ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਸੰਗਰੂਰ ਜ਼ਿਲ੍ਹਾ ਪੁਲਸ ਨੂੰ ਉਸ ਸਮੇਂ ਸਫਲਤਾ ਮਿਲੀ, ਜਦੋਂ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਯੂਨਿਟ ਸੰਗਰੂਰ ਵੱਲੋਂ ਬ੍ਰਿਜ ਮੋਹਨ ਭੰਡਾਰੀ ਪੁੱਤਰ ਕ੍ਰਿਸ਼ਨ ਗੋਪਾਲ ਭੰਡਾਰੀ ਵਾਸੀ ਧੂਰੀ ਨਾਲ ਸ਼ੇਅਰ ਮਾਰਕਿਟ 'ਚ ਇਨਵੈਸਟ ਕਰਵਾਉਣ ਦੇ ਨਾਂ 'ਤੇ 1 ਕਰੋੜ, 28 ਲੱਖ, 46 ਹਜ਼ਾਰ 800 ਰੁਪਏ ਦੀ ਠੱਗੀ ਮਾਰਨ ਵਾਲੇ ਰਾਏਪੁਰ, ਛੱਤੀਸਗੜ੍ਹ ਦੇ ਇੱਕ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕੋਲੋਂ 30 ਲੱਖ ਰੁਪਏ ਵਾਪਸ ਕਰਵਾਏ ਗਏ ਹਨ।
ਇਸ ਗਿਰੋਹ ਸਬੰਧੀ ਹੋਰ ਜਾਣਕਾਰੀ ਦਿੰਦਿਆ ਐੱਸ. ਐੱਸ. ਪੀ. ਚਾਹਲ ਅਤੇ ਐੱਸ. ਪੀ. ਪਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਗਿਰੋਹ ਦੇ ਮੈਂਬਰਾਂ ਵਲੋਂ ਬ੍ਰਿਜ ਮੋਹਨ ਭੰਡਾਰੀ ਨਾਲ ਮੋਬਾਇਲ ਫੋਨ ਜ਼ਰੀਏ ਸੰਪਰਕ ਕਰਕੇ ਸ਼ੇਅਰ ਮਾਰਕਿਟ ਵਿਚ ਇਨਵੈਸਟ ਕਰਵਾਉਣ ਲਈ ਭਰੋਸੇ ਵਿੱਚ ਲਿਆ ਗਿਆ। ਫਿਰ ਅਗਸਤ, 2023 ਤੋਂ ਲਗਾਤਾਰ ਮੁੱਦਈ ਪਾਸੋਂ ਸਾਰਾ ਪੈਸਾ ਕਿਸ਼ਤਾਂ ਵਿੱਚ ਵੱਖ-ਵੱਖ ਬੈਂਕ ਖ਼ਾਤਿਆਂ ਵਿੱਚ ਪਵਾਇਆ ਗਿਆ।
ਫਿਰ ਮੁਦੱਈ ਵੱਲੋਂ ਪੁਲਸ ਵਿਭਾਗ ਨੂੰ ਦਰਖ਼ਾਸਤ ਦੇਣ ਉਪਰੰਤ ਵੱਖ-ਵੱਖ ਧਰਾਵਾਂ ਤਹਿਤ ਥਾਣਾ ਸਿਟੀ ਧੂਰੀ ਵਿਖੇ ਮੁਕੱਦਮਾ ਰਜਿਸਟਰ ਕੀਤਾ ਗਿਆ। ਮੁਕੱਦਮਾ ਦਰਜ ਹੋਣ 'ਤੇ ਐੱਸ. ਐੱਸ. ਪੀ. ਚਾਹਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਹਰਜੀਤ ਕੌਰ, ਇੰਚਾਰਜ ਸਾਇਬਰ ਕ੍ਰਾਈਮ ਇਨਵੈਸਟੀਗੇਸ਼ਨ ਯੂਨਿਟ, ਸੰਗਰੂਰ ਸਮੇਤ ਸਟਾਫ ਵੱਲੋਂ ਉਕਤ ਅਪਰਾਧ ਬਾਬਤ ਫੌਰੀ ਕਾਰਵਾਈ ਕਰਕੇ ਰਾਏਪੁਰ, ਛੱਤੀਸਗੜ੍ਹ ਵਿਖੇ ਛਾਪੇਮਾਰੀ ਕੀਤੀ ਗਈ ਅਤੇ ਇਸ ਠੱਗੀ ਵਿੱਚ ਸ਼ਾਮਲ ਦੋਸ਼ੀ ਆਕਾਸ਼ ਬਜਾਜ ਪੁੱਤਰ ਅੰਮ੍ਰਿਤ ਬਜਾਜ ਅਤੇ ਤਰੁਣ ਧਰਮਦਸਾਨੀ ਪੁੱਤਰ ਲੇਟ ਰਾਜ ਕੁਮਾਰ ਧਰਮਦਸਾਨੀ ਵਾਸੀਆਨ ਰਾਏਪੁਰ, ਛੱਤੀਸਗੜ੍ਹ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਦੋਸ਼ੀਆਨ ਉਕਤਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਦੋਸ਼ੀ ਪਾਰਟੀ ਵੱਲੋਂ 30 ਲੱਖ ਰੁਪਏ ਮੁੱਦਈ ਦੇ ਖਾਤੇ ਵਿੱਚ ਟਰਾਂਸਫਰ ਕਰਕੇ ਵਾਪਸ ਕੀਤੇ ਜਾ ਚੁੱਕੇ ਹਨ। ਦੌਰਾਨੇ ਪੁਲਸ ਰਿਮਾਂਡ ਗ੍ਰਿਫ਼ਤਾਰ ਕੀਤੇ ਦੋਸ਼ੀਆਂ ਕੋਲੋਂ ਉਕਤ ਠੱਗੀ ਬਾਰੇ ਡੂੰਘਾਈ ਨਾਲ ਪੁੱਛਗਿੱਛ ਕਰਕੇ ਠੱਗੀ ਵਿੱਚ ਸ਼ਾਮਲ ਹੋਰ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਜਾਵੇਗਾ ਅਤੇ ਇਨ੍ਹਾਂ ਦੇ ਟਿਕਾਣਿਆਂ ਪਰ ਛਾਪੇਮਾਰੀ ਕਰਕੇ ਬਾਕੀ ਦੋਸ਼ੀ ਜਲਦੀ ਗ੍ਰਿਫ਼ਤਾਰ ਕੀਤੇ ਜਾਣਗੇ।
ਖਨੌਰੀ ਬਾਰਡਰ 'ਤੇ ਮਾਰੇ ਗਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ 'ਤੇ CM ਮਾਨ ਦਾ ਵੱਡਾ ਬਿਆਨ
NEXT STORY