ਅੰਮ੍ਰਿਤਸਰ (ਛੀਨਾ) - 1984 'ਚ ਸਿੱਖਾਂ ਦੀ ਨਸਲਕੁਸ਼ੀ ਪਿੱਛੇ ਟਾਈਟਲਰ ਦਾ ਇਕਬਾਲੀਆ ਜ਼ੁਲਮ ਸਾਹਮਣੇ ਆਉਣ 'ਤੇ ਸਿੱਖ ਹਲਕਿਆਂ 'ਚ ਉਠੇ ਰੋਸ ਦੀ ਲਹਿਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਟਾਈਟਲਰ ਦਾ ਪੁਤਲਾ ਫੂਕ ਕੇ ਹੋਰ ਹਵਾ ਦਿੱਤੀ ਅਤੇ ਮੰਗ ਕੀਤੀ ਕਿ ਕਾਤਲ ਟਾਈਟਲਰ ਨੂੰ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇ। ਇਸ ਸਬੰਧੀ ਅੱਜ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਦੀ ਅਗਵਾਈ ਵਿਚ ਕਚਹਿਰੀ ਚੌਕ ਵਿਖੇ ਜਗਦੀਸ਼ ਟਾਈਟਲਰ ਦਾ ਪੁਤਲਾ ਫੂਕ ਕੇ 1984 ਦੇ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ। ਇਸ ਮੌਕੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਨੇ ਕਿਹਾ ਕਿ 1984 'ਚ ਦੇਸ਼ ਅੰਦਰ ਸਿੱਖ ਕਤਲੇਆਮ ਨਾਲ ਸਬੰਧਤ ਜਗਦੀਸ਼ ਟਾਈਟਲਰ ਦੀ ਸਾਹਮਣੇ ਆਈ ਵੀਡੀਓ 'ਚ ਉਸ ਵੱਲੋਂ ਇਕ ਸੌ ਸਿੱਖਾਂ ਨੂੰ ਕਤਲ ਕਰਵਾਉਣ ਦੀ ਜ਼ੁਬਾਨ ਦੇ ਆਧਾਰ 'ਤੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਸਖਤ ਸਜ਼ਾ ਦੇਣ ਵਿਚ ਸਰਕਾਰ ਦੇਰ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਹੁਣ ਟਾਈਟਲਰ ਨੇ ਕਬੂਲ ਕਰ ਲਿਆ ਹੈ ਕਿ ਉਸ ਨੇ ਸੌ ਸਿੱਖਾਂ ਦਾ ਕਤਲ ਕਰਵਾਇਆ ਹੈ ਤਾਂ ਇਸ 'ਤੇ ਹੋਰ ਜਾਂਚ ਜਾਂ ਗਵਾਹਾਂ ਦੀ ਲੋੜ ਨਹੀਂ ਰਹਿਣੀ ਚਾਹੀਦੀ। ਉਨ੍ਹਾਂ ਦੇਸ਼ ਦੀ ਉੱਚ ਅਦਾਲਤ ਨੂੰ ਅਪੀਲ ਕੀਤੀ ਕਿ ਜਗਦੀਸ਼ ਟਾਈਟਲਰ ਨੂੰ ਉਸ ਦੇ ਬਿਆਨ ਦੇ ਆਧਾਰ 'ਤੇ ਸਿੱਖ ਕਤਲੇਆਮ ਦਾ ਦੋਸ਼ੀ ਮੰਨਦਿਆਂ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। 34 ਸਾਲ ਬੀਤਣ ਤੋਂ ਬਾਅਦ ਵੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ ਤੇ ਪੀੜਤ ਨਿਆਂ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਇਨਸਾਫ ਦੀ ਮੰਗ ਕਰਦਾ ਆ ਰਿਹਾ ਹੈ ਅਤੇ ਇਨਸਾਫ ਮਿਲਣ ਤੱਕ ਲੜਾਈ ਲੜਦਾ ਰਹੇਗਾ। ਇਸ ਮੌਕੇ ਜਥੇ. ਹਰਜਾਪ ਸਿੰਘ, ਅਜੇਬੀਰਪਾਲ ਸਿੰਘ ਰੰਧਾਵਾ, ਹਰਪ੍ਰੀਤ ਸਿੰਘ ਚਾਹਲ, ਮਧੂਪਾਲ ਸਿੰਘ ਗੋਗਾ, ਜਸਪਾਲ ਸਿੰਘ ਸ਼ਾਂਟੂ ਆਦਿ ਮੌਜੂਦ ਸਨ।
ਆਂਗਣਵਾੜੀ ਮੁਲਾਜ਼ਮਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ
NEXT STORY