ਨੇਪੀਅਰ/ਨਿਊਜ਼ੀਲੈਂਡ :ਫਰਸਟ-ਕਲਾਸ ਕ੍ਰਿਕਟ ਦੇ ਇਤਿਹਾਸ ਵਿੱਚ ਇੱਕ ਅਜਿਹਾ ਰਿਕਾਰਡ ਬਣਿਆ ਹੈ ਜਿਸ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਨਿਊਜ਼ੀਲੈਂਡ ਦੇ ਘਰੇਲੂ ਕ੍ਰਿਕਟ ਟੂਰਨਾਮੈਂਟ 'ਪਲੰਕੇਟ ਸ਼ੀਲਡ' ਵਿੱਚ ਸੈਂਟਰਲ ਡਿਸਟ੍ਰਿਕਟਸ ਦੇ ਤੇਜ਼ ਗੇਂਦਬਾਜ਼ ਬ੍ਰੇਟ ਰੈਂਡਲ ਨੇ ਲਗਾਤਾਰ 5 ਗੇਂਦਾਂ ਵਿੱਚ 5 ਵਿਕਟਾਂ ਲੈ ਕੇ ਇੱਕ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ।
ਕ੍ਰਿਕਟ ਦੇ 254 ਸਾਲਾਂ ਦੇ ਇਤਿਹਾਸ ਵਿੱਚ ਫਰਸਟ-ਕਲਾਸ ਪੱਧਰ 'ਤੇ ਅਜਿਹਾ ਪਹਿਲੀ ਵਾਰ ਹੋਇਆ ਹੈ। ਨੌਰਦਰਨ ਡਿਸਟ੍ਰਿਕਟਸ ਵਿਰੁੱਧ ਖੇਡੇ ਜਾ ਰਹੇ ਇਸ ਮੈਚ ਦੇ ਦੂਜੇ ਦਿਨ ਬ੍ਰੇਟ ਰੈਂਡਲ ਨੇ ਅਜਿਹੀ ਘਾਤਕ ਗੇਂਦਬਾਜ਼ੀ ਕੀਤੀ ਕਿ ਵਿਰੋਧੀ ਟੀਮ ਦਾ ਮਜ਼ਬੂਤ ਬੱਲੇਬਾਜ਼ੀ ਕ੍ਰਮ ਤਾਸ਼ ਦੇ ਪੱਤਿਆਂ ਵਾਂਗ ਖਿੱਲਰ ਗਿਆ। ਨੌਰਦਰਨ ਡਿਸਟ੍ਰਿਕਟਸ ਦੀ ਟੀਮ ਇੱਕ ਸਮੇਂ ਬਿਨਾਂ ਕਿਸੇ ਨੁਕਸਾਨ ਦੇ 4 ਦੌੜਾਂ 'ਤੇ ਸੀ, ਪਰ ਰੈਂਡਲ ਦੇ ਇੱਕ ਸਪੈੱਲ ਨੇ ਉਨ੍ਹਾਂ ਨੂੰ 9 ਦੌੜਾਂ 'ਤੇ 5 ਵਿਕਟਾਂ ਦੀ ਹਾਲਤ ਵਿੱਚ ਪਹੁੰਚਾ ਦਿੱਤਾ।
ਇਸ ਤਰ੍ਹਾਂ ਲਈਆਂ 5 ਵਿਕਟਾਂ
ਰੈਂਡਲ ਨੇ ਆਪਣੇ ਦੂਜੇ ਓਵਰ ਦੀ ਆਖਰੀ ਗੇਂਦ 'ਤੇ ਹੈਨਰੀ ਕੂਪਰ ਨੂੰ ਬੋਲਡ ਕਰਕੇ ਸ਼ੁਰੂਆਤ ਕੀਤੀ।
ਇਸ ਤੋਂ ਬਾਅਦ ਅਗਲੇ ਓਵਰ ਵਿੱਚ ਉਨ੍ਹਾਂ ਨੇ ਲਗਾਤਾਰ ਚਾਰ ਗੇਂਦਾਂ 'ਤੇ ਜੀਤ ਰਾਵਲ, ਜੋ ਕਾਰਟਰ (ਹੈਟ੍ਰਿਕ), ਰਾਬਰਟ ਓ'ਡੋਨਲ ਅਤੇ ਕ੍ਰਿਸਟਿਅਨ ਕਲਾਰਕ ਨੂੰ ਆਊਟ ਕਰਕੇ ਆਪਣੀਆਂ 5 ਗੇਂਦਾਂ ਵਿੱਚ 5 ਵਿਕਟਾਂ ਪੂਰੀਆਂ ਕੀਤੀਆਂ।
