ਲੁਧਿਆਣਾ, (ਪੰਕਜ)- ਨਿਰਮਲ ਪੈਲੇਸ ਰੋਡ ਨੇੜੇ ਸਥਿਤ ਇਲੈਕਟ੍ਰਾਨਿਕ ਸ਼ੋਅਰੂਮ ਦਾ ਸ਼ਟਰ ਪੁੱਟ ਕੇ ਚੋਰ ਅੰਦਰ ਪਿਆ ਲੱਖਾਂ ਦਾ ਸਾਮਾਨ ਚੋਰੀ ਕਰ ਕੇ ਲੈ ਗਏ। ਘਟਨਾ ਵਾਲੀ ਜਗ੍ਹਾ 'ਤੇ ਪੁੱਜੀ ਪੁਲਸ ਸ਼ੋਅਰੂਮ 'ਚ ਸੀ.ਸੀ.ਟੀ.ਵੀ. ਨਾ ਲੱਗੇ ਹੋਣ ਕਾਰਨ ਅਜੇ ਤੱਕ ਦੋਸ਼ੀਆਂ ਸਬੰਧੀ ਜਾਣਕਾਰੀ ਜੁਟਾਉਣ ਲਈ ਯਤਨਸ਼ੀਲ ਹੈ।
ਥਾਣਾ ਡਾਬਾ ਦੇ ਅਧੀਨ ਪੈਂਦੇ ਨਿਰਮਲ ਪੈਲੇਸ ਕੋਲ ਸਥਿਤ ਐੱਚ. ਜੀ. ਇੰਟਰਪ੍ਰਾਈਜਿਜ਼ ਨਾਮੀ ਇਲੈਕਟ੍ਰੋਨਿਕ ਸ਼ੋਅਰੂਮ ਦੇ ਮਾਲਕ ਤਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਸ਼ੋਅਰੂਮ ਬੰਦ ਕਰ ਕੇ ਦੂਜੀ ਮੰਜ਼ਿਲ 'ਤੇ ਸਥਿਤ ਰਿਹਾਇਸ਼ 'ਤੇ ਚਲੇ ਗਏ। ਪਰਿਵਾਰ 'ਚ ਛੋਟਾ ਜਿਹਾ ਫੰਕਸ਼ਨ ਹੋਣ ਕਾਰਨ ਉਹ ਕਾਫੀ ਰੁੱਝੇ ਰਹੇ ਅਤੇ ਘਰ ਆਏ ਕਰੀਬੀ ਰਿਸ਼ਤੇਦਾਰਾਂ ਨੂੰ 11.30 ਵਜੇ ਡ੍ਰਾਪ ਕਰਨ ਉਪਰੰਤ ਘਰ ਆ ਕੇ ਸੌਂ ਗਏ।
ਸਵੇਰੇ 3.30 ਵਜੇ ਦੇ ਕਰੀਬ ਸਾਹਮਣੇ ਦੀ ਦੁਕਾਨ 'ਤੇ ਦੁੱਧ ਦੇਣ ਵਾਲੀ ਗੱਡੀ ਆਈ ਅਤੇ ਦੁਕਾਨਦਾਰ ਨੇ ਸ਼ੋਅਰੂਮ ਦਾ ਸ਼ਟਰ ਉੱਖੜਿਆ ਦੇਖ ਕੇ ਇਸ ਦੀ ਜਾਣਕਾਰੀ ਤੁਰੰਤ ਉਨ੍ਹਾਂ ਨੂੰ ਦਿੱਤੀ। ਥੱਲੇ ਆ ਕੇ ਉਨ੍ਹਾਂ ਦੇਖਿਆ ਕਿ ਚੋਰ ਸ਼ੋਅਰੂਮ 'ਚੋਂ 15 ਐੱਲ. ਈ. ਡੀ., 2 ਬੈਟਰੀਆਂ, 5 ਓਪੋ ਦੇ ਫੋਨ, ਇਕ ਆਰ. ਓ. ਸਿਸਟਮ, 20 ਹਜ਼ਾਰ ਦੀ ਨਕਦੀ ਤੇ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ ਸਨ। ਘਟਨਾ ਦਾ ਪਤਾ ਲੱਗਣ 'ਤੇ ਪੁੱਜੇ ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸ਼ੋਅਰੂਮ ਵਿਚ ਸੀ. ਸੀ. ਟੀ. ਵੀ. ਨਾ ਹੋਣ ਕਾਰਨ ਪੁਲਸ ਆਲੇ-ਦੁਆਲੇ ਤੋਂ ਚੋਰਾਂ ਸਬੰਧੀ ਜਾਣਕਾਰੀ ਜੁਟਾ ਰਹੀ ਹੈ।
2 ਦੁਕਾਨਾਂ ਤੇ ਇਕ ਘਰ 'ਚ ਲੱਖਾਂ ਦੀ ਚੋਰੀ
NEXT STORY