ਜਲੰਧਰ (ਜ. ਬ.)— ਵੱਡੇ ਬਾਦਲ ਸਾਹਿਬ ਭਾਵ ਪ੍ਰਕਾਸ਼ ਸਿੰਘ ਬਾਦਲ ਅਕਸਰ ਆਪਣੇ ਬਿਆਨਾਂ 'ਚ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਨਹੁੰ-ਮਾਸ ਦੇ ਰਿਸ਼ਤੇ ਦੀਆਂ ਮਿਸਾਲਾਂ ਦਿੰਦੇ ਨਹੀਂ ਥਕਦੇ ਪਰ ਸ਼ਾਇਦ ਜਲਦੀ ਹੀ ਉਨ੍ਹਾਂ ਦੀ ਇਹ ਮਿਸਾਲ ਗਲਤ ਸਾਬਿਤ ਹੁੰਦੀ ਦਿਸੇ। ਮਾਮਲੇ ਬਾਰੇ ਗਠਜੋੜ ਦੇ ਜਾਣਕਾਰਾਂ ਦੀ ਮੰਨੀਏ ਤਾਂ ਆਰ. ਐੱਸ. ਐੱਸ. ਦੇ ਦਬਾਅ 'ਚ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ 2022 'ਚ ਭਾਜਪਾ ਪੰਜਾਬ 'ਚ ਅਕਾਲੀ ਦਲ ਦਾ ਸਾਥ ਛੱਡ ਕੇ ਇਕੱਲੇ ਲੜਨ ਦਾ ਫੈਸਲਾ ਲੈ ਸਕਦੀ ਹੈ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਜਦੋਂ ਤੋਂ ਇਨ੍ਹਾਂ ਦੋਵਾਂ ਪਾਰਟੀਆਂ ਦਾ ਗਠਜੋੜ ਹੋਇਆ ਹੈ ਪੰਜਾਬ 'ਚ ਅਕਾਲੀ ਦਲ ਨੇ ਭਾਜਪਾ ਨੂੰ ਬੁਰੀ ਤਰ੍ਹਾਂ ਦਬਾ ਕੇ ਰੱਖਿਆ ਹੈ। ਦੋਆਬਾ ਦੇ ਕਈ ਭਾਜਪਾ ਆਗੂ ਇਸ ਚੱਕਰ 'ਚ ਆਪਣਾ ਸਿਆਸੀ ਕਰੀਅਰ ਦਾਅ 'ਤੇ ਲਾ ਗਏ ਕਿ ਉਨ੍ਹਾਂ ਅਕਾਲੀ ਦਲ ਤੋਂ ਪੰਜਾਬ 'ਚ ਭਾਜਪਾ ਨੂੰ ਪੂਰੇ ਹੱਕ ਦੇਣ ਦੀ ਮੰਗ ਕੀਤੀ ਸੀ। ਕਈ ਭਾਜਪਾ ਆਗੂਆਂ ਨੂੰ ਅਕਾਲੀ ਦਲ ਦੇ ਆਗੂਆਂ ਕੋਲੋਂ ਮਾਰ ਤੱਕ ਖਾਣੀ ਪਈ ਕਿਉਂਕਿ ਉਨ੍ਹਾਂ ਅਕਾਲੀ ਆਗੂਆਂ ਨੂੰ ਕਾਨੂੰਨ ਅਨੁਸਾਰ ਕੰਮ ਕਰਨ ਲਈ ਕਿਹਾ ਸੀ।