8 ਗੇਂਦਾਂ ਵਿੱਚ 6 ਵਿਕਟਾਂ ਦਾ ਵੀ ਰਿਕਾਰਡ
ਰੈਂਡਲ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਜਲਦੀ ਹੀ ਬੇਨ ਪੋਮਾਰੇ ਅਤੇ ਸਕੌਟ ਕੁਗਲੇਇਜਨ ਨੂੰ ਵੀ ਪੈਵਿਲੀਅਨ ਭੇਜ ਦਿੱਤਾ।
ਉਹ ਫਰਸਟ-ਕਲਾਸ ਕ੍ਰਿਕਟ ਵਿੱਚ 8 ਗੇਂਦਾਂ ਵਿੱਚ 6 ਵਿਕਟਾਂ ਲੈਣ ਵਾਲੇ ਦੁਨੀਆ ਦੇ ਪਹਿਲੇ ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਨੇ ਕੁੱਲ 11 ਓਵਰਾਂ ਵਿੱਚ ਸਿਰਫ਼ 25 ਦੌੜਾਂ ਦੇ ਕੇ 7 ਵਿਕਟਾਂ ਹਾਸਲ ਕੀਤੀਆਂ, ਜਿਸ ਕਾਰਨ ਨੌਰਦਰਨ ਡਿਸਟ੍ਰਿਕਟਸ ਦੀ ਪੂਰੀ ਟੀਮ ਸਿਰਫ਼ 82 ਦੌੜਾਂ 'ਤੇ ਸਿਮਟ ਗਈ।
ਰੈਂਡਲ ਖੁਦ ਵੀ ਰਹਿ ਗਏ ਹੈਰਾਨ
ਆਪਣੇ ਇਸ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਬ੍ਰੇਟ ਰੈਂਡਲ ਨੇ ਕਿਹਾ ਕਿ ਉਹ ਖੁਦ ਵੀ ਇਸ ਉਪਲਬਧੀ ਤੋਂ ਹੈਰਾਨ ਹਨ ਅਤੇ ਉਨ੍ਹਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਇਹ ਸਭ ਸੱਚਮੁੱਚ ਹੋਇਆ ਹੈ। ਜ਼ਿਕਰਯੋਗ ਹੈ ਕਿ ਟੀਮ ਦੇ ਮੁੱਖ ਗੇਂਦਬਾਜ਼ਾਂ ਦੇ ਜ਼ਖਮੀ ਹੋਣ ਕਾਰਨ ਰੈਂਡਲ ਨੂੰ ਇਸ ਮੈਚ ਵਿੱਚ ਖੇਡਣ ਦਾ ਮੌਕਾ ਮਿਲਿਆ ਸੀ।
ਫਾਈਨਲ ਤੋਂ ਪਹਿਲਾਂ ਜਯਾ ਕਿਸ਼ੋਰੀ ਨੇ ਭਾਰਤ ਦੀ ਜਿੱਤ ਦੀ ਕੀਤੀ ਕਾਮਨਾ, ਟੀਮ ਦੀ ਰੱਜ ਕੇ ਕੀਤੀ ਸ਼ਲਾਘਾ
NEXT STORY