ਫਗਵਾੜਾ (ਹਰਜੋਤ, ਜਲੋਟਾ)— ਫਗਵਾੜਾ ਪੁਲਸ ਥਾਣਾ ਸਦਰ ਦੇ ਐੱਸ. ਐੱਚ. ਓ. ਮਨਮੋਹਨ ਸਿੰਘ ਨੂੰ ਡਿਊਟੀ 'ਚ ਕੋਤਾਹੀ ਵਰਤਣ 'ਤੇ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਪੁਲਸ ਤੰਤਰਵਿਚ ਹੜਕੰਪ ਮਚ ਗਿਆ ਹੈ। ਮਿਲੀ ਸੂਚਨਾ ਅਨੁਸਾਰ ਉਕਤ ਕਾਰਵਾਈ ਰਾਸ਼ਟਰੀ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨ-ਜਾਤੀ ਕਮਿਸ਼ਨ ਦੇ ਡਾਇਰੈਕਟਰ ਰਾਜ ਕੁਮਾਰ ਵੱਲੋਂ ਫਗਵਾੜਾ ਪੁਲਸ ਨੂੰ ਦਿੱਤੇ ਗਏ ਹੁਕਮਾਂ ਦੇ ਤਹਿਤ ਪੂਰੀ ਕੀਤੀ ਗਈ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਉਕਤ ਮਾਮਲੇ 'ਚ ਸਸਪੈਂਡ ਕੀਤੇ ਗਏ ਪੁਲਸ ਥਾਣਾ ਸਦਰ ਦੇ ਐੱਸ. ਐੱਚ. ਓ. ਸਬੰਧੀ ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਵੀ ਦਲਿਤ ਵਰਗ ਨਾਲ ਸਬੰਧਤ ਇਕ ਵਿਅਕਤੀ ਦੀ ਹੋਈ ਕੁੱਟਮਾਰ ਦੇ ਮਾਮਲੇ 'ਚ ਬਣਦੀ ਪੁਲਸ ਕਾਰਵਾਈ ਨੂੰ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਪੂਰਾ ਨਹੀਂ ਕੀਤਾ ਹੈ। ਸਬੰਧਤ ਦਲਿਤ ਵਿਅਕਤੀ ਕੁਲਦੀਪ ਸਿੰਘ ਵਾਸੀ ਪਿੰਡ ਸੰਧੋਲੀ, ਨਾਭਾ ਨਾਲ ਸਬੰਧਤ ਹੈ, ਨੇ 22 ਅਕਤੂਬਰ ਨੂੰ ਫਗਵਾੜਾ ਦੇ ਇਕ ਪਿੰਡ ਵਿਚ ਕੰਬਾਈਨ ਹਾਰਵੈਸਟਰ ਦੇ ਮਾਲਕ ਦੱਸੇ ਜਾਂਦੇ ਗੁਰਮੀਤ ਸਿੰਘ ਅਤੇ ਹਰਵਿੰਦਰ ਸਿੰਘ ਵਾਸੀ ਪਿੰਡ ਖੇਰੀ ਜੱਟਾਂ, ਨਾਭਾ ਨੇ ਕਥਿਤ ਤੌਰ 'ਤੇ ਲੋਹੇ ਦੇ ਰਾਡ ਆਦਿ ਦੀ ਵਰਤੋਂ ਕਰਕੇ ਕੁੱਟਮਾਰ ਕੀਤੀ ਸੀ ।
ਇਸ ਤੋਂ ਬਾਅਦ ਜਦ ਪੀੜਤ ਕੁਲਦੀਪ ਸਿੰਘ ਨੇ ਇਸ ਦੀ ਸ਼ਿਕਾਇਤ ਪੁਲਸ ਥਾਣਾ ਸਦਰ ਫਗਵਾੜਾ ਨੂੰ ਦਿੱਤੀ ਤਾਂ ਪੁਲਸ ਨੇ ਐੱਫ. ਆਈ. ਆਰ. ਦਰਜ ਕਰਨ ਦੀ ਬਜਾਏ ਇਸ ਮਾਮਲੇ 'ਚ ਬਿਨਾਂ ਕੋਈ ਕਾਨੂੰਨੀ ਕਾਰਵਾਈ ਨੂੰ ਪੂਰਾ ਕਰਕੇ ਉਲਟਾ ਕੁਲਦੀਪ ਸਿੰਘ ਜੋ ਫਗਵਾੜਾ ਦੇ ਇਕ ਹਸਪਤਾਲ ਵਿਚ ਇਲਾਜ ਅਧੀਨ ਚੱਲ ਰਿਹਾ ਸੀ, ਨੂੰ ਜ਼ਬਰਦਸਤੀ ਭਾਦਸੋਂ ਹਸਪਤਾਲ ਪਟਿਆਲਾ 'ਚ ਇਲਾਜ ਲਈ ਭੇਜ ਦਿੱਤਾ। ਇਥੇ ਉਸ ਦੀ ਗੰਭੀਰ ਹਾਲਤ ਨੂੰ ਦੇਖ ਕੇ ਉਸ ਨੂੰ ਇਲਾਜ ਕਰ ਰਹੇ ਡਾਕਟਰਾਂ ਦੀ ਟੀਮ ਨੇ ਅੱਗੇ ਰਜਿੰਦਰਾ ਹਸਪਤਾਲ ਪਟਿਆਲਾ 'ਚ ਭੇਜ ਦਿੱਤਾ। ਇਸ ਸਬੰਧੀ ਜਦ ਸਾਰੇ ਮਾਮਲੇ ਦੀ ਸੂਚਨਾ ਰਾਸ਼ਟਰੀ ਅਨੁਸੂਜਿਤ ਜਾਤੀ ਅਤੇ ਅਨੁਸੂਚਿਤ ਜਨ ਜਾਤੀ ਕਮਿਸ਼ਨ ਤਕ ਪਹੁੰਚੀ ਤਾਂ ਇਸ ਦਾ ਸਖਤ ਨੋਟਿਸ ਲੈਂਦੇ ਹੋਏ ਇਸ ਦੀ ਜਾਂਚ ਕੀਤੀ ਗਈ। ਕਮਿਸ਼ਨ ਦੇ ਡਾਇਰੈਕਟਰ ਰਾਜ ਕੁਮਾਰ ਚਨੇਨਾ ਪੀੜਤ ਕੁਲਦੀਪ ਸਿੰਘ ਨੂੰ ਮਿਲਣ ਉਸ ਦੇ ਘਰ ਗਏ ਅਤੇ ਸਾਰੇ ਮਾਮਲੇ ਦੀ ਜਾਣਕਾਰੀ ਲੈਣ ਤੋਂ ਬਾਅਦ ਉਨ੍ਹਾਂ ਨੇ ਫਗਵਾੜਾ ਪੁਲਸ ਨੂੰ ਆਦੇਸ਼ ਜਾਰੀ ਕੀਤੇ ਕਿ ਪੁਲਸ ਥਾਣਾ ਸਦਰ ਦੇ ਐੱਸ. ਐੱਚ. ਓ. ਮਨਮੋਹਨ ਸਿੰਘ ਨੂੰ ਡਿਊਟੀ 'ਚ ਕੋਤਾਹੀ ਕਰਨ ਕਾਰਣ ਸਸਪੈਂਡ ਕੀਤਾ ਜਾਵੇ ।
ਇਸ ਦੌਰਾਨ ਫਗਵਾੜਾ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਐੱਸ. ਐੱਚ. ਓ. ਮਨਮੋਹਨ ਸਿੰਘ ਨੂੰ ਸਸਪੈਂਡ ਕਰਨ ਦੀ ਹੋਈ ਕਾਰਵਾਈ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਉਕਤ ਸਾਰੀ ਕਾਰਵਾਈ ਰਾਸ਼ਟਰੀ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ ਕਮਿਸ਼ਨ ਦੇ ਆਦੇਸ਼ਾਂ ਦੀ ਪਾਲਣਾ ਕਰ ਕੇ ਪੂਰੀ ਕੀਤੀ ਗਈ ਹੈ। ਉਕਤ ਮਾਮਲੇ 'ਚ ਸਬੰਧਤ ਐੱਸ. ਐੱਚ. ਓ. ਵੱਲੋਂ ਲਿਖਤ ਸ਼ਿਕਾਇਤ ਮਿਲਣ ਤੋਂ ਬਾਅਦ ਵੀ 9 ਦਿਨਾਂ ਤਕ ਕਿਸੇ ਵੀ ਪੁਲਸ ਅਧਿਕਾਰੀ ਨੂੰ ਇਸ ਦੀ ਜਾਂਚ ਕਰਨ ਲਈ ਨਹੀਂ ਕਿਹਾ ਗਿਆ ਅਤੇ ਉਕਤ ਕਾਂਡ 'ਚ ਪੁਲਸ ਕੇਸ ਵੀ ਕਰੀਬ ਇਕ ਮਹੀਨੇ ਬਾਅਦ ਰਜਿਸਟਰਡ ਹੋਇਆ ਹੈ।
ਸੀਲ ਹੋਈਆਂ ਨਾਜਾਇਜ਼ ਬਿਲਡਿੰਗਾਂ 'ਤੇ ਵੀ ਚੱਲੇਗੀ ਨਿਗਮ ਦੀ ਡਿੱਚ ਮਸ਼ੀਨ
NEXT STORY