ਚੰਡੀਗੜ੍ਹ,(ਰਮਨਜੀਤ)-ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਕੈਪਟਨ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰਦੇ ਹੋਏ ਦੋਸ਼ ਲਾਇਆ ਕਿ ਕੈਪਟਨ ਨੇ ਸ਼ਾਮ 6 ਵਜੇ ਤੋਂ 10 ਵਜੇ ਤੱਕ 2 ਰੁਪਏ ਪ੍ਰਤੀ ਯੂਨਿਟ ਵਾਧਾ ਕਰਨ ਦੇ ਨਾਲ-ਨਾਲ ਰਾਤ ਨੂੰ ਸਸਤੀ ਬਿਜਲੀ ਦੇਣ 'ਤੇ ਵੀ ਕੱਟ ਲਗਾ ਕੇ ਸੂਬੇ ਦੇ ਉਦਯੋਗਪਤੀਆਂ ਨਾਲ ਧੋਖਾ ਕੀਤਾ ਹੈ। ਜਿਸ ਦਾ ਖਮਿਆਜ਼ਾ ਕੈਪਟਨ ਨੂੰ ਵਿਧਾਨ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਕਾਰਣ ਉਦਯੋਗਪਤੀ ਪਹਿਲਾਂ ਹੀ ਬੁਰੀ ਹਾਲਤ 'ਚ ਪੁੱਜ ਚੁੱਕੇ ਹਨ ਅਤੇ ਸਰਕਾਰ ਨੇ ਬਿਜਲੀ ਦਰਾਂ ਵਿਚ ਵਾਧਾ ਕਰਕੇ ਪਹਿਲਾਂ ਹੀ ਸਹਿਕ ਰਹੀ ਇੰਡਸਟਰੀ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ।
ਬੈਂਸ ਨੇ ਕਿਹਾ ਕਿ ਪਹਿਲਾਂ ਫੈਕਟਰੀਆਂ ਅਤੇ ਇੰਡਸਟਰੀ ਵਾਲਿਆਂ ਨੂੰ ਰਾਤ ਵੇਲੇ ਸਸਤੀ ਬਿਜਲੀ ਮੁਹੱਈਆ ਕਰਵਾਈ ਜਾਂਦੀ ਸੀ, ਜਿਸ ਨੂੰ ਵਾਪਸ ਲੈ ਲਿਆ ਗਿਆ ਹੈ, ਦੂਜੇ ਪਾਸੇ ਸ਼ਾਮ ਵੇਲੇ 6 ਵਜੇ ਤੋਂ ਰਾਤ 10 ਵਜੇ ਤੱਕ ਪ੍ਰਤੀ ਯੂਨਿਟ 2 ਰੁਪਏ ਦਾ ਵਾਧਾ ਕਰਕੇ ਸੂਬੇ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਵਿਸ਼ੇਸ਼ ਕਰਕੇ ਲੁਧਿਆਣਾ, ਗੋਬਿੰਦਗੜ੍ਹ ਅਤੇ ਹੋਰਨਾਂ ਥਾਵਾਂ ਤੇ ਲੱਗੀਆਂ ਇੰਡਸਟਰੀਆਂ ਅਤੇ ਫੈਕਟਰੀ ਮਾਲਕਾਂ ਦਾ ਗਲਾ ਘੁੱਟ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਵੀ ਵਧੇਰੇ ਹੈਰਾਨੀਜਨਕ ਇਹ ਹੈ ਕਿ ਸੱਤਾ ਵਿਚ ਆਉਣ ਮੌਕੇ ਇੰਡਸਟਰੀ ਮਾਲਕਾਂ ਨੂੰ ਕੈਪਟਨ ਨੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾਵੇਗੀ ਪਰ ਕੈਪਟਨ ਸਰਕਾਰ ਨੇ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦੀ ਬਜਾਏ ਟੈਰਿਫ਼-2 ਪਲਾਨ ਲਾਗੂ ਕਰ ਦਿੱਤਾ, ਜੋ ਦੇਖਣ ਨੂੰ ਤਾਂ ਫੈਕਟਰੀ ਮਾਲਿਕਾਂ ਨੂੰ ਸਹੀ ਲੱਗਿਆ ਪਰ ਜਦੋਂ ਇਸ ਦੀ ਘੋਖ ਕੀਤੀ ਗਈ ਤਾਂ ਘੁੰਮ-ਘੁੰਮਾ ਕੇ ਗੱਲ ਉੱਥੇ ਹੀ ਆ ਗਈ ਅਤੇ ਜਦੋਂ ਹਿਸਾਬ ਕਿਤਾਬ ਲਗਾਇਆ ਤਾਂ ਸਾਫ਼ ਹੋਇਆ ਕਿ ਇਹ ਯੂਨਿਟ 10 ਰੁਪਏ ਪ੍ਰਤੀ ਯੂਨਿਟ ਤੋਂ ਵੀ ਉਪਰ ਤਕ ਬਣ ਜਾਂਦਾ ਹੈ। ਵਿਧਾਇਕ ਬੈਂਸ ਨੇ ਕਾਂਗਰਸ ਸਰਕਾਰ ਨੂੰ ਇਹ ਸਾਰੇ ਕੀਤੇ ਗਏ ਵਾਧੇ ਵਾਪਸ ਲੈਣ ਦੀ ਚੇਤਾਵਨੀ ਦਿੰਦਿਆਂ ਸੂਬੇ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਗੁਫਾ ਵਿਚੋਂ ਜਦੋਂ ਬਾਹਰ ਆਉਂਦੇ ਹਨ ਤਾਂ ਉਨ੍ਹਾਂ ਦੇ ਅਧਿਕਾਰੀ ਜੋ ਕਹਿੰਦੇ ਹਨ, ਉਹ ਕੈਪਟਨ ਸਾਹਿਬ ਪੁੱਠੇ ਸਿੱਧੇ ਬਿਆਨ ਦਾਗ ਦਿੰਦੇ ਹਨ, ਜਦੋਂ ਕਿ ਅਸਲ ਵਿਚ ਅੱਜ ਸਰਕਾਰ ਅਫ਼ਸਰਸ਼ਾਹੀ ਚਲਾ ਰਹੀ ਹੈ ਅਤੇ ਜਿਸ ਤਰ੍ਹਾਂ ਚਾਹੁੰਦੀ ਹੈ, ਉਸੇ ਤਰ੍ਹਾਂ ਨਾਲ ਬਿਆਨ ਦੇਣ ਲਈ ਕਿਹਾ ਜਾ ਰਿਹਾ ਹੈ। ਜਿਸ ਤੋਂ ਸਾਫ਼ ਹੈ ਕਿ ਕੈਪਟਨ ਸੂਬੇ ਨੂੰ ਤਬਾਹ ਕਰਨ ਤੇ ਤੁਲੇ ਹੋਏ ਹਨ, ਜਿਸ ਦੀ ਸੱਚਾਈ ਸੂਬੇ ਦੇ ਲੋਕ ਭਲੀ ਭਾਂਤੀ ਜਾਣ ਚੁੱਕੇ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਕਾਂਗਰਸ ਨੂੰ ਮੂੰਹ ਦੀ ਖਾਣੀ ਪਵੇਗੀ।
ਪੰਜਾਬ 'ਚ ਜਾਰੀ ਰਹੇਗਾ ਰਾਤ ਦਾ ਕਰਫਿਊ, 5 ਅਗਸਤ ਤੋਂ ਖੁੱਲ੍ਹਣਗੇ ਜਿਮ ਤੇ ਯੋਗਾ ਸੈਂਟਰ
NEXT STORY