ਜਲੰਧਰ (ਚੋਪੜਾ)— 2019 ਦੀਆਂ ਲੋਕ ਸਭਾ ਚੋਣਾਂ 'ਚ ਜਲੰਧਰ ਹਲਕੇ 'ਚ ਟਿਕਟਾਂ ਦੀ ਨੂੰ ਲੈ ਕੇ ਦੋਆਬਾ ਦੀ ਦਲਿਤ ਰਾਜਨੀਤੀ 'ਚ ਦਬਦਬਾ ਰੱਖਣ ਵਾਲੇ ਸਾਬਕਾ ਸੰਸਦ ਮੈਂਬਰ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਮੋਹਿੰਦਰ ਸਿੰਘ ਕੇ. ਪੀ. ਅਤੇ ਸੰਸਦ ਮੈਂਬਰ ਸੰਤੋਖ ਚੌਧਰੀ ਆਹਮੋ-ਸਾਹਮਣੇ ਆ ਗਏ ਹਨ। ਸਾਬਕਾ ਸੰਸਦ ਮੈਂਬਰ ਕੇ. ਪੀ. ਹਾਈਕਮਾਨ ਦੇ ਫੈਸਲੇ ਤੋਂ ਇੰਨੇ ਨਾਰਾਜ਼ ਹਨ ਕਿ ਉਨ੍ਹਾਂ ਕਾਂਗਰਸ ਵੱਲੋਂ ਉਨ੍ਹਾਂ ਦਾ ਸਿਆਸੀ ਕਤਲ ਕੀਤੇ ਜਾਣ ਦਾ ਸਖਤ ਬਿਆਨ ਦੇ ਦਿੱਤਾ ਹੈ। ਉਨ੍ਹਾਂ ਤਾਂ ਆਜ਼ਾਦ ਤੌਰ 'ਤੇ ਚੋਣ ਲੜਣ ਦੇ ਵੀ ਸੰਕੇਤ ਦਿੱਤੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਨੇ ਉਨ੍ਹਾਂ 'ਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਹਨ ਤਾਂ ਕਿ ਕੇ. ਪੀ. ਨੂੰ ਅਕਾਲੀ ਦਲ 'ਚ ਸ਼ਾਮਲ ਕਰਵਾ ਕੇ ਚੋਣ ਲੜਵਾਈ ਜਾਵੇ। ਇਹ ਵੀ ਕਿਹਾ ਜਾ ਰਿਹਾ ਅਕਾਲੀ ਉਮੀਦਵਾਰ ਚਰਨਜੀਤ ਅਟਵਾਲ ਨੂੰ ਕਿਸੇ ਹੋਰ ਹਲਕੇ 'ਚ ਸ਼ਿਫਟ ਕਰਕੇ ਕੇ. ਪੀ. ਨੂੰ ਚੌਧਰੀ ਦੇ ਮੁਕਾਬਲੇ ਉਤਾਰਿਆ ਜਾ ਸਕਦਾ ਹੈ।
