ਬਠਿੰਡਾ : ਬਠਿੰਡਾ ਦੇ ਪਿੰਡ ਮਹਿਤਾ ਦੇ ਬਿਜਲੀ ਬੋਰਡ 'ਚ ਕੰਮ ਕਰਨ ਵਾਲੇ ਜਗਜੀਤ ਸਿੰਘ ਦੀ ਧੀ ਦਾ ਵਿਆਹ ਗੁਰਸਿੱਖ ਪਰਿਵਾਰ ਦੇ ਪਰਮਿੰਦਰ ਸਿੰਘ ਨਾਲ ਹੋਇਆ ਵਿਆਹ ਸਾਹਿਤਕ ਹੋ ਨਿੱਬੜਿਆ। ਨਵੀਂ ਵਿਆਹੀ ਜੋੜੀ ਨੇ ਆਪਣੇ ਜੀਵਨ ਦੇ ਨਵੇਂ ਸਫ਼ਰ ਦੀ ਸ਼ੁਰੂਆਤ ਕਿਤਾਬਾਂ ਖ਼ਰੀਦ ਕੇ ਕੀਤੀ। ਇਹ ਸਾਦਾ ਤੇ ਵਿਲੱਖਣ ਵਿਆਹ ਬਠਿੰਡਾ ਖੇਤਰ ਵਿਚ ਚਰਚਾ ਦਾ ਵਿਸ਼ਾ ਬਣਿਆ ਰਿਹਾ। ਨਵੀਂ ਵਿਆਹੀ ਜੋੜੀ ਪਰਮਿੰਦਰ ਕੌਰ ਅਤੇ ਪਰਮਿੰਦਰ ਸਿੰਘ ਨੇ ਮਹਿੰਗੇ ਵਿਆਹ ਤੋਂ ਤੌਬਾ ਕਰਕੇ ਨਵੀਂ ਪੀੜ੍ਹੀ ਲਈ ਸਾਦੇ ਵਿਆਹਾਂ ਦੀ ਪਿਰਤ ਪਾਉਣ ਦੀ ਕੋਸ਼ਿਸ਼ ਕੀਤੀ ਹੈ।
ਲਾੜਾ ਪਰਮਿੰਦਰ ਸਿੰਘ ਪੀਡਬਲਿਊਡੀ ਵਿਭਾਗ ਵਿਚ ਨੌਕਰੀ ਕਰਦਾ ਹੈ, ਜੋ ਬਰਨਾਲਾ ਜ਼ਿਲੇ ਤੋਂ ਸਾਹਿਤਕ ਬਰਾਤ ਲੈ ਕੇ ਸੋਮਵਾਰ ਨੂੰ ਬਠਿੰਡਾ ਦੇ ਗਹਿਰੀ ਬੁੱਟਰ ਪੈਲੇਸ ਵਿਚ ਪੁੱਜਿਆ। ਇਸ ਦੌਰਾਨ ਨਾਟਕਕਾਰ ਕਿਰਤੀ ਕ੍ਰਿਪਾਲ ਦੀ ਟੀਮ ਨੇ ਬਰਾਤ ਸਾਹਮਣੇ ਗੁਰਸ਼ਰਨ ਭਾਅ ਜੀ ਦਾ ਨਾਟਕ 'ਟੋਆ' ਖੇਡਿਆ। ਇਸ ਦੌਰਾਨ ਨਸ਼ਿਆਂ ਤੇ ਹੋਰਨਾਂ ਸਮਾਜਿਕ ਅਲਾਮਤਾਂ 'ਤੇ ਚੋਟ ਕਰਦਾ ਨਾਟਕ ਸੌਦਾਗਰ ਵੀ ਖੇਡਿਆ ਗਿਆ, ਜਿਸ ਨੂੰ ਬਰਾਤੀਆਂ ਨੇ ਟਿਕਟਿਕੀ ਲਗਾ ਕੇ ਦੇਖਿਆ। ਵਿਆਹ ਵਿਚ ਵੱਖਰੀ ਕਿਸਮ ਦਾ ਮਾਹੌਲ ਸੀ।
ਇਸ ਸਾਦੇ ਅਤੇ ਨਿਵੇਕਲੇ ਵਿਆਹ ਵਿਚ ਜਿੱਥੇ ਸਾਦਾ ਖਾਣਾ ਪਰੋਸਿਆ ਗਿਆ, ਉੱਥੇ ਹੀ ਦਾਰੂ ਦਾ ਦੌਰ ਵੀ ਨਹੀਂ ਚੱਲਿਆ। ਵਿਆਹ ਵਿਚ ਡੀ.ਜੇ. ਆਰਕੈਸਟਰਾ ਦੇ ਸਪੀਕਰਾਂ ਦਾ ਰੌਲਾ ਰੱਪਾ ਵੀ ਨਹੀਂ ਸੀ। ਲਾੜੇ ਪਰਮਿੰਦਰ ਸਿੰਘ ਦਾ ਕਹਿਣਾ ਸੀ ਕਿ ਉਸ ਨੇ ਰਿਸ਼ਤੇਦਾਰਾਂ ਅਤੇ ਆਪਣੇ ਦੋਸਤਾਂ ਨੂੰ ਵੀ ਅਜਿਹਾ ਵਿਆਹ ਕਰਨ ਲਈ ਪ੍ਰੇਰਿਆ ਸੀ ਪਰ ਅੱਗੋਂ ਇਹ ਹੀ ਜਵਾਬ ਮਿਲਦਾ ਸੀ ਕਿ ਉਹ ਆਪਣਾ ਵਿਆਹ ਇਸ ਤਰੀਕੇ ਨਾਲ ਕਰਵਾ ਲਵੇ। ਅੱਜ ਇਸ ਦ੍ਰਿੜ੍ਹ ਇੱਛਾ ਨੂੰ ਉਸ ਨੇ ਪੂਰਾ ਕੀਤਾ ਹੈ। ਵਿਆਹ ਦੌਰਾਨ ਆਨੰਦ ਕਾਰਜ ਮਗਰੋਂ ਨਵੀਂ ਵਿਆਹੀ ਜੋੜੀ ਨੇ ਪੈਲੇਸ ਵਿਚ ਤਰਕਸ਼ੀਲ ਸੁਸਾਇਟੀ ਵੱਲੋਂ ਲਗਾਈ ਗਈ ਸਟਾਲ ਤੋਂ 800 ਰੁਪਏ ਦੀਆਂ ਕਿਤਾਬਾਂ ਖ਼ਰੀਦੀਆਂ।
ਅਕਾਲੀ-ਭਾਜਪਾ ਗਠਜੋੜ ਟੁੱਟਣ 'ਤੇ 'ਗਰੇਵਾਲ' ਨੇ ਦਿੱਤਾ ਬਿਆਨ
NEXT STORY