ਹੁਸ਼ਿਆਰਪੁਰ, (ਅਮਰਿੰਦਰ)- ਅੱਜ ਬਾਅਦ ਦੁਪਹਿਰ ਜਲੰਧਰ ਰੋਡ ’ਤੇ ਗੋਕਲ ਨਗਰ ਵਿਖੇ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਅਦਾਲਤ ਦੇ ਨਿਰਦੇਸ਼ਾਂ ’ਤੇ ਇਕ ਦੁਕਾਨ ਖਾਲੀ ਕਰਵਾਉਣ ਪਹੁੰਚੇ ਅਦਾਲਤੀ ਕਰਮਚਾਰੀਆਂ ਨੂੰ ਕਿਰਾਏਦਾਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਤਣਾਅ ਵੱਧਦਾ ਦੇਖ ਕੇ ਕਿਸੇ ਨੇ ਇਸਦੀ ਸੂਚਨਾ ਪੁਲਸ ਨੂੰ ਦਿੱਤੀ। ਥਾਣਾ ਮਾਡਲ ਟਾਊਨ ਦੇ ਐੱਸ. ਐੱਚ. ਓ. ਗੌਰਵ ਧੀਰ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਗਏ ਅਤੇ ਦੋਵਾਂ ਧਿਰਾਂ ਨੂੰ ਸਮਝਾਉਣ ਦਾ ਯਤਨ ਕੀਤਾ। ਅਦਾਲਤ ਦੇ ਕਰਮਚਾਰੀਆਂ ਨੇ ਕਿਹਾ ਕਿ ਉਹ ਅਦਾਲਤ ਦੇ ਆਦੇਸ਼ਾਂ ਅਨੁਸਾਰ ਦੁਕਾਨ ਖਾਲੀ ਕਰਵਾਉਣ ਆਏ ਸਨ, ਜਿਸਦਾ ਦੁਕਾਨਦਾਰ ਸਹਿਯੋਗ ਦੀ ਬਜਾਏ ਵਿਰੋਧ ਕਰ ਰਹੇ ਹਨ। ਇਸ ਦੌਰਾਨ ਮੌਕੇ ’ਤੇ ਪਹੁੰਚੇ ਵਾਰਡ ਦੇ ਕੌਂਸਲਰ ਵਿਰਕਮਜੀਤ ਸਿੰਘ ਕਲਸੀ ਤੇ ਪੁਲਸ ਨੇ ਅਦਾਲਤ ਤੋਂ ਆਏ ਕਰਮਚਾਰੀਆਂ ਨੂੰ ਸਾਰੀ ਸਥਿਤੀ ਦੀ ਰਿਪੋਰਟ ਬਣਾ ਕੇ ਅਦਾਲਤ ’ਚ ਪੇਸ਼ ਕਰਨ ਦੀ ਗੱਲ ਕਹੀ, ਜਿਸਤੋਂ ਬਾਅਦ ਦੋਵੇਂ ਧਿਰਾਂ ’ਚ ਤਣਾਅ ਟਲਿਆ। ਕੀ ਕਹਿੰਦੇ ਹਨ ਦੁਕਾਨ ਮਾਲਕ ਦੇ ਰਿਸ਼ਤੇਦਾਰ : ਦੁਕਾਨ ਦੇ ਮਾਲਕ ਕੁਲਦੀਪ ਸਿੰਘ ਜੋ ਕਿ ਵਿਦੇਸ਼ ਵਿਚ ਹੈ, ਦੀ ਰਿਸ਼ਤੇਦਾਰ ਸੁਰਿੰਦਰ ਕੌਰ ਭੋਗਲ ਨੇ ਦੱਸਿਆ ਕਿ ਕੁਲਦੀਪ ਸਿੰਘ ਨੇ ਦੁਕਾਨ ਖਾਲੀ ਕਰਵਾਉਣ ਲਈ ਕੇਸ ਦੀ ਪੈਰਵੀਂ ਕਰਨ ਸਬੰਧੀ ਉਸਨੂੰ ਪਾਵਰ ਆਫ਼ ਅਟਾਰਨੀ ਦਿੱਤੀ ਹੋਈ ਹੈ। ਅਦਾਲਤ ’ਚ ਕੇਸ ਉਨ੍ਹਾਂ ਦੇ ਹੱਕ ’ਚ ਹੋ ਗਿਆ ਹੈ ਅਤੇ ਅਦਾਲਤ ਨੇ ਤਾਲੇ ਤੋਡ਼ ਕੇ ਕਬਜ਼ਾ ਦਿਵਾਉਣ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਸਨ।
ਪਰ ਦੁਕਾਨ ਦੇ ਕਿਰਾਏਦਾਰ ਤਰਸੇਮ ਲਾਲ ਨੇ ਆਪਣੇ ਹੋਰ ਸਾਥੀਆਂ ਸਮੇਤ ਦੁਕਾਨ ’ਤੇ ਕਬਜਾ ਕਰਨ ਆਏ ਅਦਾਲਤ ਦੇ ਕਰਮਚਾਰੀਆਂ ਨੂੰ ਸਹਿਯੋਗ ਦੇਣ ਦੀ ਬਜਾਏ ਲਡ਼ਾਈ-ਝਗਡ਼ੇ ਵਾਲਾ ਮਾਹੌਲ ਬਨਾਉਣ ਦੀ ਕੋਸ਼ਿਸ਼ ਕੀਤੀ।
ਦੂਜੇ ਪਾਸੇ ਕਿਰਾਏਦਾਰ ਤਰਸੇਮ ਲਾਲ ਦਾ ਕਹਿਣਾ ਹੈ ਕਿ ਉਹ ਮੰਨਦੇ ਹਨ ਕਿ ਉਹ ਅਦਾਲਤ ’ਚੋਂ ਕੇਸ ਹਾਰ ਗਏ ਹਨ, ਪਰ ਉਹ ਇਸ ਮਾਮਲੇ ਨੂੰ ਲੈ ਕੇ ਹਾਈਕੋਰਟ ’ਚ ਗਏ ਹਨ। ਜਦੋਂ ਦੁਕਾਨਦਾਰ ਨੂੰ ਪੁੱਛਿਆ ਗਿਆ ਕਿ ਤੁਹਾਡੇ ਕੋਲ ਸਟੇਅ ਆਰਡਰ ਹਨ ਤਾਂ ਉਸ ਕੋਲ ਕੋਈ ਜਵਾਬ ਨਹੀਂ ਸੀ।
ਨਸ਼ੇ ਵਾਲੇ ਪਦਾਰਥ ਬਰਾਮਦ; 2 ਕਾਬੂ
NEXT STORY