ਗੁਰਦਾਸਪੁਰ(ਵਿਨੋਦ)-ਪੁਲਸ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਨੂੰਨ ਦੇ ਇਕ ਦਲਿਤ ਕਿਸਾਨ ਪਰਿਵਾਰ ਦੀ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਪੁਲਸ ਵੱਲੋਂ ਇਕ ਧਿਰ ਦੇ ਹੱਕ ਵਿਚ ਕੀਤੀ ਜਾ ਰਹੀ ਦਖਲਅੰਦਾਜ਼ੀ ਤੋਂ ਅੱਕੇ ਕਿਸਾਨ ਪਰਿਵਾਰ ਤੇ ਪਿੰਡ ਨੂੰਨ ਵਾਸੀਆਂ ਨੇ ਥਾਣਾ ਭੈਣੀ ਮੀਆਂ ਖਾਂ ਦੀ ਪੁਲਸ ਖਿਲਾਫ ਨਾਅਰੇਬਾਜ਼ੀ ਕੀਤੀ। ਪੁਲਸ ਵੱਲੋਂ ਝਗੜੇ ਵਾਲੇ ਰਕਬੇ ਦਾ ਐੱਸ. ਡੀ. ਐੱਮ. ਕੋਰਟ ਨੂੰ ਧਾਰਾ 145 ਲਾਉਣ ਦਾ ਕਲੰਦਰਾ ਭੇਜਿਆ ਗਿਆ ਸੀ, ਜੋ ਕਿ ਮਾਣਯੋਗ ਅਦਾਲਤ ਵੱਲੋਂ 27 ਜੂਨ ਨੂੰ ਰੱਦ ਕਰ ਦਿੱਤਾ ਗਿਆ ਪਰ ਇਸ ਦੇ ਬਾਵਜੂਦ ਥਾਣਾ ਭੈਣੀ ਮੀਆਂ ਖਾਂ ਦੀ ਪੁਲਸ ਇਕ ਸਬ-ਇੰਸਪੈਕਟਰ ਦੀ ਅਗਵਾਈ ਵਿਚ ਕਿਸਾਨ ਦੇ ਖੇਤਾਂ ਵਿਚ ਚੱਲ ਰਹੇ ਝੋਨਾ ਲਵਾਈ ਦੇ ਕੰਮ ਨੂੰ ਰੋਕਣ ਲਈ ਪਹੁੰਚ ਗਈ। ਕਿਸਾਨ ਰਤਨ ਚੰਦ ਪੁੱਤਰ ਕਾਲੂ ਰਾਮ ਵਾਸੀ ਨੂੰਨ ਨੇ ਦੱਸਿਆ ਕਿ ਉਸ ਦਾ ਆਪਣੇ ਹੀ ਇਕ ਪਿੰਡ ਵਾਸੀ ਨਾਲ 59 ਕਨਾਲ ਜ਼ਮੀਨ ਦਾ ਮਸਲਾ ਹੈ। ਦੂਜੀ ਧਿਰ ਵੱਲੋਂ ਸਿਆਸੀ ਦਬਾਅ ਹੇਠ ਥਾਣਾ ਭੈਣੀ ਮੀਆਂ ਖਾਂ ਦੀ ਪੁਲਸ ਨੂੰ ਉਸ ਦੇ ਝਗੜੇ ਵਾਲੀ ਜ਼ਮੀਨ ਅਤੇ ਜੱਦੀ ਜ਼ਮੀਨ ਉਪਰ ਖੇਤੀ ਕਰਨ ਤੋਂ ਬੀਤੇ ਦਿਨਾਂ ਵਿਚ ਰੋਕ ਦਿੱਤਾ ਗਿਆ ਸੀ। ਹੁਣ ਮਾਣਯੋਗ ਅਦਾਲਤ ਨੇ ਪੁਲਸ ਵੱਲੋਂ ਭੇਜੇ 145 ਦੇ ਕਲੰਦਰੇ ਨੂੰ ਰੱਦ ਕਰ ਦਿੱਤਾ ਹੈ ਤੇ ਪਹਿਲਾਂ ਵਾਲੀ ਧਿਰ ਦਾ ਕਬਜ਼ਾ ਬਹਾਲ ਰੱਖਣ ਦਾ ਨਿਰਦੇਸ਼ ਦਿੱਤਾ ਹੈ। ਫਿਰ ਵੀ ਪੁਲਸ ਉਨ੍ਹਾਂ ਨੂੰ ਅਦਾਲਤੀ ਹੁਕਮਾਂ ਦੇ ਬਾਵਜੂਦ ਖੇਤੀ ਕਰਨ ਤੋਂ ਰੋਕ ਰਹੀ ਹੈ। ਪਿੰਡ ਵਾਸੀਆਂ ਤੇ ਪੀੜਤ ਪਰਿਵਾਰ ਨੇ ਦੱਸਿਆ ਕਿ ਇਸ ਮਾਮਲੇ ਦੇ ਹੱਲ ਲਈ ਉਹ ਥਾਣਾ ਮੁਖੀ ਭੈਣੀ ਮੀਆਂ ਖਾਂ ਕਪਿਲ ਕੋਸ਼ਲ ਨੂੰ ਵੀ ਮਿਲ ਚੁੱਕੇ ਹਨ ਪਰ ਕੋਈ ਮਸਲਾ ਹੱਲ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਜੇਕਰ ਪੁਲਸ ਦੀ ਧੱਕੇਸ਼ਾਹੀ ਇਸੇ ਤਰ੍ਹਾਂ ਜਾਰੀ ਰਹੀ ਤਾਂ ਉਹ ਥਾਣਾ ਭੈਣੀ ਮੀਆਂ ਖਾਂ ਅੱਗੇ ਧਰਨਾ ਲਾਉਣ ਲਈ ਮਜਬੂਰ ਹੋਣਗੇ। ਇਸ ਸਬੰਧੀ ਜਦੋਂ ਮੌਕੇ 'ਤੇ ਪੁਲਸ ਪਾਰਟੀ ਸਮੇਤ ਕੰਮ ਰੋਕਣ ਲਈ ਪਹੁੰਚੇ ਉਪ ਥਾਣਾ ਮੁਖੀ ਵਿਜੇ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਕਲੰਦਰੇ ਦੀ ਰਿਪੋਰਟ ਨੂੰ ਵਾਪਸ ਕਰਦੇ ਹੋਏ 10 ਦਿਨਾਂ 'ਚ ਦੁਬਾਰਾ ਇਸ ਮਾਮਲੇ ਦੀ ਰਿਪੋਰਟ ਕਰਨ ਲਈ ਹੁਕਮ ਦਿੱਤੇ ਗਏ ਹਨ। ਇਸ ਮਾਮਲੇ ਵਿਚ ਦੋਵਾਂ ਧਿਰਾਂ ਦਾ ਝਗੜਾ ਹੋਣ ਦੇ ਖਦਸ਼ੇ ਨੂੰ ਦੇਖਦੇ ਹੋਏ ਉਹ ਇਥੇ ਪਹੁੰਚੇ ਹਨ। ਉਨ੍ਹਾਂ ਨੇ ਕਿਸੇ ਵੀ ਸਿਆਸੀ ਦਬਾਅ ਤੋਂ ਇਨਕਾਰ ਕੀਤਾ। ਇਸ ਮੌਕੇ ਸਾਬਕਾ ਸਰਪੰਚ ਸੁਰਿੰਦਰ ਸਿੰਘ, ਕਰਮਜੀਤ ਸਿੰਘ, ਸਾਬਕਾ ਸਰਪੰਚ ਠਾਕੁਰ ਬਲਵੰਤ ਸਿੰਘ, ਨੰਬਰਦਾਰ ਦਲੀਪ ਸਿੰਘ, ਬਲਵੰਤ ਸਿੰਘ, ਸੋਨਾ ਸਿੰਘ, ਅਜੇ ਕੁਮਾਰ, ਪੰਚ ਸਤਪਾਲ, ਪੰਚ ਬਲਵਿੰਦਰਪਾਲ, ਪੰਚ ਸੀਤਾ ਦੇਵੀ, ਸਾਬਕਾ ਸਰਪੰਚ ਵੱਸਣ ਸਿੰਘ, ਪਵਨ ਸ਼ਰਮਾ, ਰਮੇਸ਼ ਸਿੰਘ, ਅਜੇ ਸੇਠੀ, ਕਾਲਾ ਸਿੰਘ ਨੂੰਨ, ਨਰਿੰਦਰਪਾਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
ਪਲਾਸਟਿਕ ਦੀਆਂ ਫੁੱਲੀਆਂ ਦਾ ਮਾਮਲਾ ਗਰਮਾਇਆ
NEXT STORY