ਮਾਮਲੇ ਬਾਰੇ ਆਰ. ਐੱਸ. ਐੱਸ. ਅਤੇ ਭਾਜਪਾ ਨਾਲ ਜੁੜੇ ਇਕ ਵੱਡੇ ਆਗੂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ 'ਚ ਜਿਸ ਤਰ੍ਹਾਂ ਦੇਸ਼ ਭਰ 'ਚ ਮੋਦੀ ਅਤੇ ਭਾਜਪਾ ਦੀ ਲਹਿਰ ਹੈ, ਉਸ ਨੂੰ ਦੇਖ ਕੇ ਪੰਜਾਬ ਭਾਜਪਾ ਅਤੇ ਆਰ. ਐੱਸ. ਐੱਸ. ਵੱਲੋਂ ਲਗਾਤਾਰ ਹਾਈਕਮਾਨ 'ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਪੰਜਾਬ 'ਚ ਹੁਣ ਭਾਜਪਾ ਇਕੱਲੇ ਆਪਣੇ ਦਮ 'ਤੇ ਚੋਣ ਲੜੇ ਅਤੇ ਆਪਣੇ ਪੈਰ ਪੱਕੇ ਕਰੇ ਕਿਉਂਕਿ ਜੇਕਰ ਇਸ ਦੌਰ 'ਚ ਭਾਜਪਾ ਨੇ ਪੰਜਾਬ 'ਚ ਆਪਣੀ ਵੈਲਿਊ ਨਾ ਵਧਾਈ ਅਤੇ ਆਪਣੇ ਅਕਸ ਨੂੰ ਮਜ਼ਬੂਤ ਨਾ ਕੀਤਾ ਤਾਂ ਫਿਰ ਕਦੀ ਅਜਿਹਾ ਹੋ ਵੀ ਨਹੀਂ ਸਕੇਗਾ।
ਉਕਤ ਸੀ. ਭਾਜਪਾ ਆਗੂ ਨੇ ਸਾਫ ਕਿਹਾ ਕਿ ਪਿਛਲੇ 30 ਸਾਲਾਂ ਤੋਂ ਪੰਜਾਬ 'ਚ ਭਾਜਪਾ ਨੇਤਾ ਇਕ ਤਰ੍ਹਾਂ ਨਾਲ ਅਕਾਲੀ ਦਲ ਦੀ ਗੁਲਾਮੀ ਕਰਦੇ ਆਏ ਹਨ। ਜਦੋਂ ਵਾਜਪਾਈ ਪ੍ਰਧਾਨ ਮੰਤਰੀ ਸਨ ਤਾਂ ਉਸ ਸਮੇਂ ਵੀ ਪੰਜਾਬ ਤੋਂ ਭਾਜਪਾ ਅਤੇ ਆਰ. ਆਰ. ਐੱਸ. ਵੱਲੋਂ ਪੰਜਾਬ 'ਚ ਇਕੱਲੇ ਚੋਣ ਲੜਨ ਦੀ ਆਵਾਜ਼ ਉੱਠੀ ਸੀ ਪਰ ਤਦ ਵੱਡੇ ਬਾਦਲ ਦੇ ਭਾਜਪਾ ਹਾਈਕਮਾਨ ਦੇ ਕੁਝ ਆਗੂਆਂ ਨਾਲ ਕਰੀਬੀ ਰਿਸ਼ਤੇ ਕਾਰਨ ਅਜਿਹਾ ਕੁਝ ਨਾ ਹੋ ਸਕਿਆ ਪਰ ਅਕਾਲੀ ਦਲ ਨੇ ਉਨ੍ਹਾਂ ਸਾਰੇ ਭਾਜਪਾ ਆਗੂਆਂ ਦੀ ਪਛਾਣ ਕਰਕੇ ਉਨ੍ਹਾਂ ਦਾ ਸਿਆਸੀ ਕਰੀਅਰ ਹੀ ਖਤਮ ਕਰਵਾ ਦਿੱਤਾ, ਜੋ ਵੱਖਰੇ ਹੋ ਕੇ ਚੋਣਾਂ ਲੜਨ ਦੇ ਪੱਖ 'ਚ ਸਨ।
