ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)— ਬੱੱਸ ਸਟੈਂਡ ਦੀ ਜਗ੍ਹਾ ਬਦਲਣ ਦੇ ਮੁੱਦੇ 'ਤੇ ਸੋਮਵਾਰ ਨੂੰ ਤਿੱਖਾ ਸੰਘਰਸ਼ ਵੇਖਣ ਨੂੰ ਮਿਲਿਆ। ਬੱਸ ਸਟੈਂਡ ਰੋਡ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਕੇ ਭਗਵਾਨ ਵਾਲਮੀਕਿ ਚੌਕ ਨੇੜੇ ਧਰਨਾ ਦੇ ਕੇ ਜਾਮ ਲਾ ਦਿੱਤਾ ਅਤੇ ਪੰਜਾਬ ਸਰਕਾਰ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਬੱਸ ਸਟੈਂਡ ਰੋਡ ਦੇ ਦੁਕਾਨਦਾਰਾਂ ਦੇ ਹੱਕ 'ਚ ਵਪਾਰ ਮੰਡਲ ਦੇ ਆਗੂ ਵੀ ਆ ਗਏ। ਇੰਨਾ ਹੀ ਨਹੀਂ ਇਸ ਮੁੱਦੇ 'ਤੇ ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਇਕ ਮੰਚ 'ਤੇ ਇਕੱਠੇ ਵੇਖਣ ਨੂੰ ਮਿਲੇ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਵਰਕਰ ਅਤੇ ਕਿੰਗਜ਼ ਗਰੁੱਪ ਦੇ ਚੇਅਰਮੈਨ ਹਰਦੇਵ ਸਿੰਘ ਲੀਲਾ ਨੇ ਕਿਹਾ ਕਿ ਜਿਸ ਜਗ੍ਹਾ 'ਤੇ ਇਹ ਬੱਸ ਸਟੈਂਡ ਬਣਿਆ ਹੋਇਆ ਹੈ, ਇਹ ਸਭ ਤੋਂ ਢੁੱਕਵੀਂ ਜਗ੍ਹਾ ਹੈ। ਇਹ ਬੱਸ ਅੱਡਾ ਸ਼ਹਿਰ ਦੇ ਨੇੜੇ ਹੈ ਅਤੇ ਖੁੱਲ੍ਹੀ ਜਗ੍ਹਾ 'ਤੇ ਬਣਿਆ ਹੋਇਆ ਹੈ, ਜਿਸ ਰਸਤੇ ਰਾਹੀਂ ਬੱਸਾਂ ਆਉਂਦੀਆਂ, ਉਥੇ ਆਬਾਦੀ ਵੀ ਬਹੁਤ ਜ਼ਿਆਦਾ ਘੱਟ ਹੈ। ਬੱਸਾਂ ਨੂੰ ਬੱਸ ਸਟੈਂਡ 'ਚ ਆਉਣ-ਜਾਣ 'ਚ ਕੋਈ ਦਿੱਕਤ ਨਹੀਂ ਹੁੰਦੀ। ਇਸ ਦੇ ਬਾਵਜੂਦ ਪਤਾ ਨਹੀਂ ਇਹ ਕਿਉਂ ਫੈਸਲਾ ਲਿਆ ਗਿਆ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਵੱਡੇ ਸੰਵੇਦਨਸ਼ੀਲ ਮੁੱਦਿਆਂ 'ਤੇ ਵੀ ਸਥਾਨਕ ਕਾਂਗਰਸੀ ਵਰਕਰਾਂ ਦੀ ਸਲਾਹ ਨਹੀਂ ਲਈ ਜਾਂਦੀ। ਲੋਕਲ ਵਰਕਰਾਂ ਨੂੰ ਹੀ ਲੋਕਲ ਸਮੱਸਿਆਵਾਂ ਦਾ ਪਤਾ ਹੁੰਦਾ ਹੈ।
