ਅੰਮ੍ਰਿਤਸਰ (ਸਰਬਜੀਤ) : ਸਿੱਖ ਗੁਰਦੁਆਰਾ ਜੁਡੀਸ਼ੀਅਲ ਕੋਰਟ ਵੱਲੋਂ ਅੱਜ ਇਕ ਅਹਿਮ ਫ਼ੈਸਲਾ ਲੈਂਦਿਆਂ ਸਾਲ 2013 'ਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਨਜ਼ਦੀਕ ਖਰੀਦੀ 19 ਮਰਲੇ ਜਗ੍ਹਾ ਦੇ ਮਾਮਲੇ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਮੈਨੇਜਰ ਸੁਖਵਿੰਦਰ ਸਿੰਘ ਗਰੇਵਾਲ, ਸਹਾਇਕ ਸਾਬਕਾ ਮੈਨੇਜਰ ਹਰਜਿੰਦਰ ਸਿੰਘ, ਮੁਲਾਜ਼ਮ ਕਰਮਜੀਤ ਸਿੰਘ, ਰਾਮ ਸਿੰਘ ਲੰਗਰ ਇੰਚਾਰਜ, ਮੇਜਰ ਸਿੰਘ ਮੁਲਾਜ਼ਮ ਐੱਸ.ਜੀ.ਪੀ.ਸੀ., ਰਣਜੀਤ ਸਿੰਘ ਸਾਰੇ ਮੁਲਾਜ਼ਮ ਐੱਸ.ਜੀ.ਪੀ.ਸੀ. ਅਤੇ ਦਰਸ਼ਨ ਸਿੰਘ ਹਰਜਿੰਦਰ ਸਿੰਘ, ਮਨਪ੍ਰੀਤ ਸਿੰਘ, ਬਲਵਿੰਦਰ ਕੌਰ ਤੇ ਕੁਲਦੀਪ ਸਿੰਘ ਇਨ੍ਹਾਂ ਸਾਰਿਆਂ ਦੇ ਖ਼ਿਲਾਫ਼ 2013 'ਚ ਗੁਰੂ ਕੀ ਗੋਲਕ 'ਚੋਂ ਲੁੱਟੀ ਰਕਮ 2 ਕਰੋੜ ਰੁਪਏ 6 ਫ਼ੀਸਦੀ ਸਮੇਤ ਵਿਆਜ ਵਸੂਲ ਕਰਨ ਲਈ ਆਦੇਸ਼ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਕਿਸਾਨ ਦਾ ਕਰਜ਼ਾ ਵਾਪਸ ਲੈਣ ਤੋਂ ਇਨਕਾਰ ਕਰਨ 'ਤੇ ਕਿਸਾਨਾਂ ਨੇ ਘੇਰਿਆ ਬੈਂਕ
ਇਹ ਜਾਣਕਾਰੀ ਸਾਂਝੀ ਕਰਦਿਆਂ ਲੋਕ ਭਲਾਈ ਇਨਸਾਫ਼ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ 2013 'ਚ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ, ਸੁਖਦੇਵ ਸਿੰਘ ਭੌਰ, ਕੇਵਲ ਸਿੰਘ ਬਾਦਲ, ਰਜਿੰਦਰ ਸਿੰਘ ਮਹਿਤਾ, ਨਿਰਮਲ ਸਿੰਘ ਜੌੜਾ ਕਲਾਂ ਤੇ ਕਰਨੈਲ ਸਿੰਘ ਪੰਜੋਲੀ, ਰਘੂਜੀਤ ਸਿੰਘ ਵਿਰਕ, ਕਿਰਪਾਲ ਸਿੰਘ ਬਡੂੰਗਰ, ਚੀਫ਼ ਸਕੱਤਰ ਹਰਚਰਨ ਸਿੰਘ, ਸਕੱਤਰ ਦਿਲਮੇਘ ਸਿੰਘ, ਸੂਬਾ ਸਿੰਘ ਡੱਬਵਾਲੀ, ਰਾਮਪਾਲ ਸਿੰਘ ਬੈਨੀਵਾਲ, ਗੁਰਬਚਨ ਸਿੰਘ ਕਰਮੂੰਵਾਲਾ, ਦਿਆਲ ਸਿੰਘ ਕੋਲਿਆਂਵਾਲੀ, ਭਜਨ ਸਿੰਘ ਸ਼ੇਰਗਿੱਲ, ਸੁਰਜੀਤ ਸਿੰਘ ਗਹਿਰੀ, ਨਿਰਮਲ ਸਿੰਘ ਜੌਹਲ ਕਲਾਂ, ਮੰਗਲ ਸਿੰਘ, ਐਗਜ਼ੈਕਟਿਵ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਮਸਲਾਹ ਹੋ ਕੇ ਉਕਤ 19 ਮਰਲੇ ਜਗ੍ਹਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਨਜ਼ਦੀਕ ਹਰਜਿੰਦਰ ਸਿੰਘ ਸਹਾਇਕ ਮੈਨੇਜਰ ਦੇ ਨਾਂ 'ਤੇ ਖਰੀਦ ਕੇ ਕੁਝ ਮਹੀਨਿਆਂ ਬਾਅਦ 70 ਲੱਖ ਰੁਪਏ ‘ਚ ਖਰੀਦੀ ਜਗ੍ਹਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਾਂ 2 ਕਰੋੜ 70 ਲੱਖ ਰੁਪਏ ‘ਚ ਰਜਿਸਟਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਵੱਲੋਂ ਇਸ ਤਰ੍ਹਾਂ ਇਕ ਬਹੁਤ ਵੱਡਾ ਘਪਲਾ ਕਰਕੇ ਗੁਰੂ ਕੀ ਗੋਲਕ 'ਚੋਂ 2 ਕਰੋੜ ਰੁਪਏ ਲੁੱਟ ਕੇ ਬਾਂਦਰ ਵੰਡ ਰਾਹੀਂ ਆਪਣੀਆਂ ਜੇਬਾਂ ਗਰਮ ਕੀਤੀਆਂ ਗਈਆਂ।
ਇਹ ਵੀ ਪੜ੍ਹੋ : ਭਾਬੀ ਨੇ ਦਿਓਰ ’ਤੇ ਲਾਇਆ ਕੁੱਟਮਾਰ ਤੇ ਜਬਰੀ ਸਰੀਰਕ ਸਬੰਧ ਬਣਾਉਣ ਦਾ ਦੋਸ਼, ਕਮਰੇ ’ਚੋਂ ਸਾਮਾਨ ਵੀ ਹੋਇਆ ਚੋਰੀ
ਜਥੇਦਾਰ ਬਲਦੇਵ ਸਿੰਘ ਸਿਰਸਾ ਨੇ ਅੱਗੇ ਦੱਸਿਆ ਕਿ ਮੇਰੇ ਰਾਹੀਂ ਸਾਡੀ ਸੰਸਥਾ ਵੱਲੋਂ ਉਕਤ ਘਪਲਾ ਦੇ ਸਬੰਧ ‘ਚ ਸਾਰੇ ਦਸਤਾਵੇਜ਼ ਲੈ ਕੇ ਆਪਣੇ ਵਕੀਲ ਐੱਮ.