ਜਾਣਕਾਰ ਦੱਸਦੇ ਹਨ ਕਿ ਪੰਜਾਬ 'ਚ ਕਾਂਗਰਸ ਸਰਕਾਰ ਹੈ ਅਤੇ ਭਾਜਪਾ ਹਾਈਕਮਾਨ ਤੱਕ ਇਹ ਰਿਪੋਰਟ ਪਹੁੰਚੀ ਹੈ ਕਿ ਪੰਜਾਬ 'ਚ ਜੇਕਰ 2017 'ਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀ ਹਾਰ ਹੋਈ ਸੀ ਤਾਂ ਉਸ ਦੇ ਲਈ ਮੁੱਖ ਤੌਰ 'ਤੇ ਜ਼ਿੰਮੇਵਾਰ ਅਕਾਲੀ ਦਲ ਸੀ। ਆਰ. ਐੱਸ. ਐੱਸ. ਦੇ ਅੰਦਰੂਨੀ ਜਾਣਕਾਰ ਦੱਸਦੇ ਹਨ ਕਿ ਭਾਜਪਾ ਹਾਈਕਮਾਨ ਪੰਜਾਬ ਭਾਜਪਾ ਅਤੇ ਆਰ. ਐੱਸ. ਐੱਸ. ਦੀ ਇਸ ਮੰਗ ਨਾਲ ਤਕਰੀਬਨ ਸਹਿਮਤ ਹੈ ਪਰ ਇਸ ਗੱਲ ਨੂੰ ਲੈ ਕੇ ਪਹਿਲ ਸਿੱਧੇ ਤੌਰ 'ਤੇ ਵੱਖਰੇ ਤੌਰ 'ਤੇ ਚੋਣਾਂ ਲੜਨ ਦੇ ਫੈਸਲੇ ਨਾਲ ਨਹੀਂ ਕੀਤੀ ਜਾਵੇਗੀ। ਇਸ ਲਈ ਪਹਿਲ 117 ਸੀਟਾਂ 'ਚੋਂ 50-50 ਸੀਟਾਂ ਦੀ ਵੰਡ ਤੋਂ ਗੱਲ ਸ਼ੁਰੂ ਹੋਵੇਗੀ। ਜੇਕਰ ਇਸ ਸੀਟ ਵੰਡ ਲਈ ਰਜ਼ਾਮੰਦੀ ਹੋ ਸਕੀ ਤਾਂ ਠੀਕ, ਨਹੀਂ ਤਾਂ ਵੱਖਰੇ ਚੋਣ ਲੜਨ ਦਾ ਫੈਸਲਾ ਲਿਆ ਜਾ ਸਕਦਾ ਹੈ। ਫਿਲਹਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਧਿਆਨ 'ਚ ਰੱਖਦੇ ਹੋਏ ਇਸ ਸਾਲ ਦੇ ਅੰਤ ਤੱਕ ਅਜਿਹਾ ਕੁਝ ਸਾਹਮਣੇ ਨਹੀਂ ਲਿਆਂਦਾ ਜਾਵੇਗਾ ਪਰ ਸਾਲ 2020 ਸ਼ੁਰੂ ਹੋਣ ਦੇ ਨਾਲ ਹੀ ਭਾਜਪਾ ਆਪਣੇ ਤੇਵਰ ਤਿੱਖੇ ਕਰ ਸਕਦੀ ਹੈ।
ਜਾਣਕਾਰ ਦੱਸਦੇ ਹਨ ਕਿ ਭਾਜਪਾ ਪੰਜਾਬ ਦੇ ਕਈ ਕਾਂਗਰਸੀ, ਟਕਸਾਲੀ ਅਕਾਲੀ, ਆਮ ਆਦਮੀ ਪਾਰਟੀ, ਖਹਿਰਾ ਧੜੇ ਅਤੇ ਲੋਕ ਇਨਸਾਫ ਪਾਰਟੀ ਦੇ ਆਗੂਆਂ ਨਾਲ ਸੰਪਰਕ ਸਾਧਣ 'ਚ ਲੱਗੀ ਹੈ। ਇਸ ਸਾਰੇ ਕੰਮ ਨੂੰ ਭਾਜਪਾ ਆਗੂਆਂ ਵੱਲੋਂ ਨਾ ਕਰਕੇ ਆਰ. ਐੱਸ. ਐੱਸ. ਦੇ ਨੇਤਾਵਾਂ ਵੱਲੋਂ ਅੰਜਾਮ ਦਿੱਤਾ ਜਾ ਰਿਹਾ ਹੈ ਤਾਂ ਜੋ ਕਿਸੇ ਤਰ੍ਹਾਂ ਦਾ ਸ਼ੱਕ ਭਾਜਪਾ 'ਤੇ ਨਾ ਹੋਵੇ।
