ਬਠਿੰਡਾ (ਬਲਵਿੰਦਰ, ਵਰਮਾ)-ਧਾਰਾ 145 ਦੇ ਬਾਵਜੂਦ ਪੁਲਸ ਦੀ ਸਰਪ੍ਰਸਤੀ 'ਚ ਇਕ ਮਹਿਲਾ ਮੁਸਲਿਮ ਆਗੂ ਨੇ ਪੀਰਖਾਨਾ ਬਠਿੰਡਾ ਦੀ ਇਕ ਦੁਕਾਨ 'ਤੇ ਕਬਜ਼ਾ ਕਰ ਲਿਆ, ਜਦਕਿ ਅਜਿਹੀ ਸਥਿਤੀ ਵਿਚ ਸਬੰਧਿਤ ਇਮਾਰਤ ਨਾਲ ਕਿਸੇ ਵੀ ਧਿਰ ਵੱਲੋਂ ਛੇੜਛਾੜ ਕਰਨਾ ਜੁਰਮ ਹੈ।
ਕੀ ਹੈ ਮਾਮਲਾ
ਖੇਡ ਸਟੇਡੀਅਮ ਨੇੜੇ ਸਥਿਤ ਪੀਰਖਾਨਾ ਬਠਿੰਡਾ ਵਿਚ 2013 ਦੌਰਾਨ ਚੌਧਰ ਨੂੰ ਲੈ ਕੇ ਵਿਵਾਦ ਹੋ ਗਿਆ ਸੀ। ਅਮਨ ਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਜ਼ਿਲਾ ਪ੍ਰਸ਼ਾਸਨ ਨੇ ਧਾਰਾ 145 ਲਾਗੂ ਕਰਦਿਆਂ ਪੀਰਖਾਨਾ ਆਪਣੇ ਕਬਜ਼ੇ ਵਿਚ ਲੈ ਲਿਆ ਸੀ। ਉਸ ਤੋਂ ਬਾਅਦ ਪੀਰਖਾਨੇ ਦੀ ਕਮਾਂਡ ਐੱਸ. ਡੀ. ਐੱਮ. ਬਠਿੰਡਾ ਕੋਲ ਹੈ। ਫਿਰ ਇਹ ਮਾਮਲਾ ਹਾਈਕੋਰਟ ਵਿਚ ਚਲਾ ਗਿਆ, ਜਿਸ ਨੇ 2015 ਵਿਚ ਹੁਕਮ ਦਿੱਤੇ ਕਿ ਜ਼ਿਲਾ ਪ੍ਰਸ਼ਾਸਨ ਇਸ ਮਾਮਲੇ ਨੂੰ ਜਲਦੀ ਸਮਾਪਤ ਕਰਨ ਲਈ ਲੋੜੀਂਦੇ ਕਦਮ ਚੁੱਕੇ। ਇਨ੍ਹਾਂ ਹੁਕਮਾਂ ਵਿਚ ਧਾਰਾ 145 ਨਹੀਂ ਕੀਤੀ ਗਈ ਸੀ।
ਇਸ ਦੇ ਬਾਵਜੂਦ ਅੱਜ ਮਹਿਲਾ ਮੁਸਲਿਮ ਆਗੂ ਨਗੀਨਾ ਬੇਗਮ ਨੇ ਸਾਥੀਆਂ ਸਣੇ ਪਹੁੰਚ ਕੇ ਪੀਰਖਾਨੇ ਦੀ ਇਕ ਦੁਕਾਨ 'ਤੇ ਜਬਰਨ ਕਬਜ਼ਾ ਕਰ ਲਿਆ, ਜਿਸ ਨਾਲ ਪੁਲਸ ਪਾਰਟੀ ਵੀ ਮੌਜੂਦ ਸੀ।
ਕੀ ਕਹਿਣੈ ਨਗੀਨਾ ਬੇਗਮ ਦਾ
