ਚੰਡੀਗੜ੍ਹ (ਪਰਾਸ਼ਰ)-ਅਕਾਲੀ ਦਲ ਨੇ ਕਿਹਾ ਹੈ ਕਿ ਵਿਧਾਨ ਸਭਾ ਸਪੀਕਰ ਕੇ. ਪੀ. ਰਾਣਾ ਸਿੰਘ ਨੇ ਅਸੈਂਬਲੀ 'ਚ ਬਾਊਂਸਰਾਂ ਨੂੰ ਸਿੱਖ ਵਿਧਾਇਕਾਂ ਦੀਆਂ ਪਗੜੀਆਂ ਉਛਾਲਣ ਦਾ ਹੁਕਮ ਦੇ ਕੇ ਸਿੱਖ ਕੌਮ ਦਾ ਅਪਮਾਨ ਕੀਤਾ ਹੈ। ਪਾਰਟੀ ਨੇ ਇਹ ਵੀ ਕਿਹਾ ਹੈ ਕਿ ਸਪੀਕਰ ਨੇ ਇਹ ਅਫਸੋਸਨਾਕ ਹਰਕਤ ਸਿਰਫ ਆਪਣੇ ਕਾਂਗਰਸੀ ਆਕਾਵਾਂ ਨੂੰ ਖੁਸ਼ ਕਰਨ ਲਈ ਕੀਤੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਖ ਵਿਧਾਇਕਾਂ ਨੂੰ ਦਬਾਉਣ ਖਾਤਰ ਉਨ੍ਹਾਂ ਦੀਆਂ ਪਗੜੀਆਂ ਨੂੰ ਉਛਾਲਣ ਦੇ ਹੁਕਮ ਦੇਣ ਲਈ ਰਾਣਾ ਕੇ. ਪੀ. ਸਿੰਘ ਸਿੱਖ ਇਤਿਹਾਸ ਦੇ ਸਫਿਆਂ 'ਚ ਨਾਦਰਸ਼ਾਹ ਕੇ. ਪੀ. ਵਜੋਂ ਜਾਣਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਕਾਂਗਰਸੀ ਸਪੀਕਰ ਉਸੇ ਪਾਰਟੀ ਨਾਲ ਸੰਬੰਧਤ ਹੈ ਜਿਸਨੇ ਦਰਬਾਰ ਸਾਹਿਬ 'ਤੇ ਟੈਂਕਾਂ ਨਾਲ ਹਮਲਾ ਕਰਵਾਇਆ ਸੀ। ਦੁੱਖ ਦੀ ਗੱਲ ਇਹ ਹੈ ਕਿ ਉਹ ਸ੍ਰੀ ਆਨੰਦਪੁਰ ਸਾਹਿਬ ਨਾਲ ਸੰਬੰਧ ਰੱਖਦੇ ਹਨ ਜੋ ਕਿ ਖਾਲਸੇ ਦਾ ਜਨਮ ਸਥਾਨ ਹੈ। ਇਸ ਤਰ੍ਹਾਂ ਉਨ੍ਹਾਂ ਉਸ ਪਵਿੱਤਰ ਧਰਤੀ ਦਾ ਵੀ ਅਪਮਾਨ ਕੀਤਾ ਹੈ, ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਸਾਡੀ ਦਸਤਾਰ ਦਿੱਤੀ ਸੀ। ਉਨ੍ਹਾਂ ਸਿੱਖ ਧਰਮ ਅਤੇ ਸੱਭਿਆਚਾਰ ਦੀ ਬੇਇੱਜ਼ਤੀ ਕੀਤੀ ਹੈ। ਅਸੀਂ ਇਸ ਸੰਬੰਧੀ ਉਨ੍ਹਾਂ ਖਿਲਾਫ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਵਾਂਗੇ ਤੇ ਉਨ੍ਹਾਂ ਖਿਲਾਫ ਮੋਰਚਾ ਲਾ ਕੇ ਉਨ੍ਹਾਂ ਨੂੰ ਅਹੁਦਾ ਛੱਡਣ ਲਈ ਮਜਬੂਰ ਕਰਾਂਗੇ।