ਪੰਜਾਬ 'ਚ ਅਜਿਹੇ ਚਿਹਰਿਆਂ ਦੀ ਭਾਲ ਜਾਰੀ ਹੈ ਜੋ ਭਾਜਪਾ ਲਈ ਜਿੱਤ ਦਾ ਚਿਹਰਾ ਬਣ ਸਕਣ। ਉਥੇ ਹੀ ਅਕਾਲੀ ਦਲ ਦੇ ਕੁਝ ਆਗੂਆਂ ਨਾਲ ਗੱਲ ਕਰਨ 'ਤੇ ਪਤਾ ਲੱਗਾ ਕਿ ਇਹ ਸਾਰਾ ਕੁਝ ਭਾਜਪਾ ਦੋਵਾਂ ਗਠਜੋੜ ਪਾਰਟੀਆਂ ਦੀ ਆਪਸੀ ਪਲਾਨਿੰਗ ਨਾਲ ਕਰ ਰਹੀ ਹੈ ਕਿਉਂਕਿ ਪੰਜਾਬ 'ਚ ਅਕਾਲੀ ਦਲ ਦਾ ਗ੍ਰਾਫ ਤੇਜ਼ੀ ਨਾਲ ਡਿੱਗਿਆ ਹੈ।
ਅਜਿਹੇ 'ਚ ਭਾਜਪਾ ਹਾਈਕਮਾਨ ਨਹੀਂ ਚਾਹੁੰਦੀ ਕਿ ਅਕਾਲੀ ਦਲ ਦੇ ਚੱਕਰ 'ਚ ਇਕ ਵਾਰ ਫਿਰ ਪੰਜਾਬ ਹੱਥੋਂ ਨਿਕਲ ਜਾਵੇ। ਇਸ ਲਈ ਦੋਵੇਂ ਪਾਰਟੀਆਂ ਆਪਸੀ ਸਹਿਮਤੀ ਨਾਲ ਵੱਖਰੇ ਤੌਰ 'ਤੇ ਚੋਣਾਂ ਲੜ ਕੇ ਵਾਪਸ ਇਕਜੁੱਟ ਹੋ ਕੇ ਪੰਜਾਬ 'ਚ ਸਰਕਾਰ ਬਣਾ ਸਕਦੀਆਂ ਹਨ ਪਰ ਜੇਕਰ ਅਜਿਹਾ ਕਰਨ 'ਤੇ ਭਾਜਪਾ ਦੇ ਹੱਥ 'ਚ ਜ਼ਿਆਦਾ ਸੀਟਾਂ ਆ ਗਈਆਂ ਤਾਂ ਅਕਾਲੀ ਦਲ ਦੀ ਹਾਲਤ ਨਿਰਾਸ਼ਾਜਨਕ ਹੋ ਸਕਦੀ ਹੈ ਕਿਉਂਕਿ ਜ਼ਿਆਦਾ ਸੀਟਾਂ ਆਉਣ 'ਤੇ ਭਾਜਪਾ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਕਦੀ ਅਕਾਲੀ ਦਲ ਨੂੰ ਨਹੀਂ ਸੌਂਪੇਗੀ ਅਤੇ ਅਕਾਲੀ ਦਲ ਉਪ ਮੁੱਖ ਮੰਤਰੀ ਦਾ ਅਹੁਦਾ ਲੈ ਕੇ ਸਰਕਾਰ 'ਚ ਰਹਿਣਾ ਪਸੰਦ ਨਹੀਂ ਕਰੇਗਾ। ਇਸ ਲਈ ਦੇਖਣਾ ਹੋਵੇਗਾ ਕਿ ਆਖਿਰ ਭਾਜਪਾ ਅਤੇ ਅਕਾਲੀ ਦਲ ਅਗਲੀਆਂ ਵਿਧਾਨ ਸਭਾ ਚੋਣਾਂ 'ਚ ਕੀ ਰਣਨੀਤੀ ਲੈ ਕੇ ਮੈਦਾਨ 'ਚ ਉਤਰਦੇ ਹਨ।
ਪੀੜਤ ਪਰਿਵਾਰ ਨੇ ਇਰਾਦਾ ਕਤਲ ਦੇ 13 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਕੀਤੀ ਮੰਗ
NEXT STORY