ਉਨ੍ਹਾਂ ਕਿਹਾ ਕਿ ਪਹਿਲਾਂ ਉਕਤ ਦੁਕਾਨ 'ਤੇ ਉਸ ਦਾ ਹੀ ਕਬਜ਼ਾ ਸੀ ਪਰ ਕੁਝ ਦਿਨ ਪਹਿਲਾਂ ਕਿਸੇ ਹੋਰ ਵਿਅਕਤੀ ਨੇ ਉਸ ਦੀ ਦੁਕਾਨ 'ਤੇ ਜਬਰਨ ਕਬਜ਼ਾ ਕਰ ਲਿਆ। ਅੱਜ ਉਸ ਨੇ ਪ੍ਰਸ਼ਾਸਨ ਦੇ ਧਿਆਨ ਵਿਚ ਲਿਆ ਕੇ ਪੁਲਸ ਪਾਰਟੀ ਦੀ ਨਿਗਰਾਨੀ ਹੇਠ ਉਕਤ ਵਿਅਕਤੀ ਤੋਂ ਦੁਕਾਨ ਦਾ ਕਬਜ਼ਾ ਛੁਡਵਾ ਕੇ ਆਪਣਾ ਕਬਜ਼ਾ ਕਰ ਲਿਆ। ਜਿਥੋਂ ਤੱਕ 145 ਧਾਰਾ ਦਾ ਸਵਾਲ ਹੈ ਤਾਂ ਉਸ ਬਾਰੇ 2015 ਵਿਚ ਹਾਈਕੋਰਟ ਹੁਕਮ ਜਾਰੀ ਕਰ ਚੁੱਕਾ ਹੈ ਇਹ ਧਾਰਾ ਖਤਮ ਕਰ ਕੇ ਸ਼ਾਂਤੀ ਬਹਾਲ ਕੀਤੀ ਜਾਵੇ ਪਰ ਐੱਸ. ਡੀ. ਐੱਮ. ਬਠਿੰਡਾ ਵੱਲੋਂ ਅਜੇ ਤੱਕ ਐਸਾ ਨਹੀਂ ਕੀਤਾ ਗਿਆ। ਉਹ 26 ਸਤੰਬਰ ਨੂੰ ਇਸ ਸਬੰਧੀ ਐੱਸ. ਡੀ. ਐੱਮ. ਬਠਿੰਡਾ ਕੋਲ ਵੀ ਪੇਸ਼ ਹੋਣਗੇ।
ਕੀ ਕਹਿੰਦੇ ਹਨ ਪੁਲਸ ਅਧਿਕਾਰੀ
ਡੀ.ਐੱਸ.ਪੀ. ਸਿਟੀ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਧਾਰਾ 145 'ਚ ਪੁਲਸ ਦਾ ਦਖਲ ਗਲਤ ਹੈ। ਪੁਲਸ ਪਾਰਟੀ ਵੀ ਕਿਸੇ ਅਧਿਕਾਰੀ ਦੇ ਹੁਕਮ ਅਨੁਸਾਰ ਜਾਂ ਅਮਨ-ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਹੀ ਮੌਕੇ 'ਤੇ ਗਈ ਹੋਵੇਗੀ। ਕਬਜ਼ੇ ਨਾਲ ਉਸ ਦਾ ਕੋਈ ਸਬੰਧ ਨਹੀਂ ਹੋਵੇਗਾ। ਫਿਰ ਵੀ ਉਹ ਮਾਮਲੇ ਦੀ ਜਾਂਚ ਕਰਵਾ ਕੇ ਲੋੜੀਂਦੇ ਕਦਮ ਚੁੱਕਣਗੇ।
ਦੁਕਾਨ 'ਤੇ ਕਬਜ਼ਾ ਕਰਨਾ ਧਾਰਾ 145 ਦਾ ਉਲੰਘਣ ਹੈ-ਐੱਸ. ਡੀ. ਐੱਮ.