'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਮੋਹਿੰਦਰ ਸਿੰਘ ਕੇ. ਪੀ. ਨੇ ਚੌਧਰੀ 'ਤੇ ਵਰਦਿਆਂ ਕਿਹਾ ਕਿ ਪਾਰਟੀ ਨੇ ਸ਼ਹੀਦ ਪਰਿਵਾਰ ਨੂੰ ਸਿਰਫ ਇਕ ਟਿਕਟ ਦਿੱਤੀ ਪਰ ਉਹ ਵੀ ਕਟ ਲਈ ਜਦਕਿ ਚੌਧਰੀ ਪਰਿਵਾਰ ਕੋਲ 3-3 ਟਿਕਟਾਂ ਹਨ। ਸਵ. ਚੌਧਰੀ ਜਗਜੀਤ ਸਿੰਘ ਨੂੰ ਡਿਪਟੀ ਸੀ. ਐੱਮ. ਬਣਾਇਆ, ਸੰਤੋਖ ਚੌਧਰੀ ਨੂੰ ਪਹਿਲਾਂ ਮੰਤਰੀ ਅਤੇ ਫਿਰ ਸੰਸਦ ਮੈਂਬਰੀ ਦਿੱਤੀ, ਉਨ੍ਹਾਂ ਦੇ ਪੁੱਤਰ ਬਿਕਰਮਜੀਤ ਚੌਧਰੀ ਨੂੰ ਫਿਲੌਰ ਅਤੇ ਭਤੀਜੇ ਨੂੰ ਕਰਤਾਰਪੁਰ ਤੋਂ ਟਿਕਟ ਮਿਲੀ। ਸਾਡੇ ਪਰਿਵਾਰ ਨੂੰ ਜੋ ਹੱਕ ਮਿਲੇ ਉਹ ਚੌਧਰੀ ਪਰਿਵਾਰ ਦੀ ਮਿਹਰਬਾਨੀ ਨਾਲ ਨਹੀਂ ਸਗੋਂ ਕਾਂਗਰਸ ਪਾਰਟੀ ਦੀ ਮਿਹਰਬਾਨੀ ਨਾਲ ਮਿਲੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡਾ ਪਰਿਵਾਰ 70 ਸਾਲਾਂ ਤੱਕ ਕਾਂਗਰਸ ਨੂੰ ਸਮਰਪਿਤ ਰਿਹਾ ਹੈ। 1992 'ਚ ਪਿਤਾ ਦਰਸ਼ਨ ਸਿੰਘ ਕੇ. ਪੀ. ਨੇ ਪਾਰਟੀ ਨੂੰ ਸੇਵਾਵਾਂ ਦਿੰਦੇ ਹੋਏ ਅੱਤਵਾਦ ਵਿਰੁੱਧ ਲੜਾਈ 'ਚ ਆਪਣੀ ਸ਼ਹਾਦਤ ਦਿੱਤੀ। 27 ਸਾਲਾਂ ਦੀ ਉਮਰ 'ਚ ਵਿਧਾਇਕ ਬਣਨ ਤੋਂ ਬਾਅਦ ਮੈਂ ਆਪਣੀ ਸਾਰੀ ਜਵਾਨੀ ਰਾਜਨੀਤੀ ਅਤੇ ਕਾਂਗਰਸ ਨੂੰ ਸਮਰਪਿਤ ਕੀਤੀ। ਅੱਜ ਕਾਂਗਰਸ 'ਚ ਟਕਸਾਲੀ ਲੀਡਰਾਂ ਨੂੰ ਨੁੱਕਰੇ ਲਗਾਉਣ ਦਾ ਰੁਝਾਣ ਬੇਹੱਦ ਖਤਰਨਾਕ ਹੈ।
ਕੇ. ਪੀ. ਨੇ ਕਿਹਾ ਕਿ 2014 'ਚ ਸਿਟਿੰਗ ਸੰਸਦ ਮੈਂਬਰ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਪਾਰਟੀ ਨੇ ਜਲੰਧਰ ਦੀ ਬਜਾਏ ਹੁਸ਼ਿਆਰਪੁਰ ਤੋਂ ਚੋਣ ਲੜਵਾਉਣੀ ਚਾਹੀ। ਪਾਰਟੀ ਦਾ ਹੁਕਮ ਮੰਨਦੇ ਹੋਏ ਮੈਂ ਇਸ ਲਈ ਰਜਾਮੰਦ ਹੋ ਗਿਆ। ਉਸ ਸਮੇਂ ਦੇਸ਼ 'ਚ ਮੋਦੀ ਦੀ ਲਹਿਰ ਚੱਲ ਰਹੀ ਸੀ ਅਤੇ ਕਾਂਗਰਸ 545 'ਚੋਂ 500 ਸੀਟਾਂ ਹਾਰ ਗਈ ਸੀ। ਹੁਣ ਮੇਰਾ ਦਾਅਵਾ ਸਿਰਫ ਜਲੰਧਰ ਤੋਂ ਬਣਦਾ ਹੈ, ਪਾਰਟੀ ਦੇ ਸਾਹਮਣੇ ਮੇਰਾ ਤਰਕ ਸੀ ਕਿ ਮੌਜੂਦਾ ਸੰਸਦ ਮੈਂਬਰ ਦੀ ਪਰਫਾਰਮੈਂਸ ਸਹੀ ਨਹੀਂ ਹੈ ਪਰ ਦੁੱਖ ਦੀ ਗੱਲ ਹੈ ਕਿ ਕਾਂਗਰਸ ਵੱਲੋਂ ਕਰਵਾਏ ਸਾਰੇ ਸਰਵੇ ਦੀਆਂ ਰਿਪੋਰਟਾਂ, ਸੋਸ਼ਲ ਮੀਡੀਆ ਦੇ ਅੰਕੜਿਆਂ ਅਤੇ ਚੰਡੀਗੜ੍ਹ 'ਚ ਵਿਧਾਇਕਾਂ, ਜ਼ਿਲਾ ਪ੍ਰਧਾਨਾਂ ਅਤੇ ਅਹੁਦੇਦਾਰਾਂ ਤੋਂ ਪੁਆਈਆਂ ਪਰਚੀਆਂ, ਲੋਕਾਂ ਦੀ ਰਾਏ ਨੂੰ ਪੂਰੀ ਤਰ੍ਹਾਂ ਨਾਲ ਨਜ਼ਰਅੰਦਾਜ਼ ਕਰਕੇ ਸੰਤੋਖ ਚੌਧਰੀ ਨੂੰ ਟਿਕਟ ਦੇ ਦਿੱਤੀ। ਉਨ੍ਹਾਂ ਕਿਹਾ ਕਿ ਕਾਂਗਰਸ 'ਚ ਉਮੀਦਵਾਰ ਫਾਈਨਲ ਕਰਨ ਦੀ ਇਕ ਪ੍ਰਕਿਰਿਆ ਹੁੰਦੀ ਹੈ, ਜਿਸ ਤੋਂ ਬਾਅਦ ਹਾਈਕਮਾਨ ਹਰੇਕ ਟਿਕਟ 'ਤੇ ਉਮੀਦਵਾਰ ਬਾਰੇ ਆਖਰੀ ਫੈਸਲਾ ਲੈਂਦਾ ਹੈ। ਜੇ ਪਾਰਟੀ ਨੇ ਸੀਟਿੰਗ ਐੱਮ. ਪੀ. ਨੂੰ ਹੀ ਟਿਕਟ ਦੇਣੀ ਸੀ ਤਾਂ ਮੈਂ ਵੀ ਹੁਸ਼ਿਆਰਪੁਰ ਤੋਂ ਹਲਕਾ ਇੰਚਾਰਜ ਸੀ। 2014 'ਚ ਸੀਟਿੰਗ ਹੋਣ ਦੇ ਬਾਵਜੂਦ ਪਾਰਟੀ ਨੇ ਮੈਨੂੰ ਹੁਸ਼ਿਆਰਪੁਰ ਤੋਂ ਚੋਣ ਲੜਨ ਲਈ ਕਿਹਾ ਸੀ। ਉਥੋਂ ਦਾ ਦਾਅਵਾ ਪਾਰਟੀ ਨੇ ਨਜ਼ਰਅੰਦਾਜ਼ ਕੀਤਾ। ਜਦ ਮੈਂ ਪਾਰਟੀ ਦਾ ਹੁਕਮ ਮੰਨਿਆ ਉਦੋਂ ਦੇਸ਼ 'ਚ ਮੋਦੀ ਲਹਿਰ ਕਾਰਨ ਕਾਂਗਰਸ ਹਾਰ ਗਈ ਸੀ।