ਲੋਕਾਂ ਤੋਂ ਬਦਲਾ ਲੈ ਰਹੀ ਐ ਕਾਂਗਰਸ : ਬੱਸ ਸਟੈਂਡ ਰੋਡ ਵਪਾਰ ਮੰਡਲ ਦੇ ਰਘੁਵੀਰ ਪ੍ਰਕਾਸ਼ ਗਰਗ ਨੇ ਕਿਹਾ ਕਿ ਅਸੀਂ ਜੇਲਾਂ ਭਰ ਦਿਆਂਗੇ ਪਰ ਕਿਸੇ ਵੀ ਕੀਮਤ 'ਤੇ ਬੱਸ ਸਟੈਂਡ ਦੀ ਜਗ੍ਹਾ ਨੂੰ ਬਦਲਣ ਨਹੀਂ ਦਿਆਂਗੇ। ਕਾਂਗਰਸ ਲੋਕਾਂ ਤੋਂ ਬਦਲਾ ਲੈ ਰਹੀ ਹੈ। ਅਫਸਰਾਂ ਨੂੰ ਵੀ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਇਲਾਕੇ ਦੇ ਲੋਕਾਂ ਦਾ ਕੰਮ ਨਾ ਕੀਤਾ ਜਾਵੇ ਕਿਉਂਕਿ ਕਾਂਗਰਸ ਜ਼ਿਲੇ ਦੀਆਂ ਤਿੰਨੇ ਸੀਟਾਂ ਹਾਰ ਗਈ ਹੈ।
ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਕੀਤੇ ਜਾ ਰਹੇ ਨੇ ਲੋਕ ਵਿਰੋਧੀ ਫੈਸਲੇ : ਬੱਸ ਸਟੈਂਡ ਰੋਡ ਵਪਾਰ ਮੰਡਲ ਦੇ ਪ੍ਰਧਾਨ ਕੁਲਦੀਪ ਸਿੰਘ ਜੱਸਲ ਨੇ ਕਿਹਾ ਕਿ ਬੱਸ ਸਟੈਂਡ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਬੱਸ ਸਟੈਂਡ ਕਮਾਊ ਪੁੱਤ ਹਨ। ਨਗਰ ਸੁਧਾਰ ਟਰੱਸਟ ਦਾ ਆਮਦਨ ਦਾ ਵੱਡਾ ਜ਼ਰੀਆ ਬੱਸ ਸਟੈਂਡ ਹੈ, ਜਿਸ ਨਾਲ ਨਗਰ ਸੁਧਾਰ ਟਰੱਸਟ ਦਾ ਖਰਚਾ ਚਲਦਾ ਹੈ। ਹੈਰਾਨੀ ਦੀ ਗੱਲ ਹੈ ਕਿ ਸਰਕਾਰ ਆਪਣੇ ਲਾਭ ਦੇ ਅਦਾਰਿਆਂ ਨੂੰ ਪ੍ਰਾਈਵੇਟ ਹੱਥਾਂ 'ਚ ਦੇ ਰਹੀ ਹੈ, ਜੋ ਕਿਸੇ ਕੀਮਤ 'ਤੇ ਨਹੀਂ ਹੋਣ ਦਿੱਤਾ ਜਾਵੇਗਾ। ਬਜਟ ਭਾਸ਼ਣ 'ਚ ਮਨਪ੍ਰੀਤ ਬਾਦਲ ਨੇ ਕਿਹਾ ਹੈ ਕਿ ਪ੍ਰਾਈਵੇਟ ਕੰਪਨੀਆਂ ਦੇ ਸਹਿਯੋਗ ਨਾਲ ਨਵੇਂ ਬੱਸ ਸਟੈਂਡਾਂ ਦਾ ਨਿਰਮਾਣ ਕੀਤਾ ਜਾਵੇਗਾ। ਇਹ ਤਾਂ ਅਜੇ ਸੰਘਰਸ਼ ਦੀ ਸ਼ੁਰੂਆਤ ਹੈ। ਅੱਗੇ ਇਸ ਤੋਂ ਵੀ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।
ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਨੈਬ ਸਿੰਘ ਕਾਲਾ, ਆਮ ਆਦਮੀ ਦੇ ਬਰਨਾਲਾ ਸ਼ਹਿਰੀ ਪ੍ਰਧਾਨ ਓਮ ਪ੍ਰਕਾਸ਼, ਕਾਂਗਰਸੀ ਵਰਕਰ ਸੁਸ਼ੀਲ ਭਾਰਤੀ, ਧਰਮਪਾਲ ਹਮੀਦੀ, ਕੁਲਦੀਪ, ਸੰਦੀਪ ਕੁਮਾਰ ਬੱਲੀ, ਤਰੁਣ ਸਿੰਗਲਾ, ਤਰਸੇਮ ਚੰਦ, ਲੀਲਾ ਰਾਮ, ਰਾਜੇਸ਼ ਕੁਮਾਰ, ਅਮਨ ਕਾਲਾ ਸੰਘੇੜੇ ਵਾਲੇ ਅਤੇ ਵੱਡੀ ਗਿਣਤੀ 'ਚ ਬੱਸ ਸਟੈਂਡ ਰੋਡ ਦੇ ਦੁਕਾਨਦਾਰ ਅਤੇ ਆਗੂ ਹਾਜ਼ਰ ਸਨ।
ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਕਾਬੂ
NEXT STORY