ਅੰਮ੍ਰਿਤਸਰ, (ਇੰਦਰਜੀਤ)-ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਦੇ ਮੰਤਰੀ ਮੰਡਲ ਤੋਂ ਅਸਤੀਫਾ ਦਿੱਤੇ ਜਾਣ ’ਤੇ ਪੰਜਾਬ ਦੀ ਰਾਜਨੀਤੀ ’ਚ ਤੂਫਾਨ ਆ ਗਿਆ ਹੈ। ਹਾਲਾਂਕਿ ਇਕ ਦਿਨ ਪਹਿਲਾਂ ਵੀ ਲੋਕਾਂ ਨੂੰ ਉਮੀਦ ਸੀ ਕਿ ਸਿੱਧੂ ਆਪਣਾ ਨਵਾਂ ਚਾਰਜ ਸੰਭਾਲ ਲੈਣਗੇ ਪਰ ਅਚਾਨਕ ਹੀ ਉਨ੍ਹਾਂ ਇਕ ਮਹੀਨੇ ਬਾਅਦ ਆਖ਼ਿਰਕਾਰ ਆਪਣਾ ਪੱਤਾ ਖੋਲ੍ਹ ਹੀ ਦਿੱਤਾ। ਉਥੇ ਹੀ ਦੂਜੇ ਪਾਸੇ ਜੇਕਰ ਕੈਪਟਨ ਅਮਰਿੰਦਰ ਸਿੰਘ ਨਾਲ ਵਿਵਾਦ ਤੋਂ ਬਾਅਦ ਦਿੱਲੀ ਦਰਬਾਰ ਤੋਂ ਵੀ ਕੋਈ ਰਾਹਤ ਨਾ ਮਿਲਣ ਤੋਂ ਨਿਰਾਸ਼ ਸਿੱਧੂ ਕਾਂਗਰਸ ਪਾਰਟੀ ਨੂੰ ਵੀ ਛੱਡ ਦਿੰਦੇ ਹਨ ਤਾਂ ਪੰਜਾਬ ਦੀ ਰਾਜਨੀਤੀ ’ਚ ਇਕ ਨਵੇਂ ਗਠਜੋਡ਼ ਦੇ ਰਸਤੇ ਖੁੱਲ੍ਹ ਜਾਣ ਦੇ ਲੱਛਣ ਵੀ ਬੁਲੰਦ ਹੁੰਦੇ ਦਿਖਾਈ ਦੇ ਰਹੇ ਹਨ। ਵੱਡੀ ਗੱਲ ਇਹ ਹੈ ਕਿ ਕਾਂਗਰਸ ਹਾਈਕਮਾਨ ’ਚ ਰਾਹੁਲ ਗਾਂਧੀ ਦੀ ਵੀ ਹੋਂਦ ਉਨ੍ਹਾਂ ਦੇ ਅਸਤੀਫੇ ਕਾਰਣ ਕਮਜ਼ੋਰ ਦਿਖਾਈ ਦੇ ਰਹੀ ਹੈ, ਇਸ ਦੇ ਨਾਲ ਹੀ ਸਿੱਧੂ ਨੂੰ ਵੀ ਦਿੱਲੀ ਦਰਬਾਰ ਤੋਂ ਕੋਈ ਰਾਹਤ ਨਹੀਂ ਮਿਲ ਸਕੀ ਅਤੇ ਨਾ ਹੀ ਨਿਯੁਕਤ ਕੀਤੇ ਗਏ ਅਹਿਮਦ ਮੁਖੀਆ ਆਪਣਾ ਕੋਈ ਪ੍ਰਭਾਵ ਦਿਖਾ ਸਕੇ।
ਸਿੱਧੂ ਅਸਤੀਫਾ ਦੇਣ ਉਪਰੰਤ ਗੁੰਮਨਾਮ ਹੋ ਕੇ ਬੈਠਣ ਵਾਲੇ ਨਹੀਂ ਹਨ ਕਿਉਂਕਿ ਉਹ ਅਕਾਲੀ-ਭਾਜਪਾ ਤੇ ਕਾਂਗਰਸ ਦੋਵਾਂ ਦੇ ਹੀ ਨਿਸ਼ਾਨੇ ’ਤੇ ਰਹੇ ਹਨ, ਜਦੋਂ ਕਿ ਇਨ੍ਹਾਂ ਦੋਵਾਂ ਪਾਰਟੀਆਂ ਤੋਂ ਦੂਰ ਆਮ ਆਦਮੀ ਪਾਰਟੀ ਵੀ ਸਿੱਧੂ ਵੱਲ ਸਾਫਟ ਕਾਰਨਰ ਰੱਖਦੀ ਆਈ ਹੈ, ਦੂਜੇ ਪਾਸੇ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਤਿੰਨਾਂ ਰਾਸ਼ਟਰੀ ਦਲਾਂ ਦੇ ਅਸੰਤੁਸ਼ਟ ਨੇਤਾ ਪਹਿਲਾਂ ਹੀ ਸਿੱਧੂ ਨਾਲ ਸਬੰਧ ਬਣਾਏ ਹੋਏ ਹਨ।
