ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਐੱਸ. ਓ. ਆਈ.) ਦੇ ਸਾਬਕਾ ਪ੍ਰਧਾਨ ਵਿੱਕੀ ਮਿੱਡੂਖੇੜਾ ਦਾ ਦਿਨ ਦਿਹਾੜੇ ਕਤਲ ਕੀਤੇ ਜਾਣ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਸਰਕਾਰ ਵੱਲੋਂ ਗੈਂਗਸਟਰਾਂ ਨੂੰ ਦਿੱਤੀ ਖੁੱਲ੍ਹੀ ਛੁੱਟੀ ਦਾ ਨਤੀਜਾ ਹੈ। ਪਾਰਟੀ ਨੇ ਮੰਗ ਕੀਤੀ ਕਿ ਇਸ ਕਤਲ ਪਿੱਛੇ ਸਾਰੀ ਸਾਜ਼ਿਸ਼ ਬੇਨਕਾਬ ਕਰਨ ਵਾਸਤੇ ਨੌਜਵਾਨ ਆਗੂ ਦੀ ਹੱਤਿਆ ਦੀ ਨਿਰਪੱਖ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਸੂਬੇ ਦੀ ਰਾਜਧਾਨੀ ਨਜ਼ਦੀਕ ਮੋਹਾਲੀ ਵਿਚ ਹੋਈ ਇਸ ਗੋਲੀਬਾਰੀ ਨੇ ਸਾਬਤ ਕੀਤਾ ਹੈ ਕਿ ਪੰਜਾਬ ਵਿਚ ਕੋਈ ਵੀ ਸੁਰੱਖਿਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਅਮਨ ਕਾਨੂੰਨ ਦੀ ਵਿਵਸਥਾ ਇੰਨੀ ਵਿਗੜ ਚੁੱਕੀ ਹੈ ਕਿ ਅਗਵਾਕਾਰੀ, ਫਿਰੌਤੀਆਂ ਤੇ ਗੋਲੀਆਂ ਚਲਾਉਣਾ ਰੋਜ਼ਾਨਾ ਦੀ ਗੱਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਇਨ੍ਹਾਂ ਗੈਂਗਸਟਰਾਂ ਜੋ ਆਪਣੀ ਮਰਜ਼ੀ ਮੁਤਾਬਕ ਕੰਮ ਕਰ ਰਹੇ ਹਨ ਜਿਵੇਂ ਕਿ ਅੱਜ ਮੋਹਾਲੀ ਵਿਚ ਵੇਖਣ ਨੁੰ ਮਿਲਿਆ, ਖ਼ਿਲਾਫ਼ ਕਾਰਵਾਈ ਕਰਨ ਵਾਸਤੇ ਤਾਕਤ ਹੀ ਨਹੀਂ ਰਹਿ ਗਈ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਨੇ ਪਹਿਲਾਂ ਵੀ ਜੇਲ੍ਹਾਂ ਵਿਚ ਗੈਂਗਸਟਰਾਂ ਨੁੰ ਪੁਸ਼ਤ ਪਨਾਹੀ ਦਿੱਤੇ ਜਾਣ ਦਾ ਮਾਮਲਾ ਚੁੱਕਿਆ ਸੀ ਅਤੇ ਪੁਲਸ ਦੇ ਅਧਿਐਨ ਦਾ ਹਵਾਲਾ ਦਿੰਦਿਆਂ ਦੱਸਿਆ ਸੀ ਕਿ ਕਿਵੇਂ ਪੰਜਾਬ ਦੀਆਂ ਜੇਲ੍ਹਾਂ ਨੁੰ ਫਿਰੌਤੀਆਂ ਹਾਸਲ ਕਰਨ ਵਾਸਤੇ ਤੇ ਮਿਥ ਕੇ ਕਤਲ ਕੀਤੇ ਜਾਣ ਵਾਲੇ ਸੁਰੱਖਿਅਤ ਪਨਾਹਗਾਰਾਂ ਵਜੋਂ ਵਰਤਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਅਗਵਾਈ 'ਚ ਕਾਂਗਰਸ ਮੁੜ ਹੋਵੇਗੀ ਸੱਤਾ 'ਤੇ ਕਾਬਜ਼ : ਸਿੰਗਲਾ
ਉਨ੍ਹਾਂ ਕਿਹਾ ਕਿ ਅਸੀਂ ਇਹ ਬੇਨਕਾਬ ਕੀਤਾ ਸੀ ਕਿ ਕਿਵੇਂ ਪੰਜਾਬ ਦੀਆਂ ਜੇਲ੍ਹਾਂ ਵਿਚ ਗੈਂਗਸਟਰਾਂ ਨੂੰ ਵੀ. ਵੀ. ਆਈ. ਪੀ. ਸਹੂਲਤ ਮਿਲ ਰਹੀ ਹੈ ਤੇ ਕਿਵੇਂ ਜੱਗੂ ਭਗਵਾਨਪੁਰੀਆ ਵਰਗੇ ਗੈਂਗਸਟਰਾਂ ਦੀ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨਾਲ ਨੇੜਤਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਯੂ. ਪੀ. ਦੇ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਪੰਜਾਬ ਦੀਆਂ ਜੇਲ੍ਹਾਂ ਵਿਚ ਪਨਾਹ ਦਿੱਤੀ ਗਈ, ਇਸ ਗੱਲ ਤੋਂ ਹਰ ਕੋਈ ਜਾਣੂ ਹੈ। ਅਕਾਲੀ ਆਗੂ ਨੇ ਇਹ ਵੀ ਮੰਗ ਕੀਤੀ ਕਿ ਇਹ ਤ੍ਰਾਸਦੀ ਕਿਉਂ ਵਾਪਰੀ, ਇਸਦੀ ਪੜਤਾਲ ਲਈ ਅਮਨ ਕਾਨੂੰਨ ਵਿਵਸਥਾ ਲਾਗੂ ਕਰਨ ਵਿਚ ਢਿੱਲ ਮੱਠ ਦੀ ਅੰਦਰੂਨੀ ਜਾਂਚ ਵੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਦੁਖੀ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਤੇ ਭਰੋਸਾ ਦੁਆਇਆ ਕਿ ਅਕਾਲੀ ਦਲ ਉਨ੍ਹਾਂ ਦੀ ਦੁੱਖ ਦੀ ਘੜੀ ਵਿਚ ਉਨ੍ਹਾਂ ਨਾਲ ਡੱਟ ਕੇ ਖੜ੍ਹਾ ਹੈ ਤੇ ਵਿੱਕੀ ਦੇ ਹੱਤਿਆਰਿਆਂ ਨੂੰ ਸਜ਼ਾਵਾਂ ਦੁਆਉਣ ਵਾਸਤੇ ਹਰ ਲੋੜੀਂਦਾ ਕਦਮ ਚੁੱਕੇਗਾ। ਇਸ ਦੌਰਾਨ ਹੀ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਵੀ ਯੂਥ ਆਗੂ ਦੇ ਅਕਾਲ ਚਲਾਣੇ ’ਤੇ ਡੂੰਘਾ ਦੁੱਖਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਵਿੱਕੀ ਆਪਣੇ ਸਮੇਂ ਵਿਚ ਪੰਜਾਬ ਯੂਨੀਵਰਸਿਟੀ ਵਿਚ ਹਰਮਨ ਪਿਆਰਾ ਸੀ। ਰੋਮਾਣਾ ਨੇ ਕਿਹਾ ਕਿ ਵਿੱਕੀ ਇਕ ਮਿਹਨਤੀ ਆਗੂ ਸੀ ਜਿਸਨੇ ਆਪਣੀ ਮਿਹਨਤ ਦੇ ਬਲਬੂਤੇ ਉੱਚੇ ਮੁਕਾਮ ਹਾਸਲ ਕੀਤੇ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਉੱਘੇ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦਾ ਮੋਹਾਲੀ ’ਚ ਅੰਨ੍ਹੇਵਾਹ ਗੋਲ਼ੀਆਂ ਮਾਰ ਕੇ ਕਤਲ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਨਵਜੋਤ ਸਿੱਧੂ ਦੀ ਅਗਵਾਈ 'ਚ ਕਾਂਗਰਸ ਮੁੜ ਹੋਵੇਗੀ ਸੱਤਾ 'ਤੇ ਕਾਬਜ਼ : ਸਿੰਗਲਾ
NEXT STORY