ਮੋਗਾ, (ਆਜ਼ਾਦ)- ਬਾਘਾਪੁਰਾਣਾ ਦੇ ਜੈ ਸਿੰਘ ਵਾਲਾ ਰੋਡ 'ਤੇ ਸਥਿਤ ਗੋਦਾਮਾਂ 'ਚੋਂ ਸ਼ੈਲਰ ਮਾਲਕਾਂ ਵੱਲੋਂ ਰੱਖੇ ਗਏ ਲੱਖਾਂ ਰੁਪਏ ਦੇ ਚੌਲ ਹਥਿਆਰਬੰਦ ਲੁਟੇਰਿਆਂ ਵੱਲੋਂ ਚੋਰੀ ਕਰ ਕੇ ਵਿਕਰੀ ਕਰਨ ਦੇ ਮਾਮਲੇ 'ਚ ਦਸਮੇਸ਼ ਰਾਈਸ ਮਿੱਲ ਜੰਡਿਆਲਾ (ਤਰਨਤਾਰਨ) ਦੇ ਸ਼ੈਲਰ ਮਾਲਕ ਰਾਜਾ ਰਾਮ ਨੂੰ ਵੀ ਮੋਗਾ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ, ਜਦਕਿ ਉਕਤ ਗਿਰੋਹ ਦੇ 8 ਮੈਂਬਰ ਤੇਜ਼ਧਾਰ ਹਥਿਆਰਾਂ ਸਮੇਤ ਪੁਲਸ ਵੱਲੋਂ ਪਹਿਲਾਂ ਹੀ ਕਾਬੂ ਕੀਤੇ ਜਾ ਚੁੱਕੇ ਹਨ ਅਤੇ 8 ਅਜੇ ਤੱਕ ਫਰਾਰ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਪੁਲਸ ਮੁਖੀ ਮੋਗਾ ਰਾਜਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਅਣਪਛਾਤੇ ਲੁਟੇਰਿਆਂ ਨੇ 23 ਫਰਵਰੀ ਦੀ ਰਾਤ ਨੂੰ ਗੋਦਾਮਾਂ 'ਚੋਂ ਚੌਕੀਦਾਰਾਂ ਨੂੰ ਬੰਧਕ ਬਣਾ ਕੇ ਲੱਖਾਂ ਰੁਪਏ ਮੁੱਲ ਦੇ ਚੌਲ ਲੁੱੁਟੇ ਸਨ। ਉਨ੍ਹਾਂ ਕਿਹਾ ਕਿ ਉਕਤ ਗਿਰੋਹ ਅੰਤਰਰਾਜੀ ਗਿਰੋਹ ਹੈ।
ਲੁਟੇਰੇ ਕਿਸੇ ਵੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਸੁੰਨਸਾਨ ਗੋਦਾਮਾਂ ਦੀ ਪਛਾਣ ਕਰਦੇ ਸਨ ਅਤੇ ਉਸ ਤੋਂ ਬਾਅਦ ਗੋਦਾਮ 'ਚ ਦਾਖਲ ਹੋ ਕੇ ਗੁਪਤ ਸਿਗਨਲ ਰਾਹੀਂ ਟਰੱਕਾਂ ਨੂੰ ਬੁਲਾ ਕੇ ਮਾਲ ਭਰਦੇ ਸਨ। ਲੁਟੇਰੇ ਵਾਰਦਾਤ ਤੋਂ ਪਹਿਲਾਂ ਉਸ ਰਸਤੇ ਦੀ ਪਛਾਣ ਕਰਦੇ ਸਨ, ਜਿਸ 'ਚ ਸੀ. ਸੀ. ਟੀ. ਵੀ. ਕੈਮਰੇ, ਟੋਲ ਪਲਾਜ਼ੇ ਤੇ ਪੁਲਸ ਨਾਕੇ ਨਾ ਹੋਣ। ਉਨ੍ਹਾਂ ਕਿਹਾ ਕਿ ਲੁੱਟੇ ਹੋਏ ਚੌਲ ਲੈ ਜਾਣ ਵਾਲੇ ਟਰੱਕਾਂ ਅੱਗੇ ਮੋਟਰਸਾਈਕਲ ਸਵਾਰ ਲੁਟੇਰੇ ਚੱਲਦੇ ਸਨ ਤਾਂ ਕਿ ਪੁਲਸ ਨਾਕਾ ਹੋਣ ਦੀ ਜਾਣਕਾਰੀ ਮਿਲ ਸਕੇ ਕਿਉਂਕਿ ਕਈ ਵਾਰ ਅਚਾਨਕ ਪੁਲਸ ਨਾਕਾ ਲਾ ਦਿੱਤਾ ਜਾਂਦਾ ਹੈ, ਜਿਸ 'ਤੇ ਲੁਟੇਰੇ ਆਪਣੇ ਸਾਥੀਆਂ ਨੂੰ ਦੂਸਰੇ ਰਸਤੇ ਰਾਹੀਂ ਆਉਣ ਦਾ ਸੰਕੇਤ ਦੇ ਦਿੰਦੇ ਸਨ। ਉਕਤ ਲੁਟੇਰੇ ਲੁੱਟੇ ਗਏ ਚੌਲਾਂ ਨੂੰ ਦਲਾਲਾਂ ਰਾਹੀਂ ਸਸਤੇ ਮੁੱਲ 'ਤੇ ਵਿਕਰੀ ਕਰਦੇ ਸਨ ਤਾਂ ਕਿ ਕਿਸੇ ਨੂੰ ਕੋਈ ਸ਼ੱਕ ਨਾ ਹੋ ਸਕੇ। ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਉਕਤ ਮਾਮਲੇ 'ਚ ਕਈ ਸ਼ੈਲਰ ਮਾਲਕਾਂ ਦੀ ਪਛਾਣ ਕੀਤੀ ਜਾ ਰਹੀ ਹੈ, ਜੋ ਲੁਟੇਰਿਆਂ ਵੱਲੋਂ ਲੁੱਟੇ ਗਏ ਮਾਲ ਨੂੰ ਖਰੀਦਦੇ ਸਨ।
ਬਦਲ ਦਿੱਤਾ ਜਾਂਦਾ ਸੀ ਬਾਰਦਾਨਾ
ਜ਼ਿਲਾ ਪੁਲਸ ਮੁਖੀ ਰਾਜਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਚੋਰੀ ਕੀਤੇ ਗਏ ਚੌਲਾਂ ਦਾ ਬਾਰਦਾਨਾ ਲੁਟੇਰੇ ਕਿਸੇ ਹੋਰ ਸ਼ੈਲਰ ਜਾਂ ਸੁੰਨਸਾਨ ਜਗ੍ਹਾ 'ਚ ਲਿਜਾ ਕੇ ਬਦਲ ਦਿੰਦੇ ਸਨ ਤਾਂ ਕਿ ਵੇਚਣ ਸਮੇਂ ਕੋਈ ਪ੍ਰੇਸ਼ਾਨੀ ਨਾ ਆਵੇ ਅਤੇ ਪੁਲਸ ਦੇ ਕਾਬੂ ਨਾ ਆ ਸਕਣ ਅਤੇ ਇਹ ਵੀ ਪਤਾ ਨਾ ਲੱਗ ਸਕੇ ਕਿ ਉਕਤ ਮਾਲ ਕਿਸ ਏਜੰਸੀ 'ਚੋਂ ਚੋਰੀ ਕੀਤਾ ਗਿਆ ਹੈ।
ਲੁਟੇਰਿਆਂ ਨੂੰ ਕਾਬੂ ਕਰਨ ਲਈ ਬਣਾਈ ਗਈ ਸੀ ਵਿਸ਼ੇਸ਼ ਟੀਮ
ਜ਼ਿਲਾ ਪੁਲਸ ਮੁਖੀ ਰਾਜਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਐੱਸ. ਪੀ. ਆਈ. ਵਜ਼ੀਰ ਸਿੰਘ ਖਹਿਰਾ, ਡੀ. ਐੱਸ. ਪੀ. ਆਈ., ਸਰਬਜੀਤ ਸਿੰਘ ਬਾਹੀਆ, ਡੀ. ਐੱਸ. ਪੀ. ਬਾਘਾਪੁਰਾਣਾ ਸੁਖਦੀਪ ਸਿੰਘ, ਸੀ. ਆਈ. ਏ. ਇੰਚਾਰਜ ਇੰਸਪੈਕਟਰ ਕਿੱਕਰ ਸਿੰਘ, ਬਾਘਾਪੁਰਾਣਾ ਦੇ ਥਾਣਾ ਮੁਖੀ ਇੰਸਪੈਕਟਰ ਜੰਗਜੀਤ ਸਿੰਘ 'ਤੇ ਆਧਾਰਿਤ ਵਿਸ਼ੇਸ਼ ਟੀਮ ਬਣਾਈ ਗਈ ਸੀ, ਜਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਦਲਾਲ ਕੁਲਦੀਪ ਸਿੰਘ ਉਰਫ ਪੱਪੂ ਨਿਵਾਸੀ ਦੋਬੁਰਜੀ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਨੂੰ ਦਬੋਚ ਲਿਆ। ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਦਸਮੇਸ਼ ਐਗਰੋ ਸਪੋਟ 'ਤੇ ਛਾਪੇਮਾਰੀ ਕਰ ਕੇ ਕਾਬੂ ਕੀਤੇ ਗਏ ਸ਼ੈਲਰ ਮਾਲਕ ਰਾਜਾ ਰਾਮ ਕੋਲੋਂ 766 ਬੋਰੀਆਂ ਚੌਲ, ਸਤਿਗੁਰੂ ਰਾਈਸ ਮਿੱਲ ਜੰਡਿਆਲਾ ਗੁਰੂ ਤੋਂ 264 ਬੋਰੀਆਂ ਚੌਲ ਅਤੇ ਲੁਟੇਰਿਆਂ ਤੋਂ ਬਾਕੀ ਬੋਰੀਆਂ ਬਰਾਮਦ ਕਰ ਕੇ ਕੁੱਲ 1474 ਗੱਟੇ ਚੌਲ ਬਰਾਮਦ ਕੀਤੇ।