ਸੁਖਬੀਰ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਸਪੀਕਰ ਜਦੋਂ ਇਹ ਸਭ ਕੁੱਝ ਕਰਵਾ ਰਹੇ ਸਨ ਤਾਂ ਕਾਂਗਰਸੀ ਮੈਂਬਰ ਉਨ੍ਹਾਂ ਨੂੰ ਹੋਰ ਸਖਤੀ ਵਰਤਣ ਲਈ ਹੱਲਾਸ਼ੇਰੀ ਦੇ ਰਹੇ ਸਨ। ਸਿੱਖ ਵਿਧਾਇਕਾਂ ਮਨਜੀਤ ਸਿੰਘ ਬਿਲਾਸਪੁਰ ਅਤੇ ਪਿਰਮਲ ਸਿੰਘ ਦੀ ਪਗੜੀ ਉਛਾਲਣ ਦੇ ਇਲਾਵਾ ਸਪੀਕਰ ਨੇ ਆਪਣੇ ਮਾਰਸ਼ਲਾਂ ਨੂੰ ਮਹਿਲਾ ਵਿਧਾਇਕਾਂ 'ਤੇ ਵੀ ਹਮਲਾ ਕਰਨ ਦਾ ਹੁਕਮ ਦਿੱਤਾ। ਨਤੀਜੇ ਵਜੋਂ ਵਿਧਾਇਕਾ ਬਿਲਾਸਪੁਰ ਅਤੇ ਬੀਬੀ ਸਰਬਜੀਤ ਕੌਰ ਮਾਣਿਕੇ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ ਅਤੇ ਬਾਕੀਆਂ ਨੂੰ ਵਿਧਾਨ ਸਭਾ 'ਚ ਹੀ ਮੁੱਢਲੀ ਮਦਦ ਦਿੱਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਵਿਧਾਨ ਸਭਾ ਦੇ ਇਤਿਹਾਸ 'ਚ ਇਕ ਸਪੀਕਰ ਵਲੋਂ ਇੰਨੀ ਬੇਰਹਿਮੀ ਨਾਲ ਹਿੰਸਾ ਕਰਵਾਉਣ ਵਾਲਾ ਹੁਕਮ ਕਦੇ ਨਹੀਂ ਦਿੱਤਾ ਗਿਆ।
ਸੁਖਬੀਰ ਨੇ ਕਿਹਾ ਕਿ ਬਿਲਾਸਪੁਰ ਦੀ ਪਗੜੀ ਨੂੰ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਉਠਾਇਆ। ਜਦੋਂ ਉਹ ਅਕਾਲੀ-ਭਾਜਪਾ ਵਫਦ ਦੀ ਅਗਵਾਈ ਕਰਦੇ ਹੋਏ 'ਆਪ' ਦੇ ਸੂਬਾ ਪ੍ਰਧਾਨ ਐੱਸ. ਐੱਸ. ਫੂਲਕਾ ਅਤੇ ਅਮਨ ਅਰੋੜਾ ਸਮੇਤ ਸੈਕਟਰ 16 ਦੇ ਸਰਕਾਰੀ ਹਸਪਤਾਲ 'ਚ ਉਨ੍ਹਾਂ ਨੂੰ ਮਿਲਣ ਗਏ ਤਾਂ ਇਹ ਪਗੜੀ 'ਆਪ' ਵਿਧਾਇਕ ਨੂੰ ਵਾਪਸ ਸੌਂਪੀ ਗਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਉਹ ਉਦੋਂ ਤਕ ਟਿਕ ਕੇ ਨਹੀਂ ਬੈਠਣਗੇ ਜਦੋਂ ਤਕ ਇਹ ਸਭ ਕੁਝ ਕਰਵਾਉਣ ਵਾਲੇ ਸਪੀਕਰ ਨੂੰ ਕੁਰਸੀ ਤੋਂ ਨਹੀਂ ਉਤਾਰਿਆ ਜਾਂਦਾ।
ਇਕ ਕਰੋੜ ਦੀ ਵਿਦੇਸ਼ੀ ਤੇ ਇੰਡੀਅਨ ਕਰੰਸੀ ਬਰਾਮਦ
NEXT STORY