ਐੱਸ. ਡੀ. ਐੱਮ. ਸਾਕਸ਼ੀ ਸਾਹਨੀ ਦਾ ਕਹਿਣਾ ਹੈ ਕਿ ਪੀਰਖਾਨੇ 'ਤੇ ਧਾਰਾ 145 ਅਜੇ ਵੀ ਲਾਗੂ ਹੈ। ਇਸ ਲਈ ਕਿਸੇ ਵੀ ਦੁਕਾਨ 'ਤੇ ਇਸ ਤਰ੍ਹਾਂ ਕਬਜ਼ਾ ਕਰਨਾ ਜਾਂ ਇਮਾਰਤ ਨਾਲ ਕੋਈ ਹੋਰ ਛੇੜਛਾੜ ਕਰਨਾ ਜਾਂ ਫਿਰ ਪੀਰਖਾਨੇ ਦੇ ਕੰਮ 'ਚ ਦਖਲਅੰਦਾਜ਼ੀ ਕਰਨਾ ਉਕਤ ਧਾਰਾ ਦੀ ਉਲੰਘਣਾ ਹੈ। ਉਹ ਕੱਲ ਹੀ ਇਸ ਦੀ ਪੜਤਾਲ ਕਰਵਾਉਣਗੇ। ਜੇਕਰ ਕਿਸੇ ਨੇ ਵੀ ਧਾਰਾ 145 ਦੀ ਉਲੰਘਣਾ ਕੀਤੀ ਹੈ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜੇਕਰ ਸਖ਼ਤ ਕਾਰਵਾਈ ਨਾ ਹੋਈ ਤਾਂ ਉਹ ਸੰਘਰਸ਼ ਵਿੱਢਣਗੇ-ਸੁਖਪਾਲ ਸਰਾਂ
ਪੀਰਖਾਨਾ ਕਮੇਟੀ ਦੇ ਸਰਪ੍ਰਸਤ ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਮਹਿਲਾ ਆਗੂ ਵੱਲੋਂ ਕੀਤੀ ਗਈ ਉਕਤ ਕਾਰਵਾਈ ਸਿਆਸੀ ਜਾਂ ਪ੍ਰਸ਼ਾਸਨਿਕ ਸ਼ਹਿ ਦਾ ਸਿੱਟਾ ਹੈ, ਜੇਕਰ ਇਸ ਨੂੰ ਗੁੰਡਾਗਰਦੀ ਵੀ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ। ਨਗੀਨਾ ਬੇਗਮ ਦਾ ਪੀਰਖਾਨੇ ਨਾਲ ਕੋਈ ਵੀ ਸਬੰਧ ਨਹੀਂ, ਫਿਰ ਵੀ ਉਹ ਪੀਰਖਾਨੇ ਦੇ ਮਸਲੇ 'ਚ ਦਖਲ ਦੇ ਰਹੀ ਹੈ, ਜੋ ਬਰਦਾਸ਼ਤ ਨਹੀਂ। ਹੋਰ ਤਾਂ ਹੋਰ ਨਗੀਨਾ ਦਾ ਬਠਿੰਡਾ ਨਾਲ ਹੀ ਕੋਈ ਸਬੰਧ ਨਹੀਂ, ਉਸ ਨੂੰ ਤਾਂ ਸ਼ਹਿਰ 'ਚੋਂ ਤੜੀਪਾਰ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਉਕਤ ਵਿਰੁੱਧ ਕਾਰਵਾਈ ਨਾ ਕੀਤੀ ਤਾਂ ਨਾ ਸਿਰਫ ਉਹ ਦੁਕਾਨ ਦਾ ਤਾਲਾ ਤੋੜਣਗੇ, ਬਲਕਿ ਸੰਘਰਸ਼ ਵੀ ਵਿੱਢਣਗੇ।
ਕੈਪਟਨ ਨੇ ਹੈਨਰੀ ਨੂੰ ਗੁਰਦਾਸਪੁਰ ਉੱਪ ਚੋਣ 'ਚ 32 ਪਿੰਡਾਂ ਦਾ ਇੰਚਾਰਜ ਨਿਯੁਕਤ ਕੀਤਾ
NEXT STORY