦਿੱਤਾ ਕਿਉਂਕਿ ਉਹ ਹਮੇਸ਼ਾ ਹੀ ਦੇਸ਼ ਦੀ ਏਕਤਾ, ਅਖੰਡਤਾ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਦੀ ਗੱਲ ਕਰਦੇ ਸਨ।
ਵੇਰਕਾ ਵਜੋਂ ਪ੍ਰਸਿੱਧ ਸ਼ਹੀਦ ਮਨਜੀਤ ਸਿੰਘ ਵੇਰਕਾ ਕਾਂਗਰਸੀ ਵਿਚਾਰਧਾਰਾ ਰੱਖਦੇ ਸਨ ਅਤੇ ਅੰਮ੍ਰਿਤਸਰ ਦੇ ਦਿਹਾਤੀ ਕਾਂਗਰਸ ਦੇ ਜਨਰਲ ਸਕੱਤਰ ਵੀ ਸਨ। ਲੋਕ ਉਨ੍ਹਾਂ ਨੂੰ 'ਵੇਰਕਾ ਜੀ' ਕਹਿ ਕੇ ਹੀ ਬੁਲਾਉਂਦੇ ਸਨ। ਸ਼ਾਇਦ ਹੀ ਕੋਈ ਅਜਿਹੀ ਸੰਸਥਾ ਹੋਵੇਗੀ ਜਿਸ ਨਾਲ ਉਹ ਸਬੰਧਤ ਨਹੀਂ ਹੋਣਗੇ। ਉਹ 1949 ਤੋਂ 1952 ਤਕ ਜ਼ਿਲਾ ਸਟੂਡੈਂਟ ਕਾਂਗਰਸ ਦੇ ਜਨਰਲ ਸਕੱਤਰ ਰਹੇ। 1974 ਤੋਂ 1978 ਤਕ ਜ਼ਿਲਾ ਕਾਂਗਰਸ ਕਮੇਟੀ ਅੰਮ੍ਰਿਤਸਰ ਦੇ ਸਕੱਤਰ ਬਣੇ। ਇਕ ਸਾਧਾਰਨ ਮੈਂਬਰ ਪੰਚਾਇਤ ਵਜੋਂ ਆਪਣਾ ਸਿਆਸੀ ਜੀਵਨ ਸ਼ੁਰੂ ਕਰਨ ਵਾਲੇ ਮਨਜੀਤ ਸਿੰਘ ਵੇਰਕਾ ਨੇ ਸਿਆਸਤ ਸਮੇਤ ਆਪਣੀ ਵਿਸ਼ੇਸ਼ ਥਾਂ ਬਣਾਈ।
ਉਨ੍ਹਾਂ ਹਮੇਸ਼ਾ ਹੀ ਪੰਜਾਬ ਕੇਸਰੀ ਗਰੁੱਪ ਦੇ ਸੰਸਥਾਪਕ ਸ਼ਹੀਦ ਲਾਲਾ ਜਗਤ ਨਾਰਾਇਣ ਦੇ ਦੱਸੇ ਹੋਏ ਰਾਹ 'ਤੇ ਤੁਰ ਕੇ ਦੇਸ਼ ਦੇ ਹਿੱਤਾਂ 'ਚ ਲਿਖਿਆ ਅਤੇ ਦੇਸ਼ ਵਿਰੋਧੀ ਤਾਕਤਾਂ ਦਾ ਡਟ ਕੇ ਮੁਕਾਬਲਾ ਕੀਤਾ। ਲਾਲਾ ਜਗਤ ਨਾਰਾਇਣ ਜੀ, ਬੇਅੰਤ ਸਿੰਘ, ਹਿਤ ਅਭਿਲਾਸ਼ੀ ਅਤੇ ਮਨਜੀਤ ਸਿੰਘ ਵੇਰਕਾ ਸਮੇਤ ਕਈ ਮਹਾਨ ਸ਼ਹੀਦਾਂ ਨੇ ਇਸ ਲੜਾਈ 'ਚ ਆਪਣੀ ਸ਼ਹਾਦਤ ਦੇ ਕੇ ਭਾਰਤ ਮਾਤਾ ਦੀ ਰੱਖਿਆ ਕੀਤੀ। ਮਨਜੀਤ ਸਿੰਘ ਵੇਰਕਾ ਨੇ ਹਮੇਸ਼ਾ ਆਪਣੀ ਮੌਤ ਦਾ ਕਫਨ ਆਪਣੇ ਸਿਰ 'ਤੇ ਬੰਨ੍ਹ ਕੇ ਚਲਦੇ ਸਨ ਅਤੇ ਲੋਕਾਂ ਨੂੰ ਅੱਤਵਾਦ ਵਿਰੁੱਧ ਖੜ੍ਹਾ ਹੋਣ ਲਈ ਪ੍ਰੇਰਿਤ ਕਰਦੇ ਸਨ।
2 ਜੁਲਾਈ 1988 ਨੂੰ ਅੱਤਵਾਦੀਆਂ ਹੱਥੋਂ ਉਹ ਆਪਣੀ ਵਿਚਾਰਧਾਰਾ ਦੀ ਲੜਾਈ ਤਾਂ ਹਾਰ ਗਏ ਪਰ ਆਪਣਾ ਸੰਦੇਸ਼ ਲੋਕਾਂ ਤਕ ਪਹੁੰਚਾਉਣ 'ਚ ਸਫਲ ਹੋ ਗਏ। ਉਨ੍ਹਾਂ ਦੀ ਸ਼ਹਾਦਤ 'ਤੇ ਪੰਜਾਬ ਦਾ ਸ਼ਾਇਦ ਹੀ ਕੋਈ ਵਿਅਕਤੀ ਹੋਵੇਗਾ ਜਿਸ ਦੇ ਅੱਖਾਂ 'ਚ ਅਥਰੂ ਨਾ ਵਗੇ ਹੋਣ।
ਆਪਣੀ ਜ਼ਿੰਦਗੀ ਦੇ ਆਖਰੀ ਸਮੇਂ 'ਚ ਉਹ ਇਕ ਹਫਤਾਵਾਰੀ ਅਖਬਾਰ 'ਸੰਘਰਸ਼' ਦੇ ਮੁੱਖ ਸੰਪਾਦਕ ਵਜੋਂ ਕੰਮ ਕਰ ਰਹੇ ਸਨ ਅਤੇ ਇਸ ਅਖਬਾਰ ਰਾਹੀਂ ਉਹ ਆਪਣੀ ਲੜਾਈ ਨੂੰ ਪੂਰੇ ਜ਼ੋਰ ਨਾਲ ਲੜ ਰਹੇ ਸਨ। ਮਨਜੀਤ ਸਿੰਘ ਵੇਰਕਾ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਉਨ੍ਹਾਂ ਦੇ ਦੱਸੇ ਹੋਏ ਰਾਹ 'ਤੇ ਚੱਲੀਏ।
ਪੁਲਸ ਦੀ ਧੱਕੇਸ਼ਾਹੀ ਖਿਲਾਫ ਦਲਿਤ ਕਿਸਾਨ ਪਰਿਵਾਰ ਤੇ ਪਿੰਡ ਵਾਸੀਆਂ ਕੀਤੀ ਨਾਅਰੇਬਾਜ਼ੀ
NEXT STORY