ਰਾਜਨੀਤਕ ਮਾਹਿਰਾਂ ਦਾ ਕਹਿਣਾ ਹੈ ਕਿ ਸਿੱਧੂ ਵੱਲੋਂ ਦਿੱਤੇ ਗਏ ਅਸਤੀਫੇ ਨੂੰ ਇਕ ਸਾਹਸੀ ਕਦਮ ਕਰਾਰ ਦਿੰਦਿਆਂ ਸੰਸਦ ਮੈਂਬਰ ਭਗਵੰਤ ਮਾਨ ਇਸ ਦਾ ਸਵਾਗਤ ਕਰਨਗੇ, ਜਿਸ ਕਾਰਣ ‘ਆਪ’ ਵੀ ਸਿੱਧੂ ਨੂੰ ਆਪਣਾ ਸਮਰਥਨ ਦੇਵੇਗੀ, ਉਥੇ ਹੀ ਪੰਜਾਬ ਦੀ ਰਾਜਨੀਤੀ ’ਚ ਜਨ ਆਧਾਰ ਵਾਲੇ ਨੇਤਾ ਬੈਂਸ ਭਰਾ, ਧਰਮਵੀਰ ਗਾਂਧੀ, ਸੁਖਪਾਲ ਸਿੰਘ, ਜਗਮੀਤ ਸਿੰਘ ਬਰਾਡ਼, ਸੁੱਚਾ ਸਿੰਘ ਛੋਟੇਪੁਰ ਅਤੇ ਅਕਾਲੀ ਦਲ ਤੋਂ ਵੱਖ ਹੋਏ ਟਕਸਾਲੀ ਅਕਾਲੀ ਦਲ ਦੇ ਨੇਤਾ ਵੀ ਸਿੱਧੂ ਵੱਲ ਆਕਰਸ਼ਿਤ ਹੋਣਗੇ, ਜਦੋਂ ਕਿ ਉੱਤਰ ਪ੍ਰਦੇਸ਼ ’ਚ ਭਾਜਪਾ ਵਿਰੁੱਧ ਕਾਂਗਰਸ ਗਠਜੋਡ਼ ਨੂੰ ਛੱਡ ਚੁੱਕੀ ਮਾਇਆਵਤੀ ਦਾ ਬਸਪਾ ਵਰਗ ਵੀ ਸਿੱਧੂ ਵੱਲ ਖਿੱਚਿਆ ਜਾ ਸਕਦਾ ਹੈ।
ਸਿੱਧੂ ਦਾ ਸੁਰੱਖਿਅਤ ਜਨ ਆਧਾਰ
ਸਿੱਧੂ ਬਾਰੇ ਜੇਕਰ ਪੰਜਾਬ ਦੀ ਜਨਤਾ ਦੀ ਗੱਲ ਕਰੀਏ ਤਾਂ ਬੇਸ਼ੱਕ ਸਿੱਧੂ ਇਸ ਸਮੇਂ ਵੱਡੇ ਰਾਜਨੀਤਕ ਸੰਕਟ ’ਚ ਹੈ, ਉਥੇ ਪੰਜਾਬ ਦੇ 2 ਪ੍ਰਮੁੱਖ ਵੱਡੇ ਦਲਾਂ ਜਿਨ੍ਹਾਂ ’ਚ ਅਕਾਲੀ-ਭਾਜਪਾ ਤੇ ਸੱਤਾਧਾਰੀ ਕਾਂਗਰਸ ਸ਼ਾਮਿਲ ਹੈ, ਸਿੱਧੂ ਦੇ ਵਿਰੋਧੀ ਹਨ ਪਰ ਸਿੱਧੂ ਕੋਲ ਪੰਜਾਬ ਦਾ ਜਨ ਆਧਾਰ ਅੱਜ ਵੀ ਸੁਰੱਖਿਅਤ ਹੈ ਕਿਉਂਕਿ ਉਹ ਇਕ ਚੰਗਾ ਬੁਲਾਰਾ ਹੋਣ ਦੇ ਨਾਲ-ਨਾਲ ਵਿਸ਼ਵ ਪੱਧਰ ’ਤੇ ਕ੍ਰਿਕਟਰ ਅਤੇ ਕਲਾਕਾਰ ਵੀ ਹੈ, ਜਿਸ ਕਾਰਣ ਉਨ੍ਹਾਂ ਦੀ ਟੀ. ਆਰ. ਪੀ. ਬਰਾਬਰ ਵੱਧਦੀ ਰਹੀ ਹੈ। ਸਿੱਧੂ ਵੱਲੋਂ ਵਾਰ-ਵਾਰ ਸੰਸਦੀ ਚੋਣਾਂ ’ਚ ਹਾਰੇ ਹੋਏ ਕਾਂਗਰਸ ਦੇ ਉਮੀਦਵਾਰ ਰਘੁਨੰਦਨ ਲਾਲ ਭਾਟੀਆ ਵੀ ਸਿੱਧੂ ਨੂੰ ਮੁੱਖ ਮੰਤਰੀ ਬਣਨ ਦਾ ਅਾਸ਼ੀਰਵਾਦ ਦੇ ਚੁੱਕੇ ਹਨ। ਕਾਂਗਰਸੀ ਨੇਤਾ ਕੁਝ ਵੀ ਕਹਿਣ ਪਰ ਸਿੱਧੂ ਦਾ ਅਪਮਾਨ ਕਾਂਗਰਸ ਦੇ ਜਨ ਆਧਾਰ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ।
ਕਾਂਗਰਸ-ਅਕਾਲੀ ਅੰਦਰੂਨੀ ਵਿਰੋਧੀ ਗੁੱਟ
ਸਿੱਧੂ ਦੇ ਅਸਤੀਫਾ ਦੇਣ ਉਪਰੰਤ ਕਾਂਗਰਸ ਦੇ ਅੰਦਰੂਨੀ ਤੌਰ ’ਤੇ ਵਰਤਮਾਨ ਸਮੇਂ ’ਚ ਚੁੱਪ ਹੋ ਚੁੱਕੇ ਪੁਰਾਣੇ ਵਿਧਾਇਕ ਵੀ ਜੋਸ਼ੀਲੇ ਹੋ ਸਕਦੇ ਹਨ, ਜੋ ਚੋਣ ਜਿੱਤਣ ਉਪਰੰਤ ਅਕਾਲੀ ਨੇਤਾ ਬਿਕਰਮ ਮਜੀਠੀਆ ’ਤੇੇ ਕਾਰਵਾਈ ਦੀ ਮੰਗ ਕਰਦੇ ਸਨ। ਵਿਧਾਨ ਸਭਾ ਚੋਣਾਂ ’ਚ 3 ਦਰਜਨ ਤੋਂ ਵੱਧ ਕਾਂਗਰਸੀ ਵਿਧਾਇਕ ਵੀ ਸਨ, ਜੋ ਅਕਾਲੀਆਂ ਵਿਰੁੱਧ ਸਖ਼ਤ ਸਟੈਂਡ ਲੈਣ ਲਈ ਅੱਗੇ ਆ ਗਏ ਸਨ, ਜਿਨ੍ਹਾਂ ’ਚ ਨਵਜੋਤ ਸਿੰਘ ਸਿੱਧੂ ਦੀ ਆਵਾਜ਼ ਸਭ ਤੋਂ ਜ਼ਿਆਦਾ ਬੁਲੰਦ ਸੀ। ਕੈਪਟਨ ਦੀ ਘੁਰਕੀ ਤੋਂ ਬਾਅਦ ਚੁੱਪ ਹੋ ਚੁੱਕੇ ਵਿਧਾਇਕ ਅੱਜ ਵੀ ਅੰਦਰਖਾਤੇ ਘੁਟਨ ਮਹਿਸੂਸ ਕਰ ਰਹੇ ਹਨ, ਜਦੋਂ ਕਿ ਅਕਾਲੀ ਦਲ ਤੋਂ ਨਾਰਾਜ਼ ਹੋਏ ਟਕਸਾਲੀ ਅਕਾਲੀਆਂ ਤੋਂ ਇਲਾਵਾ ਅਕਾਲੀ-ਭਾਜਪਾ ਦੇ ਅੰਦਰ ਵੀ ਕਾਂਗਰਸ ਤੇ ਅਕਾਲੀ ਦਲ ’ਚ ਚੱਲ ਰਹੇ ਅਣਐਲਾਨੇ ‘ਸੀਜ਼ ਫਾਇਰ’ ਨੂੰ ਸ਼ੱਕ ਦੀ ਨਜ਼ਰ ’ਚ ਦੇਖਿਆ ਜਾ ਰਿਹਾ ਹੈ।
ਡੇਰਾ ਬਾਬਾ ਨਾਨਕ ਵਿਖੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਮਹਾ ਪੰਚਾਇਤ
NEXT STORY