ਰੂਪਨਗਰ/ਐੱਸ. ਏ. ਐੱਸ. ਨਗਰ (ਜੱਸੀ/ਹਰੀਸ਼ ਬਾਠਲਾ): ਰੂਪਨਗਰ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਤਿੰਨ ਬੱਚਿਆਂ ਦੀ ਮਾਂ ਵੱਲੋਂ ਆਪਣੇ ਤਿੰਨੋ ਮਾਸੂਮ ਬੱਚਿਆਂ ਨੂੰ ਕਥਿਤ ਤੌਰ 'ਤੇ ਰੋਪੜ ਨਹਿਰ ਵਿਚ ਸੁੱਟ ਦਿੱਤਾ ਗਿਆ। ਇਨ੍ਹਾਂ ਜਵਾਕਾਂ ਦੀ ਉਮਰ 4, 7 ਅਤੇ 10 ਸਾਲ ਸੀ। ਇਨ੍ਹਾਂ ਵਿਚੋਂ ਦੋ ਬੱਚਿਆਂ ਦੀ ਲਾਸ਼ ਬਰਾਮਦ ਕਰ ਲਈ ਗਈ ਹੈ, ਜਦਕਿ ਤੀਜੇ ਬੱਚੇ ਦੀ ਭਾਲ ਜਾਰੀ ਹੈ। ਫ਼ਿਲਹਾਲ ਬੱਚਿਆਂ ਦੀ ਮਾਂ ਇਸ ਵੇਲੇ ਕਿੱਥੇ ਹੈ, ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਮਾਮਲੇ ਨੇ ਉਸ ਵੇਲੇ ਹੋਰ ਵੀ ਗੰਭੀਰ ਰੂਪ ਧਾਰ ਲਿਆ ਜਦੋਂ ਮ੍ਰਿਤਕ ਬੱਚਿਆਂ ਦੀ ਮਾਂ ਸ਼ਕੁੰਤਲਾ ਉਰਫ਼ ਸੁਮਨ ਦੇ ਸੱਸ-ਸਹੁਰੇ ਨੇ ਦੋਸ਼ ਲਗਾਇਆ ਕਿ ਸੁਮਨ ਪਹਿਲਾਂ ਤੋਂ ਹੀ ਬੱਚਿਆਂ ਨੂੰ ਮਾਰਨਾ ਚਾਹੁੰਦੀ ਸੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰੀਬ 10 ਮਹੀਨੇ ਪਹਿਲਾਂ ਸ਼ਕੁੰਤਲਾ ਦੇ ਪਤੀ ਕਮਲ ਨੇ ਵੀ ਖੁਦਕੁਸ਼ੀ ਕਰ ਲਈ ਸੀ, ਜਿਸ ਤੋਂ ਬਾਅਦ ਪਰਿਵਾਰ ਮੁਸ਼ਕਲ ਦੌਰ ਵਿੱਚੋਂ ਲੰਘ ਰਿਹਾ ਸੀ। ਸੱਸ-ਸਹੁਰੇ ਨੇ ਦੋਸ਼ ਲਗਾਇਆ ਕਿ ਸ਼ਕੁੰਤਲਾ ਦਾ ਵਿਵਹਾਰ ਕਾਫ਼ੀ ਸਮੇਂ ਤੋਂ ਸ਼ੱਕੀ ਸੀ ਅਤੇ ਉਹ ਬੱਚਿਆਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਗੱਲਾਂ ਕਰਦੀ ਰਹਿੰਦੀ ਸੀ। ਦੂਜੇ ਪਾਸੇ, ਮੁਹੱਲੇ ਦੇ ਲੋਕਾਂ ਅਤੇ ਕੁਝ ਪਰਿਵਾਰਕ ਜਾਣਕਾਰਾਂ ਦਾ ਕਹਿਣਾ ਹੈ ਕਿ ਉਹ ਇਸ ਗੱਲ 'ਤੇ ਯਕੀਨ ਨਹੀਂ ਕਰਦੇ ਕਿ ਸ਼ਕੁੰਤਲਾ ਨੇ ਖੁਦ ਵੀ ਨਹਿਰ ਵਿਚ ਛਾਲ ਮਾਰੀ ਹੋਵੇਗੀ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਮਾਮਲੇ ਦੀ ਹਰ ਪੱਖ ਤੋਂ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਅਸਲ ਸੱਚ ਸਾਹਮਣੇ ਆ ਸਕੇ।
ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਘਟਨਾ ਨਾਲ ਜੁੜੇ ਸਾਰੇ ਤੱਥਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਘਟਨਾ ਦੇ ਅਸਲ ਕਾਰਨਾਂ ਬਾਰੇ ਸਪੱਸ਼ਟ ਤਸਵੀਰ ਸਾਹਮਣੇ ਆ ਸਕੇਗੀ। ਇਸ ਮਾਮਲੇ ਸਬੰਧੀ ਡੀ.ਐਸਪੀ ਸਿਟੀ-1 ਗੁਰਚਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੇ ਦਿਨੀ ਇਸ ਘਟਨਾ ਬਾਰੇ ਸੂਚਨਾ ਮਿਲੀ ਹੈ ਅਤੇ ਸ਼ੁਰੂਆਤੀ ਜਾਂਚ ਉਪਰੰਤ ਪੁਲਸ ਪਾਰਟੀ ਨੂੰ ਰੋਪੜ ਵਿਖੇ ਭੇਜ ਦਿੱਤਾ ਗਿਆ ਹੈ, ਜਿੱਥੋਂ ਦੋ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ ਅਤੇ ਤੀਜੇ ਦੀ ਭਾਲ ਜਾਰੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਭਲਕੇ ਤੋਂ 4 ਜੁਲਾਈ ਤੱਕ ਨੂੰ ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ-ਹਨੇਰੀ ਦਾ ਅਲਰਟ
NEXT STORY