ਉਨ੍ਹਾਂ ਕਿਹਾ ਕਿ ਟਿਕਟ ਕੱਟਣ ਨਾਲ ਮੇਰੇ ਪਰਿਵਾਰ ਅਤੇ ਸਮਰਥਕਾਂ 'ਚ ਕਾਫੀ ਰੋਸ ਹੈ। ਜੇ ਸਮਰਥਕਾਂ ਅਤੇ ਪਰਿਵਾਰ ਨੇ ਚਾਹਿਆ ਤਾਂ ਆਪਣਾ ਵਜੂਦ ਬਚਾਉਣ ਲਈ ਮੈਂ ਕੁਝ ਵੱਡਾ ਜ਼ਰੂਰ ਕਰਾਂਗਾ। ਹਾਈਕਮਾਨ ਨੂੰ ਚਾਹੀਦਾ ਹੈ ਕਿ ਉਹ ਸੰਸਦ ਮੈਂਬਰ ਚੌਧਰੀ ਦੀ ਟਿਕਟ 'ਤੇ ਮੁੜ ਵਿਚਾਰ ਕਰੇ। ਅਕਾਲੀ ਦਲ 'ਚ ਸ਼ਾਮਲ ਹੋਣ ਬਾਰੇ ਕੇ. ਪੀ. ਨੇ ਕਿਹਾ ਕਿ ਮੇਰਾ ਪਿਛੋਕੜ ਕਾਂਗਰਸੀ ਹੈ ਅਤੇ ਅਕਾਲੀ ਦਲ ਆਪਣਾ ਉਮੀਦਵਾਰ ਐਲਾਨ ਚੁੱਕਾ ਹੈ, ਇਸ ਲਈ ਕੁਝ ਕਰ ਸਕਣਾ ਸੰਭਵ ਨਹੀਂ ਹੈ। ਮੈਂ ਇਕ-ਦੋ ਦਿਨਾਂ 'ਚ ਆਪਣੇ ਸਮਰਥਕਾਂ ਨਾਲ ਗੱਲਬਾਤ ਕਰਾਂਗਾ ਅਤੇ ਜਿਵੇਂ ਉਹ ਕਹਿਣਗੇ, ਉਵੇਂ ਕਰਾਂਗਾ। ਅੱਜ ਕਾਂਗਰਸ 'ਚ ਅਮੀਰ ਲੋਕ ਦਾਖਲ ਹੋ ਰਹੇ ਹਨ। ਪਾਰਟੀ 'ਚ ਪੈਸੇ ਦਾ ਬੋਲਬਾਲਾ ਹੈ ਅਤੇ ਬਦਲੇ ਹੋਏ ਸਮਾਜਿਕ ਅਤੇ ਆਰਥਿਕ ਹਾਲਾਤ ਦਾ ਪਾਰਟੀ 'ਤੇ ਅਸਰ ਪੈ ਸਕਦ ਹੈ। ਕੇ. ਪੀ. ਨੇ ਕਿਹਾ ਕਿ ਕਾਂਗਰਸ 'ਚ ਦਲਿਤ ਭਾਈਚਾਰੇ ਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਅਤੇ ਇਸ ਦਾ ਮੈਨੂੰ ਅਫਸੋਸ ਹੈ। ਉਨ੍ਹਾਂ ਕਿਹਾ ਕਿ ਜਲੰਧਰ ਮੇਰਾ ਕਰਮ-ਖੇਤਰ ਹੈ ਅਤੇ ਮੈਂ ਜਲੰਧਰ ਤੋਂ ਰਾਜਨੀਤੀ ਕਰਨੀ ਹੈ ਅਤੇ ਹੋਰ ਕਿਤੇ ਨਹੀਂ ਜਾਣਾ।
ਗਠਜੋੜ 'ਤੇ ਬੋਲੇ ਭਗਵੰਤ ਮਾਨ, ਰਾਹੁਲ ਡਰਾਮਾ ਕਰ ਰਹੇ ਹਨ
NEXT STORY