ਚੰਡੀਗੜ੍ਹ,(ਅਸ਼ਵਨੀ): ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਪਹਿਲੀ ਵਾਰ ਖੇਤੀ ਆਰਡੀਨੈਂਸਾਂ ਦਾ ਸਮਰਥਨ ਕਰਨ ’ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀਰਵਾਰ ਨੂੰ ਤਿੱਖਾ ਵਿਅੰਗ ਕੀਤਾ। ਜਾਖੜ ਨੇ ਵਿਅੰਗ ਭਰੇ ਲਹਿਜੇ ਵਿਚ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਠੀਕ ਸਮੇਂ ’ਤੇ ਅਕਾਲੀ ਦਲ ਦੀ ਕਮਾਨ ਦੁਬਾਰਾ ਸਾਂਭੀ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਦੀ ਕਾਮਨਾ ਕਰਦੇ ਹੋਏ ਜਾਖੜ ਨੇ ਕਿਹਾ ਕਿ ਅੱਜ ਅਕਾਲੀ ਦਲ ਦੀ ਸ਼ਾਖ ਸਭਤੋਂ ਹੇਠਲੇ ਪੱਧਰ ’ਤੇ ਹੈ। ਸੁਖਬੀਰ ਬਾਦਲ ਨੂੰ ਪੰਜਾਬ ਦੀ ਜਨਤਾ ਵਪਾਰੀ ਦੇ ਤੌਰ ’ਤੇ ਵੇਖਦੀ ਹੈ, ਉਨ੍ਹਾਂ ਨੂੰ ਕਦੇ ਕਿਸਾਨ ਪੱਖੀ ਨੇਤਾ ਨਹੀਂ ਸਮਝਿਆ ਗਿਆ ਹੈ। ਇਸ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਅੱਜ ਮੈਦਾਨ ਵਿਚ ਉਤਰਨਾ ਪਿਆ ਹੈ। ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਖੇਤੀ ਆਰਡੀਨੈਂਸਾਂ ’ਤੇ ਪ੍ਰੋਪੇਗੰਡਾ ਕਰ ਰਹੀ ਹੈ।
ਜਾਖੜ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਦੁੱਖ ਵੀ ਹੈ ਕਿ ਬਾਦਲ ਦਾ ਬਿਆਨ ਧਰਿਤਰਾਸ਼ਟਰ ਵਰਗਾ ਹੈ। ਉਹ ਆਪਣੇ ਪਰਿਵਾਰਿਕ ਮੋਹ ਅਤੇ ਕੇਂਦਰ ਵਿਚ ਕੁਰਸੀ ਦੇ ਮੋਹ ਵਿਚ ਇਸ ਕਦਰ ਉਲਝੇ ਹੋਏ ਹਨ ਕਿ ਖੇਤੀ ਆਰਡੀਨੈਂਸਾਂ ਤੋਂ ਹੋਣ ਵਾਲਾ ਨੁਕਸਾਨ ਵਿਖਾਈ ਨਹੀਂ ਦੇ ਰਿਹਾ। ਇਨ੍ਹਾਂ ਆਰਡੀਨੈਂਸਾਂ ਨਾਲ ਪੰਜਾਬ ਦਾ ਕਿਸਾਨ ਮਜ਼ਦੂਰ ਬਣ ਜਾਵੇਗਾ। ਜਾਖੜ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਖੁਦ ਕਿਸਾਨ ਰਹੇ ਹਨ, ਇਸ ਲਈ ਉਨ੍ਹਾਂ ਨੂੰ ਅਜਿਹੇ ਬਿਆਨ ਦੀ ਉਮੀਦ ਨਹੀਂ ਸੀ। ਜਾਖੜ ਨੇ ਕਿਹਾ ਕਿ ਬਾਦਲ ਸਿਰਫ ਇਸ ਗੱਲ ਦਾ ਜਵਾਬ ਦੇਣ ਕਿ ਪੂਰੀ ਉਮਰ ਉਨ੍ਹਾਂ ਨੇ ਰਾਜਾਂ ਦੇ ਅਧਿਕਾਰਾਂ ਦੀ ਲੜਾਈ ਲੜੀ ਤਾਂ ਕੀ ਖੇਤੀ ਸਬੰਧੀ ਮਸਲੇ ਦਾ ਅਧਿਕਾਰ ਰਾਜ ਦਾ ਨਹੀਂ ਹੈ। ਜੇਕਰ ਬਾਦਲ ਅੱਜ ਆਰਡੀਨੈਂਸਾਂ ਦੇ ਨਾਲ ਖੜੇ੍ਹ ਹੁੰਦੇ ਹਨ ਤਾਂ ਕੀ ਇਹ ਰਾਜ ਦੇ ਅਧਿਕਾਰ ਨੂੰ ਕੇਂਦਰ ਦੇ ਹੱਥਾਂ ਵਿਚ ਸੌਂਪਣ ਵਰਗਾ ਨਹੀਂ ਹੋਵੇਗਾ। ਕੀ ਅੱਜ ਤੱਕ ਬਾਦਲ ਜਿੰਨੇ ਵੀ ਅਧਿਕਾਰਾਂ ਦੀ ਗੱਲ ਕਰਦੇ ਰਹੇ ਹਨ, ਉਹ ਕੇਵਲ ਇਕ ਰਾਜਨੀਤਕ ਆਡੰਬਰ ਸੀ। ਜਾਖੜ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੀ ਸਿਰਫ ਇਹੀ ਗੁਜਾਰਿਸ਼ ਹੈ ਕਿ ਉਹ ਆਪਣਾ ਅਸਲੀ ਚਿਹਰਾ ਜਨਤਾ ਨੂੰ ਦਿਖਾਉਣ।
ਪੰਜਾਬ ਵਿਚ ਆਪਣੀ ਰਾਜਨੀਤਕ ਆਕਸੀਜਨ ਦੀ ਜਾਂਚ ਕਰੇ ਆਮ ਆਦਮੀ ਪਾਰਟੀ : ਜਾਖੜ
ਪੰਜਾਬ ਵਿਚ ਆਮ ਆਦਮੀ ਪਾਰਟੀ ਵਲੋਂ ਆਕਸੀਮੀਟਰ ਵੰਡਣ ’ਤੇ ਵੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਤਿੱਖਾ ਹਮਲਾ ਬੋਲਿਆ ਹੈ। ਜਾਖੜ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਪਹਿਲਾਂ ਪ੍ਰਦੇਸ਼ ਵਿਚ ਆਪਣੀ ਰਾਜਨੀਤਕ ਆਕਸੀਜਨ ਨੂੰ ਚੈਕ ਕਰੇ ਕਿਉਂਕਿ ਅੱਜ ਪੰਜਾਬ ਵਿਚ ਆਪ ਨੇਤਾਵਾਂ ਨੂੰ ਰਾਜਨੀਤਕ ਆਕਸੀਜਨ ਨਹੀਂ ਮਿਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਰਾਜਨੀਤਕ ਆਕਸੀਜਨ ਦੀ ਕਮੀ ਕਾਰਨ ਅਰਵਿੰਦ ਕੇਜਰੀਵਾਲ ਦਾ ਚਿੰਤਤ ਹੋਣਾ ਸਵਭਾਵਿਕ ਹੈ ਅਤੇ ਉਨ੍ਹਾਂ ਨੂੰ ਇਸ ਦੀ ਜਾਂਚ ਕਰਨੀ ਵੀ ਚਾਹੀਦੀ ਹੈ ਪਰ ਜਿੱਥੋਂ ਤੱਕ ਸਵਾਲ ਪੰਜਾਬ ਦੀ ਜਨਤਾ ਦੇ ਆਕਸੀਜਨ ਪੱਧਰ ਨੂੰ ਚੈਕ ਕਰਨ ਦਾ ਸਵਾਲ ਹੈ, ਤਾਂ ਦਿੱਲੀ ਦੇ ਮੁੱਖ ਮੰਤਰੀ ਨੂੰ ਇਹ ਸਸਤੀ ਖੇਡ ਖੇਡਣਾ ਸ਼ੋਭਾ ਨਹੀਂ ਦਿੰਦਾ ਹੈ। ਆਮ ਆਦਮੀ ਪਾਰਟੀ ਦੇ ਨੇਤਾ ਜਾਂ ਵਰਕਰ ਕੋਈ ਡਾਕਟਰ ਜਾਂ ਪੈਰਾ ਮੈਡੀਕਲ ਸਟਾਫ ਨਹੀਂ ਹੈ। ਕੀ ਆਮ ਆਦਮੀ ਪਾਰਟੀ ਦੇ ਨੇਤਾ ਜਾਂ ਵਰਕਰ ਕਿਸੇ ਨੂੰ ਕੋਰੋਨਾ ਪਾਜ਼ੇਟਿਵ ਜਾਂ ਨੈਗੇਟਿਵ ਦੱਸ ਸਕਦੇ ਹਨ। ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਇਸ ਬੇਹੁਦਾ ਖੇਣ ਕਾਰਨ ਪੰਜਾਬ ਦੇ ਪਿੰਡਾਂ ਵਿਚ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨੂੰ ਵੜਣ ਨਹੀਂ ਦਿੱਤਾ ਜਾ ਰਿਹਾ। ਇਹ ਸਿੱਧੇ ਤੌਰ ’ਤੇ ਪੰਜਾਬ ਦੀ ਜਨਤਾ ਨੂੰ ਮੌਤ ਦੇ ਮੂੰਹ ਵਿਚ ਸੁੱਟਣ ਵਰਗਾ ਹੈ।
ਬਠਿੰਡਾ ’ਚ ਕੋਰੋਨਾ ਨਾਲ ਇਕ ਹੋਰ ਮੌਤ,107 ਨਵੇਂ ਮਾਮਲੇ
NEXT STORY