ਜਲੰਧਰ (ਚਾਵਲਾ)-ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਚੱਢਾ ਪਰਿਵਾਰ ਖਿਲਾਫ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਗਏ ਬਿਆਨ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਦੀਪਾ ਚੱਢਾ ਦੀ ਕੋਈ ਨਵੀਂ ਮਿੱਲ ਸ਼ੁਰੂ ਨਹੀਂ ਹੋਈ ਸਗੋਂ ਪੰਜਾਬ 'ਚ ਬਾਦਲਾਂ ਦੇ 10 ਸਾਲਾ ਕਾਰਜਕਾਲ ਸਮੇਂ ਵੀ ਸਰਕਾਰੀ ਟੈਕਸ ਤੇ ਐਕਸਾਈਜ਼ ਡਿਊਟੀ ਦੇ ਕੇ ਚੱਲਦੀ ਆਈ ਹੈ। ਉਸ ਸਮੇਂ ਬਾਦਲ ਨੂੰ ਕਦੇ ਇਹ ਮਿੱਲ ਦਿਖਾਈ ਨਹੀਂ ਦਿੱਤੀ।
ਉਨ੍ਹਾਂ ਕਥਿਤ ਤੌਰ 'ਤੇ ਦੋਸ਼ ਲਾਇਆ ਕਿ ਚੱਢਾ ਪਰਿਵਾਰ ਦੇ ਕੋਲੋਂ ਬਾਦਲ ਪਰਿਵਾਰ ਕਿਸੇ ਵੇਲੇ ਕਰੋੜਾਂ ਰੁਪਏ ਫੰਡ ਦੇ ਨਾਂ 'ਤੇ ਲੈਂਦਾ ਸੀ ਤੇ ਅਕਸਰ ਹੀ ਪੌਂਟੀ ਚੱਢਾ ਦੇ ਕੋਲ ਜਾ ਕੇ ਬਾਦਲ ਬੈਠਦੇ ਸਨ, ਉਸ ਵੇਲੇ ਕਦੇ ਚੱਢਾ ਪਰਿਵਾਰ ਦੀ ਕੋਈ ਕੋਤਾਹੀ ਉਨ੍ਹਾਂ ਨੂੰ ਨਜ਼ਰ ਨਹੀਂ ਆਈ ਪਰ ਅੱਜ ਪੌਂਟੀ ਚੱਢਾ ਦੇ ਇਸ ਦੁਨੀਆ ਤੋਂ ਚਲੇ ਜਾਣ ਉਪਰੰਤ ਉਸ ਪਰਿਵਾਰ ਦੀ ਆਲੋਚਨਾ ਕਰਨਾ ਕੋਈ ਸਿਆਣਪ ਨਹੀਂ ਸਗੋਂ ਤੰਗਦਿਲੀ ਵਾਲੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਜ ਦੀਪਾ ਚੱਢਾ ਦੀ ਮਿੱਲ ਸੁਖਬੀਰ ਬਾਦਲ ਨੂੰ ਰੜਕਦੀ ਹੈ ਤਾਂ ਇਸ ਦਾ ਭਾਵ ਇਹੀ ਲਿਆ ਜਾਵੇਗਾ ਕਿ ਚੱਢਾ ਪਰਿਵਾਰ ਨਾਲ ਬਾਦਲ ਪੁਰਾਣੇ ਰਿਸ਼ਤੇ ਨੂੰ ਭੁੱਲ ਕੇ ਨਵੀਂ ਭਾਜੀ ਪਾ ਰਹੇ ਹਨ।
ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਿਚ 10 ਸਾਲਾਂ ਦੇ ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਜਿੰਨਾ ਪੰਜਾਬ ਦੇ ਲੋਕਾਂ ਦਾ ਧਾਰਮਿਕ, ਸਮਾਜਿਕ, ਰਾਜਨੀਤਿਕ, ਬੌਧਿਕ ਤੇ ਸੱਭਿਆਚਾਰਕ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਕਰਦਿਆਂ ਹਾਲੇ ਕਈ ਦਹਾਕੇ ਲੱਗ ਜਾਣਗੇ। ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚ ਧੱਕ ਕੇ ਇਨ੍ਹਾਂ ਨੇ ਆਪਣੀਆਂ ਤਿਜੌਰੀਆਂ ਤਾਂ ਜ਼ਰੂਰ ਭਰ ਲਈਆਂ ਪਰ ਸਿੱਖ ਵਿਰਸੇ ਦੀਆਂ ਤਿਜੌਰੀਆਂ ਖਾਲੀ ਕਰ ਕੇ ਸਾਬਤ ਕਰ ਦਿੱਤਾ ਹੈ ਕਿ ਸਿੱਖ ਕੌਮ ਨੂੰ ਕਦੇ ਵੀ ਬਾਦਲਾਂ ਕੋਲੋਂ ਭਲਾਈ ਦੀ ਆਸ ਨਹੀਂ ਰੱਖਣੀ ਚਾਹੀਦੀ।
ਉਨ੍ਹਾਂ ਨੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿਖੇ ਸਰਕਾਰੀ, ਸਿਵਲ ਤੇ ਪੁਲਸ ਅਧਿਕਾਰੀਆਂ ਨੂੰ ਦਬਕੇ ਮਾਰਨੇ ਵੀ ਸੁਖਬੀਰ ਬਾਦਲ ਦੀ ਬੌਖਲਾਹਟ ਦੀ ਨਿਸ਼ਾਨੀ ਕਰਾਰ ਦਿੰਦਿਆਂ ਕਿਹਾ ਕਿ ਇਸ ਨੂੰ ਕੈਪਟਨ ਸਰਕਾਰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਤੇ ਅਧਿਕਾਰੀਆਂ ਦੇ ਹੌਸਲੇ ਪਸਤ ਨਹੀਂ ਹੋਣ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਰਕ ਦੀ ਦੁਨੀਆ ਵਿਚ ਧੱਕਣ ਵਾਲਾ ਸੁਖਬੀਰ ਬਾਦਲ ਜੇਕਰ ਕਿਸੇ ਵੀ ਮੁੱਦੇ 'ਤੇ ਬਹਿਸ ਕਰਨਾ ਚਾਹੇ ਤਾਂ ਉਸ ਨੂੰ ਖੁੱਲ੍ਹਾ ਸੱਦਾ ਹੈ ਕਿ ਉਹ ਜਦੋਂ ਵੀ ਚਾਹੇ ਬਹਿਸ ਲਈ ਆ ਸਕਦਾ ਹੈ ਪਰ ਇਹ ਬਹਿਸ ਕਿਸੇ ਨਿਰਪੱਖ ਟੀ. ਵੀ. ਚੈਨਲ 'ਤੇ ਹੋਵੇਗੀ।
ਕਾਂਗਰਸ ਨੇ 'ਸਟ੍ਰੇਟ ਬੈਂਕ ਆਫ਼ ਟਮਾਟਰ' ਖੋਲ੍ਹਿਆ, ਖਰੀਦਣ ਲਈ ਲੋਨ ਦਿੱਤਾ
NEXT STORY