ਐੱਸ. ਰੰਧਾਵਾ ਦੇ ਰਾਹੀਂ ਉਕਤ ਸਮੂਹ ਦੋਸ਼ੀਆਂ ਦੇ ਖ਼ਿਲਾਫ਼ ਸਿੱਖ ਗੁਰਦੁਆਰਾ ਜੁਡੀਸ਼ੀਅਲ ਕੋਰਟ ਵਿੱਚ ਕੇਸ ਕੀਤਾ ਗਿਆ ਸੀ ਤੇ ਅੱਜ ਗੁਰਦੁਆਰਾ ਜੁਡੀਸ਼ੀਅਲ ਕੋਰਟ ਵੱਲੋਂ ਇਸ ਕੇਸ ਦਾ ਫ਼ੈਸਲਾ ਕਰਦਿਆਂ ਪਹਿਲਾਂ 13 ਦੋਸ਼ੀਆਂ ਤੋਂ 2 ਕਰੋੜ ਰੁਪਏ ਸਮੇਤ 6 ਫ਼ੀਸਦੀ ਵਿਆਜ ਰਾਹੀਂ ਗੁਰੂ ਕੀ ਗੋਲਕ 'ਚ ਜਮ੍ਹਾ ਕਰਵਾਉਣ ਦੇ ਆਰਡਰ ਕੀਤੇ ਗਏ ਹਨ ਅਤੇ ਇਸ ਜਗ੍ਹਾ ਨੂੰ ਖਰੀਦਣ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 4 ਮੈਂਬਰੀ ਕਮੇਟੀ ਜਿਸ ਵਿੱਚ ਸੁਖਦੇਵ ਸਿੰਘ ਭੌਰ, ਰਜਿੰਦਰ ਸਿੰਘ ਮਹਿਤਾ, ਕੇਵਲ ਸਿੰਘ ਅਤੇ ਨਿਰਮਲ ਸਿੰਘ ਜੌਹਲਾਂ ਕਲਾਂ ਦੇ ਖ਼ਿਲਾਫ਼ ਫ਼ੈਸਲਾ ਸੁਣਾਉਂਦਿਆਂ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਕੀਤਾ ਗਿਆ ਕਿ ਇਨ੍ਹਾਂ ਚਾਰਾਂ ਦੋਸ਼ੀਆਂ ਵੱਲੋਂ ਬੇਈਮਾਨੀ ਅਤੇ ਹੇਰਾਫੇਰੀ ਕਰਨ ਦੀ ਨੀਅਤ ਨਾਲ ਰਿਪੋਰਟ ਪੇਸ਼ ਕਰਨ 'ਤੇ ਹੀ ਇਹ ਘਪਲਾ ਹੋਇਆ, ਜਿਸ ਕਰਕੇ ਇਨ੍ਹਾਂ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਕਰਕੇ 1 ਮਹੀਨੇ ਦੇ ਅੰਦਰ-ਅੰਦਰ ਰਿਪੋਰਟ ਸਿੱਖ ਗੁਰਦੁਆਰਾ ਜੁਡੀਸ਼ੀਅਲ ਕੋਰਟ ਵਿੱਚ ਪੇਸ਼ ਕੀਤੀ ਜਾਵੇ। ਜਥੇਦਾਰ ਸਿਰਸਾ ਨੇ ਇਹ ਵੀ ਕਿਹਾ ਕਿ ਉਕਤ ਦੋਸ਼ੀਆਂ ਅਤੇ ਅਦਾਲਤ ਵੱਲੋਂ ਕੁਝ ਛੱਡੇ ਗਏ ਦੋਸ਼ੀਆਂ ਖ਼ਿਲਾਫ਼ ਪੁਲਸ ਪਰਚਾ ਦਰਜ ਕਰਵਾਉਣ ਲਈ ਆਪਣੇ ਵਕੀਲਾਂ ਨਾਲ ਸਲਾਹ ਕੀਤੀ ਜਾਵੇਗੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਨਵਜੋਤ ਸਿੱਧੂ ਦੇ ਪੁੱਤਰ ਕਰਨ ਸਿੱਧੂ ਦਾ ਵੱਡਾ ਬਿਆਨ, ਦੱਸਿਆ ਕਦੋਂ ਹੋਵੇਗੀ ਜੇਲ੍ਹ 'ਚੋਂ ਰਿਹਾਈ
NEXT STORY