ਭਵਾਨੀਗੜ੍ਹ (ਵਿਕਾਸ) : ਸ਼ਨੀਵਾਰ ਨੂੰ ਬਲਾਕ ਦੇ ਪਿੰਡ ਚੰਨੋ ਵਿਖੇ ਪਹੁੰਚੇ ਲੋਕ ਨਿਰਮਾਣ ਅਤੇ ਸਕੂਲ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ 'ਚ ਕਿਹਾ ਕਿ ਹਾਈਕਮਾਨ ਨੇ ਨਵਜੋਤ ਸਿੰਘ ਸਿੱਧੂ ਸਮੇਤ ਨਵੀਂ ਟੀਮ ਨੂੰ ਪੰਜਾਬ ਕਾਂਗਰਸ ਦੀ ਵਾਗਡੋਰ ਸੌਂਪ ਕੇ ਸੂਬੇ ਨੂੰ ਇੱਕ ਵਧੀਆ ਟੀਮ ਚੁਣ ਕੇ ਦਿੱਤੀ ਹੈ। ਨਵੀਂ ਟੀਮ ਦੀ ਯੋਗ ਅਗਵਾਈ 'ਚ ਪੰਜਾਬ ਤਰੱਕੀਆਂ ਦੀਆਂ ਹੋਰ ਲੀਹਾਂ ਤੈਅ ਕਰੇਗਾ ਅਤੇ ਕਾਂਗਰਸ ਪਾਰਟੀ ਦੀ ਸਰਕਾਰ ਮੁੜ ਸੱਤਾ 'ਤੇ ਕਾਬਜ ਹੋਵੇਗੀ। ਸਿੰਗਲਾ ਨੇ ਉਮੀਦ ਜਤਾਈ ਕਿ ਸਾਰਿਆਂ ਦੀ ਇਕਜੁੱਟਤਾ, ਸਹਿਯੋਗ ਅਤੇ ਪ੍ਰਚਾਰ ਨਾਲ ਪੰਜਾਬ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਚੁੱਕੇ ਗਏ ਕਦਮਾਂ ਸਦਕਾ ਚੰਗੇ ਨਤੀਜੇ ਸਾਹਮਣੇ ਆਉਣਗੇ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਸਿੰਗਲਾ ਨੇ ਕਿਹਾ ਕਿ ਮੁਫ਼ਤ ਬਿਜਲੀ ਦੇਣ ਦੀ ਗੱਲ ਕਰਕੇ ਅਰਵਿੰਦ ਕੇਜਰੀਵਾਲ ਤੇ ਸੁਖਬੀਰ ਬਾਦਲ ਸੂਬੇ ਦੀ ਜਨਤਾ ਨੂੰ ਮੂਰਖ ਬਣਾਉਣ 'ਚ ਲੱਗੇ ਹਏ ਹਨ। ਉਨ੍ਹਾਂ ਕਿਹਾ ਕਿ ਸੱਤਾ ਤੋਂ ਬਾਹਰ ਰਹਿ ਕੇ ਅਜਿਹੀਆਂ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਹਨ ਜਦੋਂਕਿ ਦੋਵੇਂ ਪਾਰਟੀਆਂ ਦੀ ਕਹਿਣੀ ਤੇ ਕਰਨੀ ਵਿੱਚ ਬਹੁਤ ਵੱਡਾ ਅੰਤਰ ਹੈ।
ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੇ ਸੱਤਾ 'ਚ ਆਉਣ 'ਤੇ ਸੂਬੇ ਦੇ ਲੋਕਾਂ ਨੂੰ ਬਿਜਲੀ 3 ਰੁਪਏ ਪ੍ਰਤੀ ਯੂਨਿਟ ਦੇਣ ਦੀ ਗੱਲ ਆਖੀ ਹੈ ਤਾਂ ਉਹ ਸਰਕਾਰ ਦੇ ਅਦਾਰਿਆਂ ਨਾਲ ਗੱਲਬਾਤ ਕਰਕੇ ਕੀਤੀ ਹੈ। ਨਾਲ ਹੀ ਸਿੰਗਲਾ ਨੇ ਕਿਹਾ ਕਿ ਸਰਕਾਰਾਂ ਨੇ ਸੂਬੇ ਦੀ ਆਰਥਿਕਤਾ ਨੂੰ ਦੇਖਣਾ ਹੁੰਦੈ ਜੇਕਰ ਆਰਥਿਕਤਾ ਮਜਬੂਤ ਹੋਵੇਗੀ ਤਾਂ ਹੀ ਕੋਈ ਸੂਬਾ ਤਰੱਕੀ ਕਰ ਸਕੇਗਾ। ਇਸ ਮੌਕੇ ਕੈਬਨਿਟ ਮੰਤਰੀ ਸਿੰਗਲਾ ਨੇ ਬੁਢਾਪਾ ਪੈਨਸ਼ਨ ਲਾਭਪਾਤਰੀਆਂ ਨੂੰ ਪੈਨਸ਼ਨਾਂ ਦੇ ਕਾਰਡ ਵੰਡੇ ਅਤੇ ਵਿਕਾਸ ਕਾਰਜਾਂ ਲਈ ਪਿੰਡ ਦੀ ਪੰਚਾਇਤ ਨੂੰ 5 ਲੱਖ ਰੁਪਏ ਦਾ ਚੈੱਕ ਵੀ ਸੌਂਪਿਆ। ਇਸ ਮੌਕੇ ਸਰਪੰਚ ਅਰਵਿੰਦਰਪਾਲ ਕੌਰ ਢੀਂਡਸਾ, ਤੇਜਇੰਦਰ ਸਿੰਘ ਢੀਂਡਸਾ, ਹਰਵਿੰਦਰ ਸਿੰਘ, ਮਨਿੰਦਰ ਸਿੰਘ ਗਿੰਨੀ, ਲਖਵੀਰ ਸਿੰਘ, ਵਰਿੰਦਰ ਸਿੰਘ ਲਾਲੀ, ਬਲਵੰਤ ਸਿੰਘ, ਸ਼ੇਰ ਸਿੰਘ ਆਦਿ ਸਮੇਤ ਇਲਾਕੇ ਦੇ ਪਤਵੰਤੇ ਹਾਜ਼ਰ ਸਨ।
ਸੀ.ਆਈ.ਏ. ਸਟਾਫ ਪਟਿਆਲਾ ਨੇ 35 ਕਿਲੋ ਭੁੱਕੀ ਸਮੇਤ ਦੋ ਨੂੰ ਕੀਤਾ ਗ੍ਰਿਫ਼ਤਾਰ
NEXT STORY