ਅੰਤਰਰਾਜੀ ਗਿਰੋਹ ਨਾਲ ਸਬੰਧਿਤ ਸਨ ਲੁਟੇਰੇ
ਜ਼ਿਲਾ ਪੁਲਸ ਮੁਖੀ ਰਾਜਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਗੋਦਾਮਾਂ ਤੋਂ ਇਲਾਵਾ ਹੋਰ ਸ਼ੈਲਰਾਂ 'ਚੋਂ ਚੋਰੀ ਕਰਨ ਵਾਲਾ ਉਕਤ ਗਿਰੋਹ ਅੰਤਰਰਾਜੀ ਗਿਰੋਹ ਹੈ। ਉਕਤ ਗਿਰੋਹ ਤੋਂ ਪੁੱਛਗਿੱਛ ਕਰਨ 'ਤੇ ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਉਨ੍ਹਾਂ ਜਗਰਾਓਂ, ਲੁਧਿਆਣਾ, ਸ਼ਾਹਕੋਟ, ਜਲੰਧਰ ਦੇ ਗੋਦਾਮਾਂ 'ਚੋਂ ਚੌਕੀਦਾਰਾਂ ਨੂੰ ਬੰਧਕ ਬਣਾ ਕੇ ਲੱਖਾਂ ਰੁਪਏ ਮੁੱਲ ਦੇ ਚੌਲ ਲੁੱਟੇ ਹਨ। ਉਨ੍ਹਾਂ ਕਿਹਾ ਕਿ ਉਕਤ ਲੁੱਟੇ ਗਏ ਚੌਲਾਂ ਦੀ ਬਰਾਮਦਗੀ ਬਾਕੀ ਹੈ ਅਤੇ ਜਲਦੀ ਹੀ ਉਕਤ ਲੁੱਟੇ ਗਏ ਚੌਲਾਂ ਨੂੰ ਬਰਾਮਦ ਕਰ ਲਿਆ ਜਾਵੇਗਾ।
ਪਹਿਲਾਂ ਵੀ ਦਰਜ ਹਨ ਮਾਮਲੇ
ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਦਿਲਬਾਗ ਸਿੰਘ ਉਰਫ ਬਾਬੋ ਪੁੱਤਰ ਗੁਰਦਿਆਲ ਸਿੰਘ ਨਿਵਾਸੀ ਭਗਵਾਨਪੁਰਾ ਖਿਲਾਫ ਪਹਿਲਾਂ ਵੀ ਚੋਰੀ ਦੇ ਤਿੰਨ ਮਾਮਲੇ ਦਰਜ ਹਨ, ਜਦਕਿ ਭਗੌੜੇ ਦੋਸ਼ੀ ਜਗਬੀਰ ਸਿੰਘ ਉਰਫ ਜੱਸਾ ਪੁੱਤਰ ਸ਼ੀਸ਼ਾ ਸਿੰਘ ਖਿਲਾਫ ਚੋਰੀ ਦੇ 5 ਮਾਮਲੇ ਦਰਜ ਹਨ। ਇਸ ਦੇ ਇਲਾਵਾ ਚੰਨਣ ਸਿੰਘ ਉਰਫ ਚੰਨਾ ਪੁੱਤਰ ਸੁਬੈਗ ਸਿੰਘ ਨਿਵਾਸੀ ਭਗਵਾਨਪੁਰਾ ਖਿਲਾਫ ਚੋਰੀ ਦੇ ਦੋ ਮਾਮਲੇ, ਗੁਰਮੀਤ ਸਿੰਘ ਉਰਫ ਬੀਤਾ ਪੁੱਤਰ ਬਲਵੀਰ ਸਿੰਘ ਨਿਵਾਸੀ ਭਗਵਾਨਪੁਰਾ ਖਿਲਾਫ ਵੀ ਚੋਰੀ ਦੇ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਭਗੌੜੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਗ੍ਰਿਫਤਾਰ ਕੀਤੇ ਗਏ ਸ਼ੈਲਰ ਮਾਲਕ ਰਾਜਾ ਰਾਮ ਨੂੰ ਪੁੱਛਗਿੱਛ ਤੋਂ ਬਾਅਦ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਵਿਧਵਾ ਭਰਜਾਈ 'ਤੇ ਹਮਲਾ ਕਰਨ ਦੇ ਮਾਮਲੇ 'ਚ ਪਤੀ-ਪਤਨੀ ਸਮੇਤ 3 ਨਾਮਜ਼ਦ
NEXT STORY