ਸੰਗਰੂਰ/ਮਲੇਰਕੋਟਲਾ (ਬੇਦੀ ,ਯਾਸੀਨ) : ਤੁਸੀਂ ਪੁਲਸ ਵਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਚਾਲਾਨ ਕੱਟਣ ਬਾਰੇ ਤਾਂ ਅਕਸਰ ਦੇਖਿਆ ਸੁਣਿਆ ਹੋਵੇਗਾ ਪਰ ਕੀ ਤੁਸੀਂ ਕਦੇ ਇਹ ਸੁਣਿਆ ਕਿ ਥਾਣੇਦਾਰ ਨੇ ਆਪਣੀ ਹੀ ਗੱਡੀ ਦਾ ਚਾਲਾਨ ਕੱਟਿਆ ਹੋਵੇ। ਜੀ, ਹਾਂ ਇਹ ਵਾਕਿਆ ਵਾਪਰਿਆ ਹੈ ਮਾਲੇਰਕੋਟਲਾ 'ਚ। ਦਰਅਸਲ ਮਾਲੇਰਕੋਟਲਾ 'ਚ ਤਾਇਨਾਤ ਥਾਣੇਦਾਰ ਦੀ ਆਪਣੀ ਹੀ ਗੱਡੀ ਦੀ ਨੰਬਰ ਪਲੇਟ ਗਾਇਬ ਸੀ, ਇਸ 'ਤੇ ਪੁਲਸ ਅਧਿਕਾਰੀ ਨੇ ਅਣਗਹਿਲੀ ਮਗਰੋਂ ਆਪਣੀ ਈਮਾਨਦਾਰੀ ਦਾ ਸਬੂਤ ਦਿੰਦਿਆਂ ਸਰਕਾਰੀ ਗੱਡੀ ਦਾ ਹੀ ਚਾਲਾਨ ਕੱਟ ਦਿੱਤਾ।

ਹੋਇਆ ਇੰਝ ਕਿ ਮਾਲੇਰਕੋਟਲਾ ਦੇ ਥਾਣੇਦਾਰ ਦੀ ਸਰਕਾਰੀ ਗੱਡੀ ਨੰਬਰ ਪਲੇਟ ਤੋਂ ਬਗ਼ੈਰ ਚੱਲ ਰਹੀ ਸੀ। ਸ਼ਨੀਵਾਰ ਸ਼ਾਮ ਜਦੋਂ ਬਸ ਸਟੈਂਡ ਰੋਡ 'ਤੇ ਪੁਲਸ ਗ਼ਲਤ ਪਾਰਕਿੰਗ ਵਾਲੇ ਵਾਹਨਾਂ ਵਿਰੁੱਧ ਕਾਰਵਾਈ ਕਰ ਰਹੀ ਸੀ ਤਾਂ ਲੋਕਾਂ ਦਾ ਧਿਆਨ ਬਿਨਾਂ ਨੰਬਰ ਪਲੇਟ ਤੋਂ ਚੱਲ ਰਹੀ ਸਰਕਾਰੀ ਗੱਡੀ ਵੱਲ ਪਿਆ। ਮੌਕੇ 'ਤੇ ਮੌਜੂਦ ਪੱਤਰਕਾਰਾਂ ਅਤੇ ਹੋਰ ਲੋਕਾਂ ਨੇ ਉਨ੍ਹਾਂ ਤੋਂ ਇਸ ਬਾਰੇ ਪੁੱਛਿਆ ਤਾਂ ਥਾਣੇਦਾਰ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਅਤੇ ਉਨ੍ਹਾਂ ਨੇ ਆਪਣੀ ਹੀ ਗੱਡੀ ਦਾ ਚਾਲਾਨ ਕੱਟ ਦਿੱਤਾ। ਇੰਸਪੈਕਟਰ ਰਾਜੇਸ਼ ਸਨੇਹੀ ਨੇ ਕਿਹਾ ਕਿ ਉਹ ਮਹੀਨਾ ਕੁ ਪਹਿਲਾਂ ਹੀ ਮਾਲੇਰਕੋਟਲਾ ਥਾਣੇ ਆਏ ਹਨ ਅਤੇ ਇਸ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ ਕਿ ਉਨ੍ਹਾਂ ਦੀ ਆਪਣੀ ਹੀ ਸਰਕਾਰੀ ਗੱਡੀ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ। ਇੰਸਪੈਕਟਰ ਸਨੇਹੀ ਨੇ ਪੱਤਰਕਾਰਾਂ ਸਾਹਮਣੇ ਹੀ ਚਾਲਾਨ ਬੁੱਕ ਕੱਢੀ ਅਤੇ ਆਪਣੀ ਸਰਕਾਰੀ ਗੱਡੀ ਦਾ ਚਲਾਨ ਕੱਟ ਦਿੱਤਾ।
ਵਿਆਹ ਕਰਵਾ ਕੇ ਕੈਨੇਡਾ ਭੇਜਣ ਦੇ ਨਾਂ 'ਤੇ 36 ਲੱਖ ਦੀ ਠੱਗੀ
NEXT STORY