ਅੰਮ੍ਰਿਤਸਰ(ਮਹਿੰਦਰ)—'ਸਵੱਛ ਭਾਰਤ ਸਮਰੱਥ ਭਾਰਤ' ਦੇ ਨਿਸ਼ਾਨੇ ਅਧੀਨ ਦੇਸ਼ ਦੇ ਪਹਿਲੇ 100 ਸਮਾਰਟ ਸ਼ਹਿਰਾਂ ਵਿਚ ਸ਼ਾਮਲ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਸਰਵਪੱਖੀ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਲਈ ਰਾਜ ਸਭਾ ਦੇ ਮੈਂਬਰ ਅਤੇ ਸੂਬਾਈ ਭਾਜਪਾ ਪ੍ਰਧਾਨ ਇੰਜੀਨੀਅਰ ਸ਼ਵੇਤ ਮਲਿਕ ਨੇ ਬੀਤੇ ਦਿਨੀਂ ਸਮਾਰਟ ਸਿਟੀ ਅੰਮ੍ਰਿਤਸਰ ਦੀ ਮੁੱਖ ਪ੍ਰਸ਼ਾਸਕ ਸੀ. ਈ. ਓ. ਦੀਪਤੀ ਉੱਪਲ ਅਤੇ ਟੀਮ ਲੀਡਰ ਕਰਨਲ ਮਨੂ ਚੌਧਰੀ ਨਾਲ ਅਹਿਮ ਬੈਠਕ ਕੀਤੀ। ਇਸ ਮੌਕੇ 'ਤੇ ਮਲਿਕ ਨੇ ਕਿਹਾ ਕਿ ਦੇਸ਼ ਵਿਚ ਐਲਾਨੇ ਗਏ 100 ਸਮਾਰਟ ਸ਼ਹਿਰਾਂ ਦੀ ਪਹਿਲੀ ਸੂਚੀ ਵਿਚ ਅੰਮ੍ਰਿਤਸਰ ਦਾ ਨਾਂ ਸ਼ਾਮਲ ਕੀਤਾ ਗਿਆ ਸੀ। ਇਸ ਅਧੀਨ 7 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਰਕਮ ਜਾਰੀ ਕਰਦੇ ਹੋਏ ਇਸ ਲਈ ਪੂਰੇ ਪੈਮਾਨੇ ਤਿਆਰ ਕੀਤੇ ਗਏ ਸਨ। ਇਸ ਅਧੀਨ ਸਭ ਗੁਣ ਹੋਣ 'ਤੇ ਹੀ ਕਿਸੇ ਸ਼ਹਿਰ ਨੂੰ ਸਮਾਰਟ ਸਿਟੀ ਕਹਿਣ ਦੀ ਗੱਲ ਕਹੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਖੁਸ਼ੀ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਯਤਨਾਂ ਦੇ ਨਾਲ-ਨਾਲ ਉਨ੍ਹਾਂ ਵਲੋ ਦਿੱਤੇ ਗਏ ਸੁਝਾਵਾਂ ਕਾਰਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ, ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਦੇ ਉਸਾਰੂ ਸਹਿਯੋਗ ਨਾਲ ਸਮਾਰਟ ਸਿਟੀ ਦਾ ਪ੍ਰਾਜੈਕਟ ਹੁਣ ਨੇਪਰੇ ਚੜ੍ਹਨ ਵਾਲਾ ਹੈ। ਉਨ੍ਹਾਂ ਕਿਹਾ ਕਿ ਸਮਾਰਟ ਸਿਟੀ ਪ੍ਰਾਜੈਕਟ ਦਾ ਮੁੱਖ ਮੰਤਵ 'ਈਜ਼ ਆਫ ਲਿਵਿੰਗ' ਅਤੇ 'ਈਜ਼ ਆਫ ਬਿਜ਼ਨੈੱਸ' ਵੀ ਇਕ ਹੈ। ਭਾਵ ਇਸ ਪ੍ਰਾਜੈਕਟ ਅਧੀਨ ਲੋਕਾਂ ਦੇ ਜੀਵਨ ਦਾ ਪੱਧਰ ਉੱਚਾ ਅਤੇ ਵਧੀਆ ਸਥਾਪਿਤ ਕਰਨ ਦੇ ਨਾਲ-ਨਾਲ ਵਪਾਰ ਨੂੰ ਵੀ ਵਧੀਆ ਢੰਗ ਨਾਲ ਪ੍ਰਫੁਲਿਤ ਕਰਨਾ ਹੈ। ਸਮਾਰਟ ਸਿਟੀ ਪ੍ਰਾਜੈਕਟ ਅਧੀਨ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਦੌਰਾਨ ਦੀਪਤੀ ਉੱਪਲ ਅਤੇ ਉਨ੍ਹਾਂ ਦੀ ਟੀਮ ਨੇ ਚੱਲ ਰਹੇ ਵਿਕਾਸ ਕਾਰਜਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਾਜੈਕਟ ਨਾਲ ਜੁੜੇ ਹਰ ਤਰ੍ਹਾਂ ਦੇ ਵਿਕਾਸ ਕਾਰਜਾਂ ਦੇ ਟੈਂਡਰ ਲਾਉਣ ਲਈ 90 ਫੀਸਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ। ਮਲਿਕ ਨੇ ਕਿਹਾ ਕਿ ਮੋਦੀ ਦਾ ਇਹ ਡ੍ਰੀਮ ਪ੍ਰਾਜੈਕਟ ਹੈ ਕਿ ਦੇਸ਼ ਵਿਚ ਅਜਿਹੇ ਸਮਾਰਟ ਸਿਟੀ ਬਣਨ, ਜਿਥੇ ਲੋਕਾਂ ਨੂੰ ਆਧੁਨਿਕ ਯੁੱਗ ਨਾਲ ਜੁੜੀਆਂ ਸਭ ਤਰ੍ਹਾਂ ਦੀਆਂ ਸਹੂਲਤਾਂ ਮਿਲਣਯੋਗ ਹੋਣ। ਪੱਤਰਕਾਰਾਂ ਵਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਉੱਪਲ ਨੇ ਕਿਹਾ ਕਿ ਕੇਂਦਰ ਤੇ ਸੂਬਾਈ ਸਰਕਾਰ ਵਲੋਂ ਹੁਣ ਤੱਕ 25-25 ਕਰੋੜ ਰੁਪਏ ਦੀ ਰਕਮ ਜਾਰੀ ਹੋ ਚੁੱਕੀ ਹੈ। ਮਲਿਕ ਨੇ ਪ੍ਰਾਜੈਕਟ ਦੀ ਸਮੁੱਚੀ ਟੀਮ ਨੂੰ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਵਲੋਂ ਮਿਲਣ ਵਾਲੀ ਰਕਮ ਦੇ ਭੁਗਤਾਨ ਨੂੰ ਲੈ ਕੇ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਏਗੀ।
ਨੂੰਹ ਨੂੰ ਕੁੱਟ-ਮਾਰ ਕੇ ਘਰੋਂ ਕੱਢਿਅਾ
NEXT STORY