ਕਪੂਰਥਲਾ,(ਮਹਾਜਨ)- ਜ਼ਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਦੀਪਤੀ ਉੱਪਲ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮੰਗਲਵਾਰ ਦੀ ਸਵੇਰ ਤੋਂ ਜ਼ਿਲ੍ਹਾ ਕਪੂਰਥਲਾ ਦੀਆਂ ਦੁਕਾਨਾਂ 7 ਵਜੇਂ ਤੋਂ 11 ਵਜੇ ਦੀ ਬਜਾਏ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਖੋਲਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਦੁਕਾਨਾਂ ਖੁੱਲਣ ਦੇ ਸਮੇਂ 'ਚ ਤਬਦੀਲੀ ਕੀਤੀ ਗਈ ਹੈ। ਦੁਕਾਨਾਂ ਪਹਿਲਾਂ ਜਾਰੀ ਕੀਤੇ ਹੁਕਮਾਂ ਅਨੁਸਾਰ ਕੈਟਾਗਰੀਆਂ ਅਨੁਸਾਰ ਖੁੱਲਣੀਆਂ ਤੇ ਬਾਕੀ ਸ਼ਰਤਾਂ ਵੀ ਪਹਿਲਾਂ ਵਾਲੀਆਂ ਹੀ ਲਾਗੂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਇਸ ਦੌਰਾਨ ਕੋਈ ਵੀ ਸ਼ਾਪਿੰਗ ਮਾਲ, ਸੈਲੂਨ, ਬਿਊਟੀ ਪਾਰਲਰ ਖੋਲਣ ਦੀ ਮਨਾਹੀ ਹੋਵੇਗੀ। ਜ਼ਿਲ੍ਹਾ ਮੈਜਿਸਟ੍ਰੇਟ ਨੇ ਹੋਰ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਭਰ 'ਚ ਬੈਂਕ ਵੀ ਸਵੇਰੇ 9 ਵਜੇ ਤੋਂ 1 ਵਜੇ ਤੱਕ ਖੁੱਲਣਗੇ। ਜਿਸ 'ਚ ਪੂਰੀ ਤਰ੍ਹਾਂ ਪਬਲਿਕ ਡੀਲਿੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜੇਕਰ ਕਰਫਿਊ ਦੌਰਾਨ ਦਿੱਤੀਆਂ ਗਈਆ ਰਿਆਇਤਾਂ ਤੇ ਸਭ ਠੀਕ ਰਹਿੰਦਾ ਹੈ ਤਾਂ ਇਸਨੂੰ ਹੋਰ ਵਧਾਇਆ ਜਾ ਸਕਦਾ ਹੈ ਤੇ ਜੇਕਰ ਰੁਕਾਵਟਾਂ ਆਉਂਦੀਆ ਹਨ ਜਾਂ ਲੋਕ ਨਿਯਮਾਂ ਦਾ ਪੂਰੀ ਤਰ੍ਹਾਂ ਪਾਲਣ ਨਹੀ ਕਰਦੇ ਤਾਂ ਇਸ 'ਚ ਸਖਤੀ ਕੀਤੀ ਜਾ ਸਕਦੀ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਕਿਹਾ ਕਿ ਉਹ ਕਰਫਿਊ ਨਿਯਮਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ ਨਹੀਂ ਤਾਂ ਛੋਟ ਦੇ ਹੁਕਮ ਵਾਪਸ ਵੀ ਲਏ ਜਾ ਸਕਦੇ ਹਨ।
ਕਪੂਰਥਲਾ : ਬਾਜ਼ਾਰ 'ਚ 500 ਦੇ ਨੋਟ ਮਿਲਣ ਨਾਲ ਇਲਾਕੇ 'ਚ ਦਹਿਸ਼ਤ